ਚੰਡੀਗੜ੍ਹ: Punjab News: ਪੰਜਾਬ ਦੀ ਧਰਤੀ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ, ਬਰਗਾੜੀ ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਸਮੇਤ ਹੋਰ ਦਰਜਨਾਂ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਦੇ ਇਤਿਹਾਸ ਦੀਆਂ ਉਹ ਮੰਦਭਾਗੀਆਂ ਅਤੇ ਕਾਲ਼ੀਆਂ ਘਟਨਾਵਾਂ ਹਨ ਜਿਨ੍ਹਾਂ ਦੇ ਦਾਗਾਂ ਨੂੰ ਕਦੇ ਵੀ ਧੋਤਾ ਨਹੀਂ ਜਾ ਸਕਦਾ। ਸ਼ੋਮਣੀ ਅਕਾਲੀ ਦਲ (ਸੰਯੁਕਤ) (Akali Dal United) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਇਹ ਹੋਰ ਵੀ ਜਿਆਦਾ ਦੁਖਦਾਈ ਪਹਿਲੂ ਹੈ ਕਿ ਇਤਿਹਾਸ ਦੇ ਇਹ ਕਾਲ਼ੇ ਪੰਨੇ ਉਸ ਮੌਕੇ ਲਿਖੇ ਗਏ ਜਦੋਂ ਪੰਜਾਬ ਚ ਸਰਕਾਰ ਸ਼ੋਮਣੀ ਅਕਾਲੀ ਦਲ (ਬਾਦਲ) ਦੀ ਸੀ ਅਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸਨ। ਜਿਨ੍ਹਾਂ ਦੀ ਅਗਵਾਈ ਹੇਠ ਇਹ ਸਭ ਵਾਪਰਿਆ। ਉਨ੍ਹਾਂ ਕਿਹਾ ਇਨ੍ਹਾਂ ਕਾਲ਼ੀਆਂ ਘਟਨਾਵਾਂ ਨਾਲ ਸੰਬੰਧਿਤ ਕੋਈ ਵੀ ਧਿਰ ਕਦੇ ਵੀ ਆਪਣੇ ਆਪ ਨੂੰ ਬਰੀ ਨਹੀਂ ਹੋ ਸਕਦੀ।
ਢੀਂਡਸਾ ਨੇ ਕਿਹਾ ਸੁਖਬੀਰ ਸਿੰਘ ਬਾਦਲ ਅਤੇ ਉਸ ਦੀ ਜੁੰਡਲੀ ਵੱਲੋਂ ਇਨ੍ਹਾਂ ਬੇਅਦਬੀ ਨਾਲ ਸੰਬੰਧਿਤ ਮੰਦਭਾਗੀਆਂ ਘਟਨਾਵਾਂ ਨੂੰ ਹੋਂਦ ਚ ਲਿਆਉਣ ਲਈ ਪੰਜਾਬ ਦੀ ਧਰਤੀ ਉੱਤੇ ਇੱਕ ਜ਼ੁਰਮਪੇਸ਼ੇ ਵਾਲਾ ਮਾਹੌਲ ਉਸਾਰਿਆ ਗਿਆ ਤਾਂ ਜੋ ਸਿੱਖਾਂ ਦੀ ਵਿਰਾਸਤੀ ਤਾਕਤ ਨੂੰ ਭੜਕਾ ਕੇ ਸਰਕਾਰੀ ਤਾਕਤ ਨਾਲ ਕੁਚਲਿਆ ਜਾ ਸਕੇ। ਉਨ੍ਹਾਂ ਕਿਹਾ ਤਤਕਾਲੀ ਡੀਜੀਪੀ ਅਤੇ ਉਸ ਦੀ ਟੀਮ ਨੇ ਸੁਖਬੀਰ ਬਾਦਲ ਦੀ ਇਸ ਸਾਜਿਸ਼ ਨੂੰ ਨੇਪਰੇ ਚਾੜਨ ਲਈ ਪੰਜਾਬ ਦੀ ਧਰਤੀ ਉੱਤੇ ਸਿੱਖਾਂ ਦਾ ਰੱਜ ਕੇ ਖੂਨ ਡੋਲਿਆ ਅਤੇ ਸੈਂਕੜੇ ਸਿੱਖਾਂ ਵਿਰੁੱਧ ਦੇਸ਼ ਧ੍ਰੋਹ ਦੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਚ ਬੰਦ ਕੀਤਾ।
ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਦਾ ਕਾਲ ਹੀ ਹੈ ਜਦੋਂ ਡੇਰਾ ਸਿਰਸਾ ਮੁਖੀ ਵੱਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਉਣ,ਇਸ ਘਟਨਾ ਦਾ ਵਿਰੋਧ ਕਰਨ ਵਾਲੇ ਅੱਧੀ ਦਰਜਨ ਸਿੱਖਾਂ ਨੂੰ ਪੁਲਿਸ ਵੱਲੋਂ ਗੋਲ਼ੀਆਂ ਮਾਰਕੇ ਸ਼ਹੀਦ ਕਰਨ ਅਤੇ ਸੈਂਕੜੇ ਸਿੱਖਾਂ ਵਿਰੁੱਧ ਧਾਰਾ 295 ਅਧੀਨ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਚ ਬੰਦ ਕੀਤਾ। ਸਵਾਂਗ ਰਚਾਉਣ ਵਿਰੁੱਧ ਥਾਣਾ ਕੋਤਵਾਲੀ ਬਠਿੰਡਾ ਚ ਡੇਰਾ ਮੁਖੀ ਖਿਲਾਫ ਦਰਜ ਕੇਸ ਨੂੰ ਝੂਠੇ ਦਸਖਤ ਕਰਕੇ ਵਾਪਿਸ ਕਰਾਉਣ,ਡੇਰਾ ਮੁਖੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫ਼ੀ ਦਿਵਾਉਣੀ ਅਤੇ ਇਸ ਮੁਆਫ਼ੀ ਨੂੰ ਸਹੀ ਠਹਿਰਾਉਣ ਲਈ ਐਸਜੀਪੀਸੀ ਵੱਲੋਂ 92 ਲੱਖ ਦੇ ਇਸ਼ਤਿਹਾਰ ਅਖਬਾਰਾਂ ਚ ਪ੍ਰਕਾਸ਼ਿਤ ਕੀਤੇ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਤੇ ਉਸ ਦੀ ਟੀਮ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਦੇ ਮੁੱਖ ਦੋਸ਼ੀਆਂ ਵਿਰੁੱਧ ਆਪਣੇ ਦਸ ਸਾਲ ਦੇ ਰਾਜ ਚ ਢੁਕਵੀਂ ਕਾਨੂੰਨੀ ਕਰਕੇ ਉਨ੍ਹਾਂ ਨੂੰ ਸਜਾ ਨਹੀਂ ਦਿਵਾਈ ਬਲਕਿ ਇਸ ਜੁੰਡਲੀ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਲਈ ਦੋਸ਼ੀਆਂ ਲਗਾਤਾਰ ਬਚਾਉਣ ਦੀਆਂ ਕੀਤੀਆਂ ਗਈਆਂ ਸਾਜਿਸ਼ਾਂ ਅਤੇ ਕੋਸ਼ਿਸ਼ਾਂ ਜੱਗ ਜਾਹਰ ਹੋ ਚੁੱਕੀਆਂ ਹਨ।
ਉਨ੍ਹਾਂ ਕਿਹਾ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਾਲੇ ਵਿਅਕਤੀ ਵੀ ਬਰਾਬਰ ਦੇ ਗੁਨਾਹਗਾਰ ਹੁੰਦੇ ਹਨ ਸੁਖਬੀਰ ਬਾਦਲ ਇਨ੍ਹਾਂ ਬੇਅਦਬੀ ਅਤੇ ਇਸ ਨਾਲ ਸੰਬੰਧਿਤ ਬਾਕੀ ਘਟਨਾਵਾਂ ਲਈ ਸਿੱਧੇ ਤੌਰ ਉੱਤੇ ਜਿਮੇਵਾਰ ਹੈ ਜਿਸ ਨੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਕੇ ਉਨ੍ਹਾਂ ਨੂੰ ਪੈਰ ਪੈਰ ਉੱਤੇ ਬਚਾਇਆ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjab politics, Shiromani Akali Dal, Sukhbir Badal, Sukhdev singh dhindsa