ਫਿਲੌਰ/ ਜਲੰਧਰ: Kurukshetra Gurudwara vivad: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਵਿਚ ਗੁਰਦੁਆਰਾ ਸਾਹਿਬ ਵਿਚ ਗੋਲਕਾਂ ਤੇ ਦਫਤਰਾਂ ਦੇ ਤਾਲੇ ਤੋੜਨ ਨੂੰ ਸਿੱਖ ਇਤਿਹਾਸ ਵਿਚ ਕਾਲਾ ਦਿਨ ਕਰਾਰ ਦਿੱਤਾ ਹੈ ਅਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਵਿਚ ਸ਼ਰਧਾਲੂਆਂ ਤੇ ਪ੍ਰਬੰਧਕਾਂ ਨਾਲ ਪੁਲਿਸ ਦੀ ਧੱਕਾਮੁੱਕੀ ਨੁੰ ਬੇਹੱਦ ਨਿੰਦਣਯੋਗ ਕਰਾਰ ਦਿੱਤਾ ਹੈ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਹਰਿਆਣਾ ਵਿਚਲੇ ਸਾਰੇ ਗੁਰਧਾਮਾਂ ਨੂੰ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਲਿਆਉਣ ਵਾਸਤੇ ਸੰਘਰਸ਼ ਕਰਦਾ ਰਹੇਗਾ।
ਗੁਰਦੁਆਰਾ ਸਾਹਿਬ ਵਿਚ ਸ਼ਰਧਾਲੂਆਂ ਤੇ ਗੁਰਦੁਆਰਾ ਪ੍ਰਬੰਧਕਾਂ ਨਾਲ ਪੁਲਿਸ ਦੀ ਧੱਕਾਮੁੱਕੀ ਦੀ ਕੀਤੀ ਨਿਖੇਧੀ
ਕੁਰੂਕਸ਼ੇਤਰ ਵਿਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਚ ਗੋਲਕਾਂ ਤੇ ਦਫਤਰਾਂ ਦੇ ਤਾਲੇ ਤੋੜ ਕੇ ਧੱਕੇ ਨਾਲ ਕਬਜ਼ੇ ’ਤੇ ਸ਼ਖਤ ਪ੍ਰਤੀਕਰਮ ਪ੍ਰਗਟ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਹਰਿਆਣਾ ਸਰਕਾਰ ਨੇ ਸ਼ਰਧਾਲੂਆਂ ਤੇ ਗੁਰਦੁਆਰਾ ਪ੍ਰਬੰਧਕਾਂ ਦੇ ਖਿਲਾਫ ਪੁਲਿਸ ਦੀ ਧੱਕੇਸ਼ਾਹੀ ਦੀ ਵਰਤੋਂ ਕੀਤੀ ਹੈ। ਉਹਨਾਂ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਹਿਰਾਸਤ ਵਿਚ ਲੈਣ ਦੇ ਹੁਕਮ ਜਾਰੀ ਕਰਨ ’ਤੇ ਹਰਿਆਣਾ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਮੌਜੂਦਾ ਹਾਲਾਤਾਂ ਲਈ ਹਰਿਆਣਾ ਸਰਕਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ। ਉਹਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਤੋੜਨ ਦਾ ਕੰਮ ਕੀਤਾ ਤੇ ਫਿਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕਰ ਕੇ ਗੁਰਦੁਆਰਾ ਸਾਹਿਬਾਨ ਦਾ ਕੰਟਰੋਲ ਮਹੰਤਾਂ ਦੇ ਹੱਥ ਦੇ ਦਿੱਤਾ। ਉਹਨਾਂ ਕਿਹਾ ਕਿ ਹੁਣ ਆਖਰੀ ਪੜਾਅ ਵਿਚ ਗੋਲਕਾਂ ਤੇ ਗੁਰਦੁਆਰਾ ਦਫਤਰਾਂ ਦੇ ਤਾਲੇ ਤੋੜ ਕੇ ਜ਼ਬਰੀ ਕਬਜ਼ਾ ਕੀਤਾ ਗਿਆ ਹੈ।
ਅਕਾਲੀ ਦਲ ਦਾ ਵਫਦ ਭਲਕੇ ਕੁਰੂਕਸ਼ੇਤਰ ਦਾ ਦੌਰਾ ਕਰੇਗਾ
ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦਾ ਵਫਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਲਾਹ ਮਸ਼ਵਰਾ ਕਰ ਕੇ ਭਲਕੇ ਕੁਰੂਕਸ਼ੇਤਰ ਦਾ ਦੌਰਾ ਕਰੇਗਾ ਅਤੇ ਹਾਲਾਤ ਦਾ ਜਾਇਜ਼ਾ ਲਵੇਗਾ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸਿੱਖ ਕੌਮ ਨਾਲ ਹੋਏ ਅਨਿਆਂ ਨੂੰ ਦਰੁੱਸਤ ਕਰਨ ਵਾਸਤੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ’ਤੇ ਤਿੱਖਾ ਹਮਲਾ ਬੋਲਦਿਆਂ ਉਹਨਾਂ ਨੂੰ ਆਖਿਆਕਿ ਉਹ ਸਿੱਖ ਪੰਥ ਨੂੰ ਦੱਸਣ ਕਿ ਉਹਨਾਂ ਦੇ ਆਕਾ ਅਰਵਿੰਦ ਕੇਜਰੀਵਾਲ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਪਟੀਸ਼ਨ ਛੇ ਵਾਰ ਕਿਉਂ ਠੁਕਰਾਈ ਅਤੇ ਉਹਨਾਂ ਨੇ ਆਪ ਇਹ ਸਿਫਾਰਸ਼ ਕਿਉਂ ਕੀਤੀ ਕਿ ਭਾਈ ਗੁਰਮੀਤ ਸਿੰਘ ਇੰਜੀਨੀਅਰ ਨੂੰ ਰਿਹਾਅ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਸ਼ੈਤਾਨੀ ਦਿਮਾਗ ਮਾਲਕਹਨ।
ਬਾਦਲ ਨੇ ਭਗਵੰਤ ਮਾਨ ਨੂੰ ਸਿੱਖ ਪੰਥ ਦਾ ਗੱਦਾਰ ਕਰਾਰ ਦਿੰਦਿਆਂ ਕਿਹਾ ਕਿ ਪੰਥ ਕਦੇ ਵੀ ਉਹਨਾਂ ਨੂੰ ਸ਼ਰਾਬ ਪੀਕੇ ਗੁਰਦੁਆਰਾ ਸਾਹਿਬ ਵਿਚ ਜਾਣ ਸਮੇਤ ਕੀਤੇ ਗੁਨਾਹਾਂ ਲਈ ਮੁਆਫ ਨਹੀਂ ਕਰ ਸਕੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਲਈ ਸਿੱਧੇ ਤੌਰ ’ਤੇਜ਼ਿੰਮੇਵਾਰ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gurdwara, Haryana governor, Haryana Police, Shiromani Akali Dal, Sikh News, Sukhbir Badal