ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖ ਕੇ ਗੈਰ-ਕਾਨੂੰਨੀ ਰੇਤ ਖਣਨ ਵਿਰੁੱਧ ਵਿਧਾਨ ਸਭਾ ਵਿੱਚ ਵ੍ਹਾਈਟ ਪੇਪਰ ਲਿਆਉਣ ਦੀ ਮੰਗ ਕੀਤੀ ਹੈ। ਖਹਿਰਾ ਨੇ ਲਿਖੇ ਪੱਤਰ ਵਿੱਚ ਕਿਹਾ, ''ਮੈਂ ਇੱਥੇ ਤੁਹਾਡੇ ਧਿਆਨ ਵਿੱਚ ਲਿਆਉਂਦਾ ਹਾਂ ਕਿ ਪੰਜਾਬ ਵਿੱਚ ਤੁਹਾਡੀ ਨਵੀਂ ਬਣੀ ਸਰਕਾਰ ਲਈ ਸਮਾਂ ਆ ਗਿਆ ਹੈ ਕਿ ਸਰਕਾਰ ਦੁਆਰਾ ਉਨ੍ਹਾਂ ਸਿਆਸਤਦਾਨਾਂ, ਨੌਕਰਸ਼ਾਹਾਂ ਅਤੇ ਵਿਚੋਲਿਆਂ ਦਾ ਪਰਦਾਫਾਸ਼ ਕੀਤਾ ਜਾਵੇ ਜਿਨ੍ਹਾਂ ਦੇ ਰੇਤ ਦੇ ਗੈਰ-ਕਾਨੂੰਨੀ ਕਾਰੋਬਾਰ ਵਿੱਚ ਹੱਥ ਰੰਗੇ ਹੋਏ ਹਨ ਅਤੇ ਜੋ ਇਸ ਕਾਰੋਬਾਰ ਦੀ ਕਾਲਾ ਬਾਜ਼ਾਰੀ ਨਾਲ ਸੂਬੇ ਨੂੰ ਕਰੋੜਾਂ ਰੁਪਏ ਦੇ ਜਾਇਜ਼ ਮਾਲੀਏ ਤੋਂ ਵਾਂਝਾ ਕਰ ਰਹੇ ਹਨ।''
ਉਨ੍ਹਾਂ ਅੱਗੇ ਕਿਹਾ, ਇਸ ਤੋਂ ਇਲਾਵਾ ਸੂਬੇ ਵਿੱਚ ਚੱਲ ਰਿਹਾ ਗੈਰ-ਕਾਨੂੰਨੀ ਮਾਈਨਿੰਗ ਮਾਫੀਆ ਵੀ ਪੰਜਾਬ ਦੇ ਆਮ ਲੋਕਾਂ ਲਈ ਰੇਤੇ ਦੇ ਬੇਤਹਾਸ਼ਾ ਉੱਚੇ ਭਾਅ ਲਾਕੇ ਆਮ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਰਿਹਾ ਹੈ।''
ਖਹਿਰਾ ਨੇ ਕਿਹਾ, ਮੈਂ ਆਪਣੇ ਟਵੀਟ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਯਾਨੀ ਤੁਹਾਡੇ ਦਫ਼ਤਰ ਨੂੰ ਟੈਗ ਕੀਤਾ ਹੈ ਤਾਂ ਜੋ ਪੰਜਾਬ ਰਾਜ ਨੂੰ ਕਰੋੜਾਂ ਰੁਪਏ ਤੋਂ ਵੱਧ ਦੀ ਲੁੱਟ ਕਰਨ ਵਾਲੇ ਮਾਈਨਿੰਗ ਮਾਫੀਆ ਦਾ ਪਰਦਾਫਾਸ਼ ਕੀਤਾ ਜਾ ਸਕੇ।''
ਕਾਂਗਰਸ ਆਗੂ ਨੇ ਮੁੱਖ ਮੰਤਰੀ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ ਤੁਸੀਂ ਖ਼ੁਦ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਦਿੱਲੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕਿਹਾ ਸੀ ਕਿ ਰੇਤ ਮਾਫੀਆ ਨੂੰ ਨੱਥ ਪਾ ਕੇ ਰੇਤ ਸਬੰਧੀ ਸਹੀ ਪਾਲਿਸੀ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਸੂਬੇ ਦੇ ਖਜ਼ਾਨੇ ਵਿਚ ਇਸ ਦੇ ਕਾਰੋਬਾਰ ਰਾਹੀਂ ਘੱਟੋ ਘੱਟ 20,000 ਕਰੋੜ ਰੁਪਏ ਪਾਵੋਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਦੋਵੇਂ ਹੀ ਪੰਜਾਬ ਚੋਣ ਪ੍ਰਚਾਰ ਦੌਰਾਨ ਉਪਰੋਕਤ ਮੁੱਦੇ ਨੂੰ ਲੈਕੇ ਅਕਸਰ ਇਹ ਦਾਅਵਾ ਕਰਦੇ ਅਤੇ ਉਠਾਉਂਦੇ ਰਹਿ ਹੋ ਕਿ ਜੇਕਰ ਤੁਹਾਡੀ ਪਾਰਟੀ ਨੂੰ ਸੱਤਾ ਵਿੱਚ ਲਿਆਂਦਾ ਗਿਆ ਤਾਂ ਤੁਸੀਂ ਸਿਆਸਤਦਾਨਾਂ,ਅਤੇ ਨੌਕਰਸ਼ਾਹਾਂ ਦਰਮਿਆਨ ਗਠਜੋੜ ਦਾ ਪਰਦਾਫਾਸ਼ ਕਰੋਗੇ, ਚਾਹੇ ਉਹ ਤੁਹਾਡੀ ਪਾਰਟੀ ਨਾਲ ਸਬੰਧਤ ਹੋਣ ਜਾਂ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ. ਬਾਕੀ ਪਾਰਟੀਆਂ ਨਾਲ ਸਬੰਧਤ ਕੋਈ ਵੀ ਹੋਵੇ।
ਭੁਲੱਥ ਤੋਂ ਵਿਧਾਇਕ ਖਹਿਰਾ ਨੇ ਅਪੀਲ ਕੀਤੀ ਕਿ, ''ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਗੈਰ-ਕਾਨੂੰਨੀ ਮਾਈਨਿੰਗ ਦੇ ਮੁੱਦੇ 'ਤੇ ਇੱਕ ਵ੍ਹਾਈਟ ਪੇਪਰ ਲਿਆਓ ਤਾਂ ਜੋ ਉਪਰੋਕਤ ਗਤੀਵਿਧੀਆਂ ਵਿੱਚ ਸ਼ਾਮਲ ਕਾਲੀਆਂ ਭੇਡਾਂ ਨੂੰ ਪੰਜਾਬ ਦੇ ਲੋਕਾਂ ਦੇ ਸਾਹਮਣੇ ਬੇਨਕਾਬ ਕੀਤਾ ਜਾ ਸਕੇ। ਰਾਜ ਸਰਕਾਰ ਵੱਲੋਂ ਇਸ ਮੁੱਦੇ 'ਤੇ ਮਾਈਨਿੰਗ ਨੀਤੀ ਬਣਾਉਣ ਤੋਂ ਪਹਿਲਾਂ ਅਜਿਹਾ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ਼ ਕਰਜ਼ੇ ਦੇ ਬੋਝ ਹੇਠ ਦੱਬੇ ਪੰਜਾਬ ਲਈ ਮਾਲੀਆ ਪੈਦਾ ਹੋਵੇਗਾ ਸਗੋਂ ਆਮ ਲੋਕਾਂ ਨੂੰ ਸਸਤੇ ਭਾਅ 'ਤੇ ਰੇਤ ਵੀ ਉਪਲਬਧ ਹੋਵੇਗੀ।''
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।