
ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਓਪਨ ਪ੍ਰੀਖਿਆ ਦੇ ਨਤੀਜੇ ਐਲਾਨੇ
ਕਰਨ ਵਰਮਾ
ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਪ੍ਰੀਖਿਆ ਮਾਰਚ 2021 ਦੇ ਓਪਨ ਸਕੂਲ ਪ੍ਰਣਾਲੀ ਨਾਲ ਸਬੰਧਤ ਪੂਰੇ ਵਿਸ਼ੇ ਕੈਟਾਗਰੀ ਦੇ ਪ੍ਰੀਖਿਆਰਥੀਆਂ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ।
ਕੰਟਰੋਲਰ ਪ੍ਰੀਖਿਆਵਾਂ ਜੇ.ਆਰ. ਮਹਿਰੋਕ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਕੁੱਲ 9561 ਪ੍ਰੀਖਿਆਰਥੀਆਂ ਨੇ ਦਾਖਲਾ ਭਰਿਆ, ਜਿਨ੍ਹਾਂ ਵਿੱਚੋਂ 9240 ਪ੍ਰੀਖਿਆਰਥੀ ਪਾਸ ਘੋਸ਼ਿਤ ਕੀਤੇ ਗਏ ਹਨ। ਕੁੱਲ 38 ਪ੍ਰੀਖਿਆਰਥੀਆਂ ਦੀ ਰੀ-ਅਪੀਅਰ ਆਈ ਹੈ ਅਤੇ 78 ਪ੍ਰੀਖਿਆਰਥੀ ਫੇਲ ਐਲਾਨੇ ਗਏ ਹਨ। ਕੁੱਲ 205 ਪ੍ਰੀਖਿਆਰਥੀ ਅਜਿਹੇ ਹਨ ਜਿਨ੍ਹਾਂ ਦਾ ਨਤੀਜਾ ਤਕਨੀਕੀ ਕਾਰਨਾਂ ਕਰਕੇ ਲੇਟ ਹੈ।
ਇਸਤੋਂ ਪਹਿਲਾਂ ਅਕਾਦਮਿਕ ਸਾਲ 2020-21 ਲਈ ਸੀਨੀਅਰ ਸੈਕੰਡਰੀ ਸ਼੍ਰੇਣੀ ਦੇ ਸਮੇਤ ਓਪਨ ਸਕੂਲ ਸਾਰੇ ਰੈਗੂਲਰ ਪਰੀਖਿਆਰਥੀਆਂ ਦਾ ਨਤੀਜਾ ਸ਼ੁੱਕਰਵਾਰ 30 ਜੁਲਾਈ ਨੂੰ ਬਾਅਦ ਦੁਪਹਿਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਵੱਲੋਂ ਐਲਾਨਿਆ ਗਿਆ ਸੀ।
ਕੰਟਰੋਲਰ ਪਰੀਖਿਆਵਾਂ ਮਹਿਰੋਕ ਵੱਲੋਂ ਮੀਡੀਆ ਨੂੰ ਜਾਰੀ ਜਾਣਕਾਰੀ ਅਨੁਸਾਰ ਸਲਾਨਾ ਸੀਨੀਅਰ ਸੈਕੰਡਰੀ ਪ੍ਰੀਖਿਆਵਾਂ ਦਾ ਨਤੀਜਾ ਪ੍ਰੀਖਿਆਰਥੀਆਂ ਦੇ ਵੇਰਵਿਆਂ ਅਤੇ ਅੰਕਾਂ ਸਹਿਤ ਸਵੇਰੇ 10 ਵਜੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਦੇ ਨਾਲ-ਨਾਲ www.indiaresults.com 'ਤੇ ਉਪਲੱਬਧ ਕਰਾਵਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੰਬੰਧਤ ਪਰੀਖਿਆਰਥੀ ਆਪਣਾ ਰੋਲ ਨੰਬਰ ਜਾਂ ਵੇਰਵੇ ਦਰਜ ਕਰਦੇ ਹੋਏ ਨਤੀਜਾ ਪ੍ਰਾਪਤ ਕਰ ਸਕਣਗੇ। ਨਤੀਜੇ ਵਿੱਚ ਜੇਕਰ ਕੋਈ ਤਰੁਟੀ ਪਾਈ ਜਾਂਦੀ ਹੈ ਤਾਂ ਸੰਬੰਧਤ ਪਰੀਖਿਆਰਥੀ ਨਤੀਜਾ ਐਲਾਨੇ ਜਾਣ ਤੋਂ 20 ਦਿਨ ਦੇ ਅੰਦਰ-ਅੰਦਰ ਬਿਨਾਂ ਕਿਸੇ ਲੇਟ ਫ਼ੀਸ ਦੇ ਕੇਵਲ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਸੋਧ ਕਰਵਾ ਸਕਦੇ ਹਨ। ਆਖ਼ਰੀ ਮਿਤੀ ਤੋਂ ਬਾਅਦ ਸੋਧ ਲਈ ਲੋੜੀਦੇ ਦਸਤਾਵੇਜ਼ਾਂ ਦੇ ਨਾਲ ਸੋਧ ਲਈ ਨਿਰਧਾਰਤ ਫ਼ੀਸ ਵੀ ਜਮ੍ਹਾਂ ਕਰਵਾਉਣੀ ਹੋਵੇਗੀ।
ਕੰਟਰੋਲਰ ਪ੍ਰੀਖਿਆਵਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਸੀਨੀਅਰ ਸੈਕੰਡਰੀ ਪ੍ਰੀਖਿਆ ਮਾਰਚ 2021 ਦੇ ਐਲਾਨੇ ਆਪਣੇ ਨਤੀਜੇ ਤੋਂ ਜੇਕਰ ਕੋਈ ਪ੍ਰੀਖਿਆਰਥੀ ਅਸੰਤੁਸ਼ਟ ਹੈ ਤਾਂ ਉਹ ਸਾਰੇ ਵਿਸ਼ਿਆਂ ਦੀ ਲਿਖਤੀ ਅਤੇ ਪ੍ਰਯੋਗੀ ਮੁੜ ਪ੍ਰੀਖਿਆ ਦੇਣ ਲਈ ਸਵੈ-ਘੋਸ਼ਣਾ ਪੱਤਰ ਦੀ ਕਾਪੀ, ਜੋ ਕਿ ਸੰਬੰਧਤ ਜਾਂ ਉਸ ਦੇ ਮਾਪਿਆਂ ਵੱਲੋਂ ਪ੍ਰੀਖਿਆ ਦੇ ਵੇਰਵੇ ਦਰਜ ਕਰਕੇ ਨਤੀਜਾ ਐਲਾਨੇ ਜਾਣ ਤੋਂ 15 ਦਿਨਾਂ ਦੇ ਅੰਦਰ-ਅੰਦਰ ਆਪਣੇ ਸਕੂਲ ਦੀ ਲਾਗਇੰਨ ਆਈ.ਡੀ. ਰਾਹੀਂ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਭੇਜਣ।
ਇਸਤੋਂ ਇਲਾਵਾ ਆਪਣੀ ਕਾਰਗੁਜ਼ਾਰੀ ਸੁਧਾਰਨ, ਵਾਧੂ ਵਿਸ਼ੇ ਜਾਂ ਓਪਨ ਸਕੂਲ ਪ੍ਰਣਾਲੀ ਅਧੀਨ ਤਿੰਨ ਜਾਂ ਤਿੰਨ ਤੋਂ ਵੱਧ ਵਿਸ਼ਿਆਂ ਦੀ ਰੀ-ਅਪੀਅਰ ਲਈ ਫ਼ਾਰਮ ਭਰਨ ਵਾਲੇ ਪਰੀਖਿਆਰਥੀਆਂ ਦੀ ਪਰੀਖਿਆ ਹਾਲਾਤ ਸੁਖਾਵੇਂ ਹੋਣ ਤੇ ਪਹਿਲਾਂ ਪ੍ਰਾਪਤ ਹੋਈ ਫ਼ੀਸ ਦੇ ਅਧਾਰ ਤੇ ਆਉਣ ਵਾਲੇ ਸਮੇਂ ਦੌਰਾਨ ਕਰਵਾਈ ਜਾਵੇਗੀ।
ਕੰਟਰੋਲਰ ਪਰੀਖਿਆਵਾਂ ਅਨੁਸਾਰ ਸੀਨੀਅਰ ਸੈਕੰਡਰੀ ਸ਼੍ਰੇਣੀ ਦੇ ਐਲਾਨੇ ਇਨ੍ਹਾਂ ਨਤੀਜਿਆਂ ਨਾਲ ਸਬੰਧਤ ਸਰਟੀਫ਼ਿਕੇਟ ਡਿਜੀਲਾਕਰ 'ਤੇ ਅਪਲੋਡ ਕੀਤੇ ਜਾਣਗੇ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।