ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਉੱਤੇ ਵੱਡਾ ਹਮਲਾ ਬੋਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਕੇਂਦਰ ਸਰਕਾਰ ਪਰਾਲੀ ਪ੍ਰਦੂਸ਼ਣ ਬਾਰੇ ਰੋਜ਼ਾਨਾ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਦਕਿ ਏਅਰ ਕੁਆਲਿਟੀ ਇੰਡੈਕਸ ਦੀ ਰਿਪੋਰਟ ਅਨੁਸਾਰ ਹਰਿਆਣਾ ਅਤੇ ਯੂ.ਪੀ. ਦੇ ਸ਼ਹਿਰ ਵੱਧ ਪ੍ਰਦੂਸ਼ਿਤ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇੰਡੈਕਸ ਦੀ ਰਿਪੋਰਟ ’ਚ ਫਰੀਦਾਬਾਦ ਨੰਬਰ ਇਕ ਉੱਤੇ ਹੈ। ਇਸ ਤੋਂ ਇਲਾਵਾ ਹਰਿਆਣਾ ਦਾ ਸ਼ਹਿਰ ਦਾ ਫਰੀਦਾਬਾਦ, ਮਾਨਵੇਸਰ, ਗਵਾਲੀਅਰ, ਗੁੜਗਾਓਂ, ਭੋਪਾਲ, ਪਾਣੀਪਤ ਕੋਟਾ, ਰੋਹਤਕ, ਹਿਸਾਰ, ਜੈਪੁਰ, ਜਬਲਪੁਰ, ਆਗਰਾ, ਬੱਦੀ, ਉਦੈਪੁਰ ਅਤੇ ਚੰਡੀਗੜ੍ਹ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਸ਼ਹਿਰ ਹਨ ਜਿਹੜੇ ਵੱਧ ਪ੍ਰਦੂਸ਼ਿਤ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੀ ਸਿਰਫ ਪੰਜਾਬ ਅਤੇ ਦਿੱਲੀ ਹੀ ਪ੍ਰਦੂਸ਼ਣ ਫੈਲਾਅ ਰਹੇ ਹਨ ਜਦਕਿ ਆਲੇ-ਦੁਆਲੇ ਦੇ ਸੂਬੇ ਤਾਂ ਸਵਿਟਜ਼ਰਲੈਂਡ ’ਚ ਵੱਸਦੇ ਹਨ।
ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਈ ਮਹੀਨੇ ਪਹਿਲਾਂ ਕਮਿਸ਼ਨ ਫਾਰ ਏਅਰ ਕੁਆਲਿਟੀ ਇੰਡੈਕਸ ਨੂੰ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਦੇ ਦਿੱਤਾ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ 1500 ਰੁਪਏ ਕੇਂਦਰ, 500 ਰੁਪਏ ਦਿੱਲੀ ਸਰਕਾਰ ਅਤੇ 500 ਰੁਪਏ ਪੰਜਾਬ ਸਰਕਾਰ ਸਣੇ ਕੁੱਲ 2500 ਰੁਪਏ ਪ੍ਰਤੀ ਏਕੜ ਵਿੱਤੀ ਮਦਦ ਦੇਣ। ਦੂਜਾ ਪਰਾਲੀ ਤੋਂ ਬਾਇਓ ਐਨਰਜੀ ਅਤੇ ਬਿਜਲੀ ਸਣੇ ਹੋਰਨਾਂ ਵਸਤੂਆਂ ਬਣਾਈਆਂ ਜਾ ਸਕਦੀਆਂ ਹਨ। ਇਸ ਲਈ ਕਈ ਵੱਡੇ ਉਦਯੋਗ ਪੰਜਾਬ ਵਿੱਚ ਆਉਣ ਲਈ ਤਿਆਰ ਹਨ। ਇਸ ਲਈ ਕੇਂਦਰ ਸਰਕਾਰ ਕਿਸੇ ਪੈਕੇਜ ਦਾ ਐਲਾਨ ਕੀਤਾ ਜਾਵੇ।ਮਾਨ ਨੇ ਕਿਹਾ ਹੈ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਦੋਵਾਂ ਤਰ੍ਹਾਂ ਦੇ ਹੱਲ ਤੋਂ ਇਨਕਾਰ ਕਰ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਪਜਾਬ ਦੇ ਕਿਸਾਨ ਅੱਗੇ ਵਧਣ। ਇਸੇ ਲਈ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਜੇ ਅਸੀਂ ਪਰਾਲੀ ਦਾ ਹੱਲ ਦਿੰਦੇ ਹਾਂ ਤਾਂ ਸਰਕਾਰ ਗੌਰ ਨਹੀਂ ਕਰਦੀ। ਪੰਜਾਬ ਦੇ ਕਿਸਾਨ ਵੀ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦੇ ਸਿਰਫ ਮਜਬੂਰੀ ਵਸ ਇਹ ਕਦਮ ਚੁੱਕ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Central government, Paddy, Paddy Straw Burning, Paddy stubble, Punjab