ਚੰਡੀਗੜ੍ਹ: ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਪਿੱਛੇ ਬੀਬੀ ਜਗੀਰ ਕੌਰ ਨੇ ਵੱਡੀ ਸਾਜਿਸ਼ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਜਿਸ ਬਾਰੇ ਸ਼ਾਇਦ ਕੋਈ ਸੋਚ ਵੀ ਨਹੀਂ ਸਕਦਾ ਅਤੇ ਝੱਲ ਵੀ ਨਹੀਂ ਸਕਦਾ।
ਉਨ੍ਹਾਂ ਕਿਹਾ ਕਿ ਇਹ ਅਤਿ ਦੁਖਦਾਈ ਘਟਨਾ ਉਥੇ ਵਾਪਰੀ ਹੈ, ਜਿਥੇ ਦੁਨੀਆ ਭਰ ਦੇ ਲੋਕਾਂ ਦਾ ਭਲਾ ਸੁਣਿਆ ਜਾਂਦਾ ਹੈ ਅਤੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਜਾਂਦੀ ਹੈ, ਸਰਬਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਇਥੋਂ ਤੱਕ ਕਿ ਹਰ ਧਰਮ ਦੇ ਲੋਕ ਉਥੇ ਆ ਕੇ ਆਪਣਾ ਸੀਸ ਨਿਵਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਕੁੱਝ ਸਕਿੰਟਾਂ ਵਿੱਚ ਹੀ ਘਟਨਾ ਵਾਪਰੀ, ਜਿਸ ਪਿੱਛੇ ਇੱਕ ਬਹੁਤ ਡੂੰਘੀ ਅਤੇ ਵੱਡੀ ਸਾਜਿਸ਼ ਹੈ।
ਉਨ੍ਹਾਂ ਕਿਹਾ ਕਿ ਇਹ ਘਟਨਾ ਕੋਈ ਕੁੱਝ ਸਕਿੰਟਾਂ, ਜਾਂ ਇੱਕ-ਦੋ ਦਿਨਾਂ ਦੀ ਗੱਲ ਨਹੀਂ ਹੈ। ਘਟਨਾ ਕਰਨ ਵਾਲੇ ਮੁਲਜ਼ਮ ਦੇ ਪਿੱਛੇ ਕੋਈ ਵੱਡੀ ਤਾਕਤ ਹੈ ਤਾਂ ਹੀ ਉਹ ਅਜਿਹੀ ਹਰਕਤ ਕਰ ਸਕਿਆ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀਆਂ ਇਹ ਕੋਝੀਆਂ ਹਰਕਤਾਂ ਹੋ ਰਹੀਆਂ ਹਨ ਤਾਂ ਉਨ੍ਹਾਂ ਨੂੰ ਕਿਸ ਤਰ੍ਹਾਂ ਨੱਥ ਪਾਉਣੀ ਹੈ ਅਤੇ ਲੋਕਾਂ ਵਿੱਚ ਸ਼ਾਂਤੀ ਬਹਾਲ ਕਰਨੀ ਹੈ।
ਉਨ੍ਹਾਂ ਕਿਹਾ ਕਿ ਜੇ ਅੱਜ ਮਾਹੌਲ ਖਰਾਬ ਹੁੰਦਾ ਹੈ ਇਸਦਾ ਸਿੱਧਾ ਮਤਲਬ ਪੰਜਾਬ ਵਿੱਚ ਚੋਣਾਂ ਹਨ। ਅੱਜ ਪੰਜਾਬ ਵਿੱਚ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਗੈਂਗ ਘੁੰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਐਤਵਾਰ ਸਵੇਰੇ ਵੀ ਬੇਅਦਬੀ ਦੀ ਘਟਨਾ ਵਾਪਰੇ, ਜਿਸ ਵਿੱਚ ਮੁਲਜ਼ਮ ਨੇ ਦਿੱਲੀ ਤੋਂ ਆਉਣ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਲੋਕ ਇਹ ਗੱਲ ਸਰਕਾਰ ਅਤੇ ਪੁਲਿਸ ਨੂੰ ਦੱਸਦੇ ਹਨ ਤਾਂ ਉਹ ਕਾਰਵਾਈ ਕਿਉਂ ਨਹੀਂ ਕਰਦੀ, ਸਰਕਾਰ ਕਿਉਂ ਇੰਨੀ ਨਾਕਾਮ ਹੈ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਭਾਰਤ ਸਰਕਾਰ ਅਜਿਹੀਆਂ ਘਿਨਾਉਣੀਆਂ ਹਰਕਤਾਂ ਨੂੰ ਨੱਥ ਨਹੀਂ ਪਾਵੇਗੀ ਤਾਂ ਸਿੱਖ ਕੌਮ ਦਾ ਇਹ ਇਤਿਹਾਸ ਰਿਹਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ 'ਤੇ ਹੱਥ ਪਾਉਣ ਵਾਲੇ ਨੂੰ ਬਖ਼ਸਦੇ ਨਹੀਂ। ਉਨ੍ਹਾਂ ਕਿਹਾ ਕਿ ਉਹ ਆਪਣਾ ਬਦਲਾ ਲੈਣਾ ਆਪ ਜਾਣਦੇ ਹਨ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।