• Home
  • »
  • News
  • »
  • punjab
  • »
  • CHANDIGARH PUNJAB POLITICS CHARANJIT SINGH CHANNIS SHARP ATTACK ON BADALS OVER CRIMES ALSO ATTACK KEJRIWAL FOR GRANTED KS

ਬਾਦਲਾਂ 'ਤੇ ਚੰਨੀ ਦਾ 'ਗੁਨਾਹਾਂ' ਨੂੰ ਲੈ ਕੇ ਤਿੱਖਾ ਹਮਲਾ, ਕੇਜਰੀਵਾਲ ਨੂੰ ਐਲਾਨਾਂ ਲਈ ਲਿਆ ਆੜੇ ਹੱਥੀਂ

ਪੰਜਾਬ ਰਾਜਨੀਤੀ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjeet Singh Channi) ਨੇ ਵੀਰਵਾਰ ਕਿਹਾ ਕਿ ਬਾਦਲਾਂ ਨੂੰ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੇ ਵਿਰੁੱਧ ਕੀਤੇ ਗਏ ਬੱਜਰ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ। ਇੱਥੇ ਸਥਾਨਕ ਅਨਾਜ ਮੰਡੀ ਵਿਖੇ ਮੁੱਖ ਮੰਤਰੀ ਨੇ ਇਕੱਠ ਨੂੰ ਸੰਬੋਧਨ ਕੀਤਾ।

  • Share this:
    ਬਾਘਾ ਪੁਰਾਣਾ (ਮੋਗਾ): ਸੂਬੇ ਦੀ ਅੰਨ੍ਹੀ ਲੁੱਟ-ਖਸੁੱਟ ਕਰਨ ਲਈ ਬਾਦਲ ਪਰਿਵਾਰ (Badal Pariwar) ਉਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjeet Singh Channi) ਨੇ ਵੀਰਵਾਰ ਕਿਹਾ ਕਿ ਬਾਦਲਾਂ ਨੂੰ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੇ ਵਿਰੁੱਧ ਕੀਤੇ ਗਏ ਬੱਜਰ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ। ਇੱਥੇ ਸਥਾਨਕ ਅਨਾਜ ਮੰਡੀ ਵਿਖੇ ਮੁੱਖ ਮੰਤਰੀ ਨੇ ਇਕੱਠ ਨੂੰ ਸੰਬੋਧਨ ਕੀਤਾ ਜਿਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਵੀ ਹਾਜ਼ਰ ਸਨ।

    ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਨੇ ਪੰਜਾਬ ਵਿਰੁੱਧ ਹਰੇਕ ਮਾੜੇ ਕੰਮ ਵਿਚ ਬਾਦਲਾਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕੇਬਲ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਹੋਰ ਅਜਿਹੇ ਕਾਰੋਬਾਰ ਬਾਦਲਾਂ ਦੇ ਦੁਰਸ਼ਾਸਨ ਦੌਰਾਨ ਵਧੇ-ਫੁਲੇ ਸਨ। ਉਨ੍ਹਾਂ ਕਿਹਾ ਕਿ ਇਸ ਮਾਫੀਏ ਨੇ ਪੰਜਾਬ ਦਾ ਸਰਮਾਏ ਦੀ ਅੰਨ੍ਹੀ ਲੁੱਟ ਕੀਤੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਬਾਦਲਾਂ ਦੀ ਸਰਪ੍ਰਸਤੀ ਹੇਠ ਇਸ ਮਾਫੀਏ ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਅਤੇ ਹੁਣ ਉਨ੍ਹਾਂ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ ਅਤੇ ਇਹ ਦਿਨ ਹੁਣ ਬਹੁਤੀ ਦੂਰ ਨਹੀਂ ਹਨ।

    ਆਪ ਵਿਧਾਇਕ ਨੂੰ ਕਾਂਗਰਸ 'ਚ ਸ਼ਮੂਲੀਅਤ ਕਰਵਾਉਂਦੇ ਮੁੱਖ ਮੰਤਰੀ ਚੰਨੀ ਤੇ ਸਿੱਧੂ।


    ਮੁੱਖ ਮੰਤਰੀ ਨੇ ਕਿਹਾ ਕਿ ਹੁਣ ਜਦੋਂ ਉਨ੍ਹਾਂ ਨੇ ਬਾਦਲਾਂ ਦੀ ਸਰਪ੍ਰਸਤੀ ਵਾਲੇ ਮਾਫੀਏ ਵਿਰੁੱਧ ਲਗਾਮ ਕੱਸੀ ਤਾਂ ਬਾਦਲ ਆਪਣਾ ਬਚਾਅ ਕਰਨ ਲਈ ਇਧਰ-ਓਧਰ ਹੱਥ-ਪੈਰ ਮਾਰ ਰਹੇ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਬਾਦਲਾਂ ਦੇ ਗੁਨਾਹ ਮੁਆਫੀ ਦੇ ਲਾਇਕ ਨਹੀਂ ਅਤੇ ਵਧੀਕੀਆਂ ਅਤੇ ਗਲਤੀਆਂ ਲਈ ਉਨ੍ਹਾਂ ਦੀ ਜੁਆਬਦੇਹੀ ਤੈਅ ਕੀਤੀ ਜਾਵੇਗੀ। ਮੁੱਖ ਮੰਤਰੀ ਚੰਨੀ ਨੇ ਬਾਦਲਾਂ ਦੀ ਮਾਲਕੀ ਵਾਲੇ ਕੇਬਲ ਮਾਫੀਏ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਦੇਰੀ ਨਾਲ ਲਿਆ ਫੈਸਲਾ ਹੈ।

    'ਕੇਜਰੀਵਾਲ ਤੇ ਉਹਦੀ ਜੁੰਡਲੀ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੀ ਹੈ'

    ਮੁੱਖ ਮੰਤਰੀ ਚੰਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਤਿੱਖਾ ਹਮਲਾ ਕਰਦਿਆਂ ਉਸ ਨੂੰ ਅਫਵਾਹਾਂ ਫੈਲਾਉਣ ਵਾਲਾ ਸਿਆਸਤਦਾਨ ਦੱਸਿਆ ਜੋ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਪੰਜਾਬ ਦੀ ਸੱਤਾ ਹਥਿਆਉਣ ਲਈ ਪੱਬਾਂ ਭਾਰ ਹੈ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਕੇਜਰੀਵਾਲ ਤੇ ਉਸ ਦੀ ਜੁੰਡਲੀ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਤਿਹਾਸ ਗਵਾਹ ਹੈ ਕਿ ਪੰਜਾਬੀ ਹਮੇਸ਼ਾ ਆਪਣੀ ਧਰਤੀ ਅਤੇ ਲੋਕਾਂ ਨੂੰ ਬੇਹੱਦ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਪੰਜਾਬੀਆਂ ਨੇ ਨਾ ਤਾਂ ਕਦੇ ਸੂਬੇ ਦੀ ਸੱਤਾ ਬਾਹਰੀ ਵਿਅਕਤੀ ਦੇ ਹੱਥ ਵਿਚ ਸੌਂਪੀਂ ਹੈ ਅਤੇ ਨਾ ਹੀ ਭਵਿੱਖ ਵਿਚ ਅਜਿਹਾ ਹੋਣ ਦੇਣਗੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਦਿੱਲੀ ਮਾਡਲ ਦਾ ਕੋਈ ਵਜੂਦ ਨਹੀਂ ਹੈ ਜਦਕਿ ਕਾਂਗਰਸ ਦੇ ਪੰਜਾਬ ਮਾਡਲ ਨਾਲ ਲੋਕਾਂ ਨੂੰ ਬਿਹਤਰ ਸ਼ਾਸਨ ਮੁਹੱਈਆ ਕਰਵਾਇਆ ਜਾ ਰਿਹਾ ਹੈ।

    ਕੇਜਰੀਵਾਲ ‘ਗੁੱਲੀ ਡੰਡਾ’ ਅਤੇ ‘ਬਾਂਦਰ ਕਿੱਲੇ’ ਵਿਚਲਾ ਫਰਕ ਦੱਸੇ

    ਕੇਜਰੀਵਾਲ ਉਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਸ ਨੂੰ ਤਾਂ ਸੂਬੇ ਬਾਰੇ ਬੁਨਿਆਦੀ ਸਮਝ ਵੀ ਨਹੀਂ ਹੈ। ਦਿੱਲੀ ਦੇ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਸੂਬੇ ਦੀਆਂ ਦੋ ਰਵਾਇਤੀ ਖੇਡਾਂ ‘ਗੁੱਲੀ ਡੰਡਾ’ ਅਤੇ ‘ਬਾਂਦਰ ਕਿੱਲੇ’ ਵਿਚਲਾ ਫਰਕ ਦੱਸਣ ਲਈ ਆਖਿਆ। ਮੁੱਖ ਮੰਤਰੀ ਚੰਨੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਕੇਜਰੀਵਾਲ ਤੇ ਜੁੰਡਲੀ ਦਾ ਪੰਜਾਬ ਨੂੰ ਲੁੱਟਣ ਦਾ ਖੁਆਬ ਕਦੇ ਵੀ ਹਕੀਕਤ ਵਿਚ ਨਹੀਂ ਬਦਲੇਗਾ।

    ਸਟੇਜ 'ਤੇ ਇਕੱਠੇ ਨਜ਼ਰ ਆਏ ਨਵਜੋਤ ਸਿੱਧੂ ਤੇ ਚੰਨੀ।


    ਇਸ ਦੌਰਾਨ ਮੁੱਖ ਮੰਤਰੀ ਨੇ ਬਾਘਾਪੁਰਾਣਾ ਵਿੱਚ ਇੱਕ ਨਰਸਿੰਗ ਕਾਲਜ ਸਥਾਪਤ ਕਰਨ ਦੇ ਨਾਲ-ਨਾਲ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਗੁਰੂ ਨਾਨਕ ਕਾਲਜ ਅਤੇ ਸਪੋਰਟਸ ਅਕਾਦਮੀ ਲਈ ਗਰਾਂਟਾਂ ਦੇ ਨਾਲ ਬਾਘਾਪੁਰਾਣਾ ਦੇ ਦੋ ਮੌਜੂਦਾ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਸਮਾਧ ਭਾਈ ਨੂੰ ਸਬ ਤਹਿਸੀਲ ਦਾ ਦਰਜਾ ਦੇਣ ਦਾ ਐਲਾਨ ਵੀ ਕੀਤਾ।



    ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਂਸਦ ਮੈਂਬਰ ਮੁਹੰਮਦ ਸਦੀਕ, ਵਿਧਾਇਕ ਦਰਸ਼ਨ ਸਿੰਘ ਬਰਾੜ, ਕੁਲਬੀਰ ਸਿੰਘ ਜ਼ੀਰਾ, ਸ੍ਰੀਮਤੀ ਸਤਿਕਾਰ ਕੌਰ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਮੌਜੂਦ ਸਨ।
    Published by:Krishan Sharma
    First published: