ਨਵੀਂ ਦਿੱਲੀ/ਚੰਡੀਗੜ੍ਹ: ਆਮ ਆਦਮੀ ਪਾਰਟੀ (AAP) ਦੇ ਕੌਮੀ ਆਗੂ, ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਦਿੱਲੀ ਦੇ 250 ਚੰਗੇ ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕਰਨ ਦੇ 24 ਘੰਟੇ ਬਾਅਦ ਵੀ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਪੰਜਾਬ ਦੇ ਚੰਗੇ ਸਕੂਲਾਂ ਦੀ ਸੂਚੀ ਜਾਰੀ ਨਹੀਂ ਕੀਤੀ। ਇਸ ਸੰਬੰਧ ਵਿੱਚ ਸੋਮਵਾਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ, ‘‘ਪੰਜਾਬ ਦੇ ਸਿੱਖਿਆ ਮੰਤਰੀ ਮੈਦਾਨ ਛੱਡ ਕੇ ਭੱਜ ਰਹੇ ਹਨ। ਪਰਗਟ ਸਿੰਘ ਤਾਂ ਸੂਚੀ ਜਾਰੀ ਨਹੀਂ ਕਰ ਸਕੇ। ਪਰ ਮੈਨੂੰ ਉਮੀਦ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚੰਨੀ ਸੂਬੇ ਦੇ ਸਭ ਤੋਂ ਚੰਗੇ 250 ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕਰਨਗੇ।’’
'ਕਾਂਗਰਸ ਨੇ ਸਾਬਤ ਕੀਤਾ ਕਿ ਪੰਜਾਬ 'ਚ ਸਿੱਖਿਆ ਦਾ ਕੋਈ ਕੰਮ ਨਹੀਂ ਹੋਇਆ'
ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਜਾਨਣ ਦਾ ਹੱਕ ਹੈ ਕਿ ਕਾਂਗਰਸ ਸਰਕਾਰ ਨੇ ਪਿਛਲੇ 5 ਸਾਲਾਂ ਦੌਰਾਨ ਰਾਜ ਵਿੱਚ ਸਿੱਖਿਆ ਲਈ ਕੀ ਕੰਮ ਕੀਤਾ ਹੈ? ਦੋਵਾਂ ਰਾਜਾਂ ਦੇ ਸਕੂਲਾਂ ਦੀ ਤੁਲਨਾ ਤੋਂ ਭੱਜਣਾ ਇਹ ਸਿੱਧ ਕਰਦਾ ਹੈ ਕਿ ਕਾਂਗਰਸ ਸਰਕਾਰ ਨੇ ਪੰਜਾਬ ਵਿੱਚ ਸਿੱਖਿਆ ਬਾਰੇ ਕੋਈ ਕੰਮ ਨਹੀਂ ਕੀਤਾ ਹੈ। ਦੂਜੇ ਪਾਸੇ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਸਿੱਖਿਆ ਖੇਤਰ ਵਿੱਚ ਜਬਰਦਸਤ ਕੰਮ ਕੀਤਾ ਹੈ, ਜਿਸ ਕਾਰਨ ਦਿੱਲੀ ਦੇ ਸਿੱਖਿਆ ਮਾਡਲ ਦੀ ਚਰਚਾ ਅੱਜ ਪੂਰੇ ਸੰਸਾਰ ਵਿੱਚ ਹੋ ਰਹੀ ਹੈ।
'ਪਰਗਟ ਸਿੰਘ ਮੈਦਾਨ ਛੱਡ ਕੇ ਭੱਜ ਰਹੇ'
ਸਿਸੋਦੀਆ ਨੇ ਕਿਹਾ ਕਿ ਹੁਣ ਪਰਗਟ ਸਿੰਘ ਤੁਲਨਾ ਕਰਨ ਦੀ ਥਾਂ ਮੈਦਾਨ ਛੱਡ ਕੇ ਭੱਜ ਰਹੇ ਹਨ, ਕਿਉਂਕਿ ਉਨ੍ਹਾਂ ਦੇ ਸਿੱਖਿਆ ਮਾਡਲ ਵਿੱਚ ਦਿਖਾਉਣ ਲਈ ਕੁੱਝ ਨਹੀਂ ਹੈ। ਅਸਲੀਅਤ ਇਹ ਹੈ ਕਿ ਕਾਂਗਰਸ ਨੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ ਅਤੇ ਸਿੱਖਿਆ ਦੇ ਖੇਤਰ ਵਿੱਚ ਤਾਂ ਪੰਜਾਬ ’ਚ ਸਿਫ਼ਰ ਕੰਮ ਹੋਇਆ ਹੈ। ਪੰਜਾਬ ਦੀ ਜਨਤਾ ਨੇ ਬਹੁਤ ਉਮੀਦਾਂ ਨਾਲ ਕਾਂਗਰਸ ਦੀ ਸਰਕਾਰ ਚੁਣੀ ਸੀ, ਲੇਕਿਨ ਕਾਂਗਰਸ ਜਨਤਾ ਦੀ ਉਮੀਦਾਂ ’ਤੇ ਖ਼ਰੀ ਨਹੀਂ ਉਤਰੀ ਅਤੇ ਪੰਜਾਬ ਦੀ ਜਨਤਾ ਨਾਲ ਧੋਖ਼ਾ ਕੀਤਾ ਹੈ।
'ਜਨਤਾ ਨੂੰ ਦੱਸੋ 5 ਸਾਲਾਂ 'ਚ ਕੀਤਾ'
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਇਹ ਜਾਨਣ ਦਾ ਹੱਕ ਕਿ ਕੀ ਪੰਜਾਬ ਸਰਕਾਰ ਕੋਲ ਅਜਿਹੇ 250 ਸਕੂਲ ਵੀ ਨਹੀਂ ਹਨ, ਜਿੱਥੇ ਦਿੱਲੀ ਦੇ ਸਕੂਲਾਂ ਦੀ ਤਰ੍ਹਾਂ ਪਿਛਲੇ 5 ਸਾਲਾਂ ਵਿੱਚ ਵਿਸ਼ਵ ਪੱਧਰੀ ਢਾਂਚਾ ਤਿਆਰ ਕੀਤਾ ਹੋਵੇ, ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਸਿਖਲਾਈ ਦਿਵਾਈ ਗਈ ਹੋਵੇ, ਨਤੀਜੇ ਚੰਗੇ ਹੋਣ, ਬੱਚੇ ਆਈਆਈਟੀ ਅਤੇ ਜੇਈਈ ਲਈ ਚੁਣੇ ਜਾ ਰਹੇ ਹੋਣ।
ਮੁੱਖ ਮੰਤਰੀ ਤੋਂ ਜਤਾਈ ਉਮੀਦ
ਮਨੀਸ਼ ਸਿਸੋਦੀਆ ਨੇ ਅੱਗੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਚੰਨੀ ਸਾਬ ਮੈਦਾਨ ਛੱਡ ਕੇ ਭੱਜਣਗੇ ਨਹੀਂ ਅਤੇ ਅੱਜ ਸ਼ਾਮ ਤੱਕ ਪੰਜਾਬ ਦੇ 250 ਸਕੂਲਾਂ ਦੀ ਸੂਚੀ ਜਾਰੀ ਕਰਨਗੇ। ਜੇਕਰ ਉਹ ਸੂਚੀ ਜਾਰੀ ਨਹੀਂ ਕਰਦੇ ਤਾਂ ਸਰਵਜਨਕ ’ਤੇ ਇਹ ਮੰਨ ਲੈਣ ਕਿ ਪਿੱਛਲੇ 5 ਸਾਲਾਂ ਵਿੱਚ ਪੰਜਾਬ ਦੀ ਸਿੱਖਿਆ ਵਿਵਸਥਾ ਨੂੰ ਠੀਕ ਕਰਨ ਲਈ ਕੋਈ ਕੰਮ ਨਹੀਂ ਕੀਤਾ ਗਿਆ।’’
ਜ਼ਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਦਿੱਲੀ ਦੇ 250 ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕਰਕੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਦਿੱਲੀ ਆ ਕੇ ਸਕੂਲ ਦੇਖਣ ਦਾ ਸੱਦਾ ਦਿੱਖਾ ਸੀ। ਨਾਲ ਹੀ ਪੰਜਾਬ ਦੇ 250 ਸਕੂਲਾਂ ਦੀ ਸੂਚੀ ਵੀ ਜਾਰੀ ਕਰਨ ਲਈ ਕਿਹਾ ਸੀ, ਤਾਂਕਿ ਦੋਵਾਂ ਰਾਜਾਂ ਦੇ ਸਕੂਲਾਂ ਦੇ ਢਾਂਚੇ, ਟੀਚਰ ਟਰੇਨਿੰਗ, ਨਤੀਜਿਆਂ ’ਚ ਸੁਧਾਰ ਅਤੇ ਸਾਰੀ ਸਿਖਿਆ ਵਿਵਸਥਾ ਦੀ ਤੁਲਨਾ ਕੀਤੀ ਜਾ ਸਕੇ। ਪੰਜਾਬ ਦੀ ਜਨਤਾ ਇਹ ਸਮਝ ਸਕੇ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਦਿੱਲੀ ਦਾ ਸਿੱਖਿਆ ਮਾਡਲ ਸ਼ਾਨਦਾਰ ਹੈ ਜਾਂ ਪੰਜਾਬ ਵਿੱਚ ਕਾਂਗਰਸ ਦਾ ਸਿੱਖਿਆ ਮਾਡਲ ਚੰਗਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, AAP, Arvind Kejriwal, Education department, Education Minister, Manish sisodia, Pargat singh, Punjab politics