ਲੁਧਿਆਣਾ: ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਦੀ ਟੋਕੀਓ ਓਲੰਪਿਕ ਖੇਡਾਂ-2021 ਵਿੱਚ ਸੋਨ ਤਮਗਾ ਜਿੱਤਣ ਵਾਲੇ ਭਾਰਤੀ ਅਥਲੀਟ ਨੀਰਜ ਚੋਪੜਾ ਬਾਰੇ ਲਿਖੀ ਸੰਖੇਪ ਜੀਵਨੀ ਪੁਸਤਕ ‘ਗੋਲਡਨ ਬਆਏ ਨੀਰਜ ਚੋਪੜਾ’ ਨੂੰ ਰਿਲੀਜ਼ ਕੀਤਾ ਗਿਆ।
ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਸਾਦੇ ਪਰ ਪ੍ਰਭਾਵਸ਼ਾਲੀ ਢੰਗ ਨਾਲ ਲੇਖਕ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ ਇਹ ਪੁਸਤਕ ਲੇਖਕ ਦੀ ਸੱਤਵੀਂ ਪੁਸਤਕ ਹੈ ਜਦੋਂ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਲਿਖੀ ਛੇਵੀਂ ਪੁਸਤਕ ਹੈ। ਲੋਕਗੀਤ ਪ੍ਰਕਾਸ਼ਨ ਵੱਲੋਂ ਇਹ ਪੁਸਤਕ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖ ਕੇ ਛਾਪੀ ਬਾਲ ਸਾਹਿਤ ਦੀ ਪੁਸਤਕ ਹੈ।72 ਪੰਨਿਆਂ ਦੀ ਇਹ ਸਚਿੱਤਰ ਰੰਗਦਾਰ ਪੁਸਤਕ ਨੀਰਜ ਚੋਪੜਾ ਦੇ ਬਚਪਨ ਤੋਂ ਲੈ ਕੇ ਟੋਕੀਓ ਓਲੰਪਿਕਸ ਵਿੱਚ ਸੋਨ ਤਮਗਾ ਜਿੱਤਣ ਦੇ ਸੰਘਰਸ਼ਸੀਲ ਅਤੇ ਸੁਨਹਿਰੀ ਸਫਰ ਉਤੇ ਝਾਤ ਪਾਉਂਦੀ ਹੈ।
ਨੀਰਜ ਦੀਆਂ ਖੇਡ ਪ੍ਰਾਪਤੀਆਂ ਤੋਂ ਇਲਾਵਾ, ਉਸ ਦੀ ਖੇਡ ਤਕਨੀਕ, ਉਸ ਨੂੰ ਮਿਲੇ ਮਾਣ-ਸਨਮਾਨ ਅਤੇ ਸਮਕਾਲੀਆਂ ਖਿਡਾਰੀਆਂ ਬਾਰੇ ਵੱਖ-ਵੱਖ ਚੈਪਟਰ ਸ਼ਾਮਲ ਹਨ, ਜਿਸ ਦੇ ਹਰ ਚੈਪਟਰ ਵਿੱਚ ਸ਼ਾਮਲ ਤਸਵੀਰਾਂ ਪੁਸਤਕ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ।
ਡਾ.ਸੁਰਜੀਤ ਪਾਤਰ ਨੇ ਕਿਹਾ ਕਿ ਜੱਗ ਜੇਤੂ ਖਿਡਾਰੀ ਦੀ ਜੀਵਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣੇਗੀ. ਜਿਸ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਨਵੀਂ ਉਮਰ ਦੇ ਖਿਡਾਰੀਆਂ ਨੂੰ ਹੱਲਾਸ਼ੇਰੀ ਮਿਲੇਗੀ। ਉਨ੍ਹਾਂ ਕਿਹਾ ਕਿ ਨਵਦੀਪ ਸਿੰਘ ਗਿੱਲ ਵੱਲੋਂ ਆਪਣੀ ਕਲਮ ਨਾਲ ਮਾਣਮੱਤੇ ਖੇਡ ਇਤਿਹਾਸ ਨੂੰ ਲਿਖਤੀ ਰੂਪ ਵਿੱਚ ਸਾਂਭਣਾ ਵਧੀਆ ਉਪਰਾਲਾ ਹੈ।
ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਜੀਵਨੀਆਂ ਆਧਾਰਿਤ ਬਾਲ ਸਾਹਿਤ ਲਿਖਣਾ ਸ਼ੁਭ ਸ਼ਗਨ ਹੈ, ਇਸ ਲਈ ਲੇਖਕ ਅਤੇ ਪ੍ਰਕਾਸ਼ਕ ਦੋਵੇਂ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਿਆ ਸਾਹਿਤ ਸਿਹਤਮੰਦ ਸਮਾਜ ਸਿਰਜਣ ਵਿੱਚ ਅਹਿਮ ਰੋਲ ਨਿਭਾਉਂਦਾ ਹੈ।
ਲੇਖਕ ਨਵਦੀਪ ਸਿੰਘ ਗਿੱਲ ਨੇ ਕਿਹਾ ਨੀਰਜ ਚੋਪੜਾ ਭਾਰਤ ਦਾ ਪਹਿਲਾ ਓਲੰਪਿਕ ਚੈਂਪੀਅਨ ਅਥਲੀਟ ਹੈ ਜਿਸ ਦੀ ਕਹਾਣੀ ਘਰ-ਘਰ ਤੱਕ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੇ ਵਿਸ਼ਵ ਪ੍ਰਸਿੱਧ ਅਥਲੀਟ ਓਸੈਨ ਬੋਲਟ ਦੀਆਂ ਜੀਵਨੀਆਂ ਉਤੇ ਆਧਾਰਿਤ ਬਾਲ ਸਾਹਿਤ ਦੀਆਂ ਪੁਸਤਕਾਂ ਵੀ ਛਪਾਈ ਅਧੀਨ ਹੈ।
ਇਸ ਮੌਕੇ ਲੇਖਕ ਦੇ ਪਿਤਾ ਸੁਰਜੀਤ ਸਿੰਘ ਸ਼ਹਿਣਾ, ਅੰਮ੍ਰਿਤ ਪਾਲ ਸਿੰਘ ਭੰਗੂ ਯੂ.ਐਸ.ਏ., ਉਘੇ ਕਵੀ ਡਾ. ਰਵਿੰਦਰ ਬਟਾਲਾ, ਸੀਨੀਅਰ ਪੱਤਰਕਾਰ ਸੀ. ਮਾਰਕੰਡਾ ਤੇ ਸਤਿਬੀਰ ਸਿੰਘ ਵੀ ਹਾਜ਼ਰ ਸਨ। ਨਵਦੀਪ ਸਿੰਘ ਗਿੱਲ ਜੋ ਪੰਜਾਬ ਸਰਕਾਰ ਵਿੱਚ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ, ਇਸ ਤੋਂ ਪਹਿਲਾਂ ਛੇ ਪੁਸਤਕਾਂ ਲਿਖ ਚੁੱਕੇ ਹਨ ਜਿਨ੍ਹਾਂ ਦੇ ਨਾਮ ‘ਖੇਡ ਅੰਬਰ ਦੇ ਪੰਜਾਬੀ ਸਿਤਾਰੇ’, ‘ਮੈਂ ਇਵੇਂ ਵੇਖੀਆਂ ਏਸ਼ਿਆਈ ਖੇਡਾਂ’, ‘ਅੱਖੀਂ ਵੇਖੀਆਂ ਓਲੰਪਿਕ ਖੇਡਾਂ’, ‘ਨੌਲੱਖਾ ਬਾਗ਼’, ‘ਟੋਕੀਓ ਓਲੰਪਿਕਸ ਦੇ ਸਾਡੇ ਹਾਕੀ ਸਿਤਾਰੇ’ ਤੇ ‘ਉੱਡਣਾ ਬਾਜ਼’ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Book, Neeraj Chopra, Punjab, Tokyo Olympics 2021