ਚੰਡੀਗੜ੍ਹ: ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਹੁਣ ਕਿਸਾਨਾਂ ਨੇ ਦਿੱਲੀ ਛੱਡ ਕੇ ਪੰਜਾਬ ਭਰ ਵਿੱਚ ਰੇਲ ਰੋਕੋ ਅੰਦੋਲਨ (Rail Roko Andolan) ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ-ਮਜਦੂਰਾਂ (kisan-majdoor andolan) ਨੇ ਕਈ ਥਾਂਈਂ ਰੇਲਵੇ ਟਰੈਕ ਜਾਮ ਕਰ ਛੱਡੇ ਹਨ। ਦਿਨ-ਰਾਤ ਦਾ ਸ਼ੁਰੂ ਕੀਤਾ ਗਏ ਇਸ ਅੰਦੋਲਨ ਦੌਰਾਨ ਰੇਲ ਆਵਾਜਾਈ ਵੀ ਠੱਪ ਹੋਈ ਹੈ, ਜਿਸ ਕਾਰਨ 9 ਤੋਂ ਵੱਧ ਰੇਲ ਗੱਡੀਆਂ ਰੱਦ ਹੋ ਗਈਆਂ। ਰੇਲ ਰੋਕੋ ਅੰਦੋਲਨ ਦੌਰਾਨ ਕਿਸਾਨਾਂ ਵੱਲੋਂ ਜੰਡਿਆਲਾ-ਮਾਨਵਾਲਾ ਟ੍ਰੈਕ, ਜਲੰਧਰ-ਪਠਾਨਕੋਟ ਰੇਲ ਮਾਰਗ, ਟਾਂਡਾ ਉੜਮੁੜ ਫਿਰੋਜ਼ਪੁਰ ਟ੍ਰੈਕ ਅਤੇ ਅੰਮ੍ਰਿਤਸਰ-ਖੇਮਕਰਨ ਰੇਲ ਮਾਰਗ 'ਤੇ ਪੱਕੇ ਮੋਰਚੇ ਲਾਏ ਗਏ ਹਨ।
ਕਿਸਾਨ ਮਜ਼ਦੂਰ ਸੰਘਰਸ਼ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਇਹ ਸੰਘਰਸ਼ ਪੰਜਾਬ ਸਰਕਾਰ ਵਿਰੁੱਧ ਕਿਸਾਨ ਤੇ ਮਜ਼ਦੂਰ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਸੰਪੂਰਨ ਕਰਜ਼ਾ ਮੁਆਫੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲਐ ਲਿਆ ਹੈ ਪਰੰਤੂ ਅਜੇ ਵੀ ਕਿਸਾਨਾਂ ਦੀਆਂ ਕਈ ਮੰਗਾਂ ਅਜਿਹੀਆਂ ਹਨ, ਜਿਹੜੀਆਂ ਪੂਰੀਆਂ ਨਹੀਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਰਜ਼ੇ ਮੁਆਫ਼ੀ ਤੋਂ ਲੈ ਕੇ ਕਿਸਾਨ ਅੰਦੋਲਨ ਵਿੱਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਅਤੇ ਸਰਕਾਰੀ ਨੌਕਰੀ ਵਰਗੇ ਮੁੱਦਿਆਂ 'ਤੇ ਸਰਕਾਰ ਚੁੱਪ ਧਾਰੀ ਬੈਠੀ ਹੈ ਪਰੰਤੂ ਕਿਸਾਨ ਚੁੱਪ ਨਹੀਂ ਬੈਠਣਗੇ।
ਕਿਸਾਨ ਆਗੂ ਨੇ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਹੀ ਕਿਸਾਨਾਂ-ਮਜਦੂਰਾਂ ਵੱਲੋਂ ਇਹ ਰੇਲ ਰੋਕੇ ਅੰਦੋਲਨ ਸ਼ੁਰੂ ਕੀਤਾ ਗਿਆ ਹੈ ਅਤੇ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਟਰੈਕ ਤੋਂ ਨਹੀਂ ਉਠਣਗੇ।
ਰੇਲਾਂ ਆਵਾਜਾਈ ਪ੍ਰਭਾਵਤ, ਕਈ ਗੱਡੀਆਂ ਰੱਦ
ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਦੇ ਚਲਦੇ ਮੰਗਲਵਾਰ ਵੀ ਰੇਲ ਆਵਾਜਾਈ ਪ੍ਰਭਾਵਤ ਹੋਈ, ਜਿਸ ਵਿੱਚ ਕਈ ਟ੍ਰੇਨਾਂ ਰੱਦ ਹੋਈਆਂ। ਉੱਤਰ ਰੇਲਵੇ ਨੇ ਮੰਗਲਵਾਰ ਨੂੰ ਵੀ 9 ਟ੍ਰੇਨਾਂ ਨੂੰ ਰੋਕਿਆ ਹੈ। ਇਸਦੇ ਨਾਲ ਹੀ ਕਈ ਰੇਲ ਗੱਡੀਆਂ ਦੇ ਰੂਟ ਬਦਲੇ ਗਏ ਹਨ।
ਰੱਦ ਹੋਈਆਂ 9 ਟ੍ਰੇਨਾਂ ਵਿੱਚ ਅਜਮੇਰ ਜੰਮੂਤਵੀ ਪੂਜਾ ਐਕਸਪ੍ਰੈਸ, ਅੰਮ੍ਰਿਤ ਚੰਡੀਗੜ੍ਹ ਪੂਜਾ ਐਕਸਪ੍ਰੈਸ, ਫਿਰੋਜ਼ਪੁਰ ਐਸਏਐਸ ਨਗਰ ਮੋਹਾਲੀ, ਅੰਮ੍ਰਿਤਸਰ ਨਵੀਂ ਦਿੱਲੀ ਐਕਸਪ੍ਰੈਸ, ਦਿੱਲੀ ਪਠਾਨਕੋਟ ਦਿੱਲੀ ਐਕਸਪ੍ਰੈਸ, ਬਠਿੰਡਾ ਫਿਰੋਜ਼ਪੁਰ ਬਠਿੰਡਾ ਐਕਸਪ੍ਰੈਸ, ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਇੰਟਰਸਿਟੀ ਐਕਸਪ੍ਰੈਸ, ਚੰਡੀਗੜ੍ਹ ਫਿਰੋਜ਼ਪੁਰ ਕੈਂਟ ਐਕਸਪ੍ਰੈਸ, ਅੰਮ੍ਰਿਤਸਰ ਕਾਨਪੁਰ ਸੁਪਰਫਾਸਟ ਐਕਸਪ੍ਰੈਸ ਸ਼ਾਮਲ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmers Protest, Kisan andolan, Protests, Punjab farmers