ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੇ ਫੈਸਲੇ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਵੀ ਨਵੇਂ ਸਮੀਕਰਨ ਬਣਨੇ ਸ਼ੁਰੂ ਹੋ ਗਏ ਹਨ। ਜਿਥੇ ਇਸ ਫੈਸਲੇ ਦਾ ਹਰ ਪਾਸਿਓਂ ਸਵਾਗਤ ਹੋ ਰਿਹਾ ਹੈ, ਉਥੇ ਕਾਂਗਰਸ ਦੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਇਸ ਨੂੰ ਕੇਂਦਰ ਵੱਲੋਂ ਚੋਣਾਂ ਨੂੰ ਵੇਖਦਿਆਂ ਲਿਆ ਗਿਆ ਫੈਸਲਾ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਦੋ ਮਹੀਨੇ ਦੀ ਖੇਡ ਹੈ, ਫਿਰ ਮੈਂ ਕੌਣ, ਤੂੰ ਕੌਣ ਵਾਲੀ ਗੱਲ ਹੋਵੇਗੀ।
ਕੈਬਨਿਟ ਮੰਤਰੀ ਵੇਰਕਾ ਸ਼ੁੱਕਰਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ 'ਤੇ ਕੀਰਤਪੁਰ ਸਾਹਿਬ ਲਈ ਰਵਾਨਾ ਹੋ ਰਹੇ ਸਨ। ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਗੁਰੂ ਨਾਨਕ ਦੇ ਦਰਬਾਰ ਵਿੱਚ ਪਾਕਿਸਤਾਨ ਅਤੇ ਭਾਰਤ ਸਰਕਾਰ ਨੂੰ ਸੁਮੱਤ ਦੇਣ ਲਈ ਅਰਦਾਸ ਕਰਨ ਜਾ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਕੀਤੇ ਐਲਾਨ 'ਤੇ ਵੇਰਕਾ ਨੇ ਕਿਹਾ ਕਿ ਇਹ ਫੈਸਲਾ ਮੋਦੀ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਲਈ ਇਹ ਇੱਕ ਨਾਟਕ ਤੋਂ ਵੱਧ ਕੇ ਕੁੱਝ ਨਹੀਂ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਇੱਕ ਜੁਮਲਾ ਹੈ, ਜਿਹੜਾ ਇੱਕ ਜੁਮਲੇਬਾਜ ਵੱਲੋਂ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਪੀਐਮ ਮੋਦੀ ਨੂੰ ਹੈ ਕਿ ਉਹ ਦੇਸ਼ ਦੇ ਲੋਕਾਂ ਤੋਂ ਮੁਆਫ਼ੀ ਮੰਗਣ ਅਤੇ ਹਰ ਕਿਸਾਨ ਸ਼ਹੀਦ ਨੂੰ ਇੱਕ-ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦੇਣ। ਇਸਦੇ ਨਾਲ ਹੀ ਕਿਸਾਨ ਅੰਦੋਲਨ ਦੌਰਾਨ ਰਾਜਾਂ ਅਤੇ ਵਪਾਰੀਆਂ ਨੂੰ ਹੋਏ ਨੁਕਸਾਨ ਨੂੰ ਆਪਣੇ ਸਿਰ ਲੈਂਦੇ ਹੋਏ ਭਰਪਾਈ ਕਰਨ।
ਵੇਰਕਾ ਨੇ ਕਿਹਾ ਕਿ ਮੋਦੀ ਸਾਬ੍ਹ ਵੱਲੋਂ ਇਹ ਫੈਸਲਾ ਚੋਣਾਂ ਦੇ ਮੱਦੇਨਜ਼ਰ ਇਸ ਲਈ ਲਿਆ ਹੈ ਕਿਉਂਕਿ ਭਾਜਪਾ ਹਿਮਾਚਲ ਚੋਣਾਂ ਵਿੱਚ ਹਾਰ ਤੋਂ ਡਰੀ ਹੋਈ ਹੈ ਕਿ ਕਿਤੇ ਦੇਸ਼ ਵਿੱਚ ਵੀ ਚਾਰੇ ਖਾਨੇ ਚਿੱਤ ਨਾ ਹੋ ਜਾਵੇ।
ਕੈਪਟਨ ਦੀ ਪਾਰਟੀ ਬਾਰੇ ਕੀਤਾ ਵਿਅੰਗ
ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਨਾਲ ਗਠਜੋੜ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਲੋਕ ਕਾਂਗਰਸ ਦੀ ਥਾਂ ਬੀਜੇਪੀ ਲੋਕ ਪਾਰਟੀ ਰੱਖ ਲਵੇ। ਕਿਉਂਕਿ ਕੈਪਟਨ ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਦੇ ਨਾਂਅ 'ਤੇ ਵੋਟਾਂ ਪੈਣਗੀਆਂ, ਪਰ ਕੈਪਟਨ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਉਹ ਬੀਜੇਪੀ ਦੀ ਦਲਾਲੀ ਕਰ ਰਹੇ ਹਨ ਅਤੇ ਕਾਂਗਰਸ ਦੇ ਨਾਂਅ 'ਤੇ ਇੱਕ ਵੋਟ ਨਹੀਂ ਮਿਲਣੀ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।