• Home
 • »
 • News
 • »
 • punjab
 • »
 • CHANDIGARH PUNJAB POLITICS BJP LAUNCHES 2022 ELECTIONS WITH SLOGAN NAWA PUNJAB BHAJPA DE NAAL KS

ਭਾਜਪਾ ਨੇ 2022 ਪੰਜਾਬ ਚੋਣਾਂ ਲਈ ਵਜਾਇਆ ਬਿਗੁਲ, 'ਨਵਾਂ ਪੰਜਾਬ, ਭਾਜਪਾ ਦੇ ਨਾਲ' ਨਾਅਰੇ ਹੇਠ 117 ਸੀਟਾਂ 'ਤੇ ਲੜੇਗੀ ਚੋਣਾਂ

ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਆਗੂਆਂ ਗਜੇਂਦਰ ਸ਼ੇਖਾਵਤ, ਦੁਸ਼ਯੰਤ ਗੌਤਮ, ਤਰੁਣ ਚੁੱਘ, ਹਰਦੀਪ ਪੁਰੀ ਅਤੇ ਅਸ਼ਵਨੀ ਸ਼ਰਮਾ ਨੇ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਬਿਗੁਲ ਵਜਾਉਂਦਿਆਂ ਕਿਹਾ ਕਿ ਭਾਜਪਾ, ਪੰਜਾਬ ਵਿੱਚ ਇਤਿਹਾਸ ਰਚੇਗੀ, ਕਿਉਂਕਿ ਭਾਜਪਾ 'ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ ਲੈ ਕੇ ਕੰਮ ਕਰ ਰਹੀ ਹੈ।

 • Share this:
  ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਵੀਰਵਾਰ ਪੰਜਾਬ ਭਾਜਪਾ ਨੇ 2022 ਚੋਣਾਂ ਦਾ ਆਗਾਜ਼ ਕਰ ਦਿੱਤਾ ਹੈ। ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪਾਰਟੀ ਵੱਲੋਂ 'ਨਵਾਂ ਪੰਜਾਬ, ਭਾਜਪਾ ਦੇ ਨਾਲ' ਦਾ ਨਾਅਰਾ ਦਿੱਤਾ ਗਿਆ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਆਗੂਆਂ ਗਜੇਂਦਰ ਸ਼ੇਖਾਵਤ, ਦੁਸ਼ਯੰਤ ਗੌਤਮ, ਤਰੁਣ ਚੁੱਘ, ਹਰਦੀਪ ਪੁਰੀ ਅਤੇ ਅਸ਼ਵਨੀ ਸ਼ਰਮਾ ਨੇ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਬਿਗੁਲ ਵਜਾਉਂਦਿਆਂ ਕਿਹਾ ਕਿ ਭਾਜਪਾ, ਪੰਜਾਬ ਵਿੱਚ ਇਤਿਹਾਸ ਰਚੇਗੀ, ਕਿਉਂਕਿ ਭਾਜਪਾ 'ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ ਲੈ ਕੇ ਕੰਮ ਕਰ ਰਹੀ ਹੈ।

  'ਪੰਜਾਬ 'ਚ ਮਾਫੀਆ ਤੇ ਭ੍ਰਿਸ਼ਟਾਚਾਰ ਦਾ ਰਾਜ'

  ਸ਼ੇਖਾਵਤ ਨੇ ਕਿਹਾ ਕਿ ਭਾਜਪਾ ਸੱਤਾ ਵਿੱਚ ਆਉਣ 'ਤੇ ਪੰਜਾਬ ਵਿਚੋਂ ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰੇਗੀ, ਉਹ ਇਨ੍ਹਾਂ ਮੁੱਦਿਆਂ ਨਾਲ ਹੀ ਲੋਕਾਂ ਵਿੱਚ ਜਾਣਗੇ ਕਿਉਂਕਿ ਪੰਜਾਬ ਦੇ ਲੋਕ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਤੋਂ ਪੂਰੀ ਤਰ੍ਹਾਂ ਨਿਰਾਸ਼ ਹਨ। ਸੂਬੇ ਵਿੱਚ ਹਰ ਪਾਸੇ ਭ੍ਰਿਸ਼ਟਾਚਾਰ ਅਤੇ ਮਾਫੀਆ ਦਾ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੱਤਾ 'ਤੇ ਰਾਜ ਕਰ ਰਹੀ ਕਾਂਗਰਸ ਪਾਰਟੀ ਵੀ ਦੋ ਧੜਿਆਂ ਵਿੱਚ ਵੰਡੀ ਹੋਈ, ਜਿਸ ਤੋਂ ਲੋਕਾਂ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ।

  ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਸ਼ੇਖਾਵਤ ਨੇ ਕਿਹਾ ਕਿ ਮੋਦੀ ਸਰਕਾਰ ਨੇ ਹੀ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਂਦੇ ਹੋਏ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ, ਕਰਤਾਰ ਕੋਰੀਡੋਰ ਖੁਲ੍ਹਵਾਇਆ, ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕੀਤੀ, ਲੰਗਰ ਨੂੰ ਜੀਐਸਟੀ ਤੋਂ ਮੁਕਤ ਕੀਤਾ, ਬਠਿੰਡਾ ਵਿੱਚ ਏਮਜ਼ ਦੀ ਸਥਾਪਨਾ ਕਰਵਾਈ।

  ਖੇਤੀ ਕਾਨੂੰਨਾਂ 'ਤੇ ਬੋਲੇ ਸ਼ੇਖਾਵਤ; ਕਿਸਾਨ ਜਦੋਂ ਮਰਜ਼ੀ ਚਾਹੁਣ, ਕੇਂਦਰ ਗੱਲਬਾਤ ਲਈ ਤਿਆਰ

  ਪੰਜਾਬ ਦੀ ਸਿਆਸਤ ਦਾ ਮੁੱਖ ਮੁੱਦਾ ਬਣੇ ਖੇਤੀ ਕਾਨੂੰਨਾਂ ਬਾਰੇ ਸ਼ੇਖਾਵਤ ਨੇ ਕਿਹਾ ਕਿ ਭਾਜਪਾ ਵੀ ਚਾਹੁੰਦੀ ਹੈ ਕਿ ਖੇਤੀ ਕਾਨੂੰਨਾਂ ਦਾ ਮੁੱਦਾ ਹੱਲ ਹੋਵੇ ਕਿਉਂਕਿ ਮੋਦੀ ਸਰਕਾਰ ਕਿਸਾਨ ਪੱਖੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਹਮੇਸ਼ਾ ਕਿਸਾਨਾਂ ਲਈ ਵੱਧ ਚੜ੍ਹ ਕੇ ਕੰਮ ਕੀਤਾ ਹੈ, ਖੇਤੀ ਸੁਧਾਰ ਵਿੱਚ ਮੋਦੀ ਸਰਕਾਰ ਦੇ ਕੰਮ ਸਲਾਹੁਣਯੋਗ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਜਦੋਂ ਮਰਜ਼ੀ ਖੇਤੀ ਕਾਨੂੰਨ ਹੱਲ ਕਰਵਾਉਣ ਬਾਰੇ ਗੱਲ ਕਰਨਾ ਚਾਹੁਣ ਤਾਂ ਕੇਂਦਰ ਸਰਕਾਰ ਤਿਆਰ ਹੈ, ਪਰੰਤੂ ਕੁੱਝ ਲੋਕ ਕਿਸਾਨਾਂ ਦੇ ਮੋਢਿਆਂ 'ਤੇ ਬੰਦੂਕ ਰੱਖ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਹੱਲ ਲਈ ਭਾਜਪਾ ਸਰਕਾਰ ਲਗਾਤਾਰ ਕਿਸਾਨ ਜਥੇਬੰਦੀਆਂ ਨਾਲ ਵਾਰਤਾ ਕਰ ਰਹੀ ਹੈ, ਪਰੰਤੂ ਕੁੱਝ ਲੋਕ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ ਤਾਂ ਜੋ ਆਪਣੇ ਮੁਫਾਦ ਸੇਧ ਸਕਣ।

  ਸ਼ੇਖਾਵਤ ਨੇ ਕਿਹਾ ਕਿ ਭਾਜਪਾ ਪਹਿਲਾਂ 23 ਸੀਟਾਂ 'ਤੇ ਚੋਣਾਂ ਲੜਦੀ ਸੀ ਪਰ ਇਸ ਵਾਰੀ ਇਤਿਹਾਸ ਰਚਦੀ ਹੋਈ ਸਾਰੀਆਂ 117 ਸੀਟਾਂ 'ਤੇ ਚੋਣਾਂ ਲੜੇਗੀ ਅਤੇ ਪੰਜਾਬ ਵਿੱਚ ਕਮਲ ਦਾ ਫੁੱਲ ਖਿੜੇਗਾ।

  ਕੈਪਟਨ ਨਾਲ ਗਠਜੋੜ 'ਤੇ ਬੋਲੇ ਭਾਜਪਾ ਆਗੂ

  ਕੈਪਟਨ ਅਮਰਿੰਦਰ ਸਿੰਘ ਨਾਲ ਭਾਜਪਾ ਦੇ ਗਠਜੋੜ ਬਾਰੇ ਸ਼ੇਖਾਵਤ ਨੇ ਕਿਹਾ ਕਿ ਇਸ ਸਬੰਧੀ ਕੈਪਟਨ ਹੀ ਜਵਾਬ ਦੇ ਸਕਦੇ ਹਨ। ਹਾਲਾਂਕਿ ਭਾਜਪਾ ਇੱਕੋ ਜਿਹੀ ਵਿਚਾਰਧਾਰਾ ਵਾਲਿਆਂ ਦਾ ਭਾਜਪਾ ਹਮੇਸ਼ਾ ਹੀ ਸਵਾਗਤ ਕਰਦੀ ਹੈ।

  'ਬੀਐਸਐਫ ਮੁੱਦਾ ਦੇਸ਼ ਦੀ ਸੁਰੱਖਿਆ'
  ਭਾਜਪਾ ਆਗੂ ਨੇ ਪੰਜਾਬ ਵਿੱਚ ਬੀਐਸਐਫ ਦੇ ਅਧਿਕਾਰ ਖੇਤਰ 'ਤੇ ਵਿਰੋਧੀ ਧਿਰ ਵੱਲੋਂ ਰੌਲਾ ਪਾਏ ਜਾਣ 'ਤੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਦੇਸ਼ ਦੀ ਸੁਰੱਖਿਆ ਦੇ ਤਹਿਤ ਕੀਤਾ ਗਿਆ ਹੈ, ਪਰੰਤੂ ਵਿਰੋਧੀ ਇਸ ਨੂੰ ਜਾਣ ਬੁੱਝ ਕੇ ਮੁੱਦਾ ਬਣਾ ਰਹੇ ਹਨ।
  Published by:Krishan Sharma
  First published: