• Home
 • »
 • News
 • »
 • punjab
 • »
 • CM ANNOUNCES CONSTRUCTION OF NURSING COLLEGE AT VILLAGE BUNDALA OF COMRADE HARKISHAN SINGH SURJIT

ਮੁੱਖ ਮੰਤਰੀ ਵੱਲੋਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਪਿੰਡ ਬੁੰਡਾਲਾ ਵਿਖੇ ਨਰਸਿੰਗ ਕਾਲਜ ਬਣਾਉਣ ਦਾ ਐਲਾਨ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਵੀ ਉੱਘੇ ਕਮਿਊਨਿਸਟ ਆਗੂ ਦੇ ਨਾਂ ’ਤੇ ਰੱਖਿਆ

25 ਕਿਲੋਮੀਟਰ ਲੰਬੀ ਬੜਾ ਪਿੰਡ ਤੋਂ ਜੰਡਿਆਲਾ ਸੜਕ ਦਾ ਨਾਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਮਾਰਗ ਰੱਖਿਆ

 • Share this:
  ਬੁੰਡਾਲਾ (ਜਲੰਧਰ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਮਹਾਨ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਜੱਦੀ ਪਿੰਡ ਬੁੰਡਾਲਾ ਵਿਖੇ ਨਰਸਿੰਗ ਕਾਲਜ ਬਣਾਉਣ ਦਾ ਐਲਾਨ ਕੀਤਾ।

  ਉੱਘੇ ਕਮਿਊਨਿਸਟ ਆਗੂ ਹਰਕਿਸ਼ਨ ਸਿੰਘ ਸੁਰਜੀਤ ਅਤੇ ਉਨ੍ਹਾਂ ਦੀ ਪਤਨੀ ਪ੍ਰੀਤਮ ਕੌਰ ਨੂੰ ਪਿੰਡ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡ ਦੀ ਪੰਚਾਇਤ ਨੂੰ ਪੰਜ ਏਕੜ ਜ਼ਮੀਨ ਦਾ ਪ੍ਰਬੰਧ ਕਰਨ ਦਾ ਕਹਿੰਦਿਆਂ ਐਲਾਨ ਕੀਤਾ ਕਿ ਅਗਲੇ ਦਸ ਦਿਨਾਂ ਅੰਦਰ ਨਰਸਿੰਗ ਕਾਲਜ ਦੀ ਸਥਾਪਨਾ ਸਬੰਧੀ ਲੋੜੀਂਦੀਆਂ ਰਸਮਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ।

  ਮੁੱਖ ਮੰਤਰੀ ਵੱਲੋਂ ਬੜਾ ਪਿੰਡ ਤੋਂ ਜੰਡਿਆਲਾ ਨੂੰ ਜਾਂਦੀ 25 ਕਿਲੋਮੀਟਰ ਲੰਬੀ ਸੜਕ ਦਾ ਨਾਮ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਮਾਰਗ ਰੱਖਿਆ ਗਿਆ, ਜਿਸਦੇ ਮਜ਼ਬੂਤੀਕਰਨ ਉੱਤੇ 6 ਕਰੋੜ ਰੁਪਏ ਦੀ ਲਾਗਤ ਆਵੇਗੀ।

  ਇਸ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੁੰਡਾਲਾ ਦਾ ਨਾਮ ਵੀ ਦੇਸ਼ ਦੀ ਸਿਰਕੱਢ ਸਿਆਸੀ ਸ਼ਖਸੀਅਤ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਨਾਂ ’ਤੇ ਰੱਖਿਆ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਹ ਪ੍ਰਾਜੈਕਟ ਅਤੇ ਐਲਾਨ ਦੇਸ਼ ਦੇ ਜਮਹੂਰੀ ਢਾਂਚੇ ਦੀ ਰਾਖੀ ਅਤੇ ਮਜ਼ਬੂਤੀ ਵਿੱਚ ਵਡਮੁੱਲਾ ਯੋਗਦਾਨ ਅਤੇ ਅਹਿਮ ਭੂਮਿਕਾ ਨਿਭਾਉਣ ਵਾਲੇ ਉੱਘੇ ਕਾਮਰੇਡ ਸੁਰਜੀਤ ਦੇ ਕਾਰਜਾਂ ਅੱਗੇ ਬਹੁਤ ਛੋਟੇ ਹਨ ਪਰ ਪੰਜਾਬ ਸਰਕਾਰ ਇਸ ਖੇਤਰ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਵੱਖ-ਵੱਖ ਵਿਕਾਸ ਕਾਰਜਾਂ ‘ਤੇ 1.75 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਹੋਰ ਕਈ ਪ੍ਰਾਜੈਕਟਾਂ ਲਈ ਫੰਡ ਵੀ ਜਾਰੀ ਕੀਤੇ ਜਾਣਗੇ।  ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਬੇਮਿਸਾਲ ਯੋਗਦਾਨ ਬਾਰੇ ਬੋਲਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਾਬਕਾ ਆਗੂ ਆਪਣੇ ਜੀਵਨ ਦੌਰਾਨ ਕੌਮ ਦੇ ਵਡੇਰੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਵੰਡੀਆਂ ਪਾਉਣ ਵਾਲੀਆਂ ਅਤੇ ਫਾਸੀਵਾਦੀ ਤਾਕਤਾਂ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਵਿਰੁੱਧ ਡੱਟੇ ਰਹੇ। ਉਨ੍ਹਾਂ ਇਹ ਵੀ ਯਾਦ ਕੀਤਾ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਬਣਾਉਣ ਤੋਂ ਇਲਾਵਾ ਸੀ.ਪੀ.ਆਈ. ਅਤੇ ਸੀ.ਪੀ.ਆਈ.(ਐਮ) ਵਿਚਾਲੇ ਕੜੀ ਵਜੋਂ ਅਹਿਮ ਭੂਮਿਕਾ ਨਿਭਾਈ।

  ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਆਜ਼ਾਦੀ ਸੰਗਰਾਮ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਪੰਜਾਬ ਨੂੰ ਮਿੱਟੀ ਦੇ ਇਸ ਪੁੱਤਰ ‘ਤੇ ਹਮੇਸ਼ਾ ਮਾਣ ਰਹੇਗਾ, ਜੋ ਵਿਧਾਇਕ ਅਤੇ ਰਾਜ ਸਭਾ ਮੈਂਬਰ ਵੀ ਰਹਿ ਚੁੱਕਾ ਹੈ।ਉਨਾਂ ਇਹ ਵੀ ਦੱਸਿਆ ਕਿ ਕਾਮਰੇਡ ਸੁਰਜੀਤ ਨੇ ਆਪਣਾ ਸਾਰਾ ਸਿਆਸੀ ਜੀਵਨ ਸਮਾਜ ਦੇ ਦੱਬੇ-ਕੁਚਲੇ ਅਤੇ ਕਮਜ਼ੋਰ ਵਰਗ ਦੀ ਭਲਾਈ ਦੇ ਲੇਖੇ ਲਾਇਆ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

  ਇਸ ਦੌਰਾਨ ਸੀਪੀਆਈ ਦੇ ਸੂਬਾਈ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਚੇਤਨ ਸਿੰਘ ਤੇ ਹੋਰਨਾਂ ਨੇ ਮੁੱਖ ਮੰਤਰੀ ਚੰਨੀ ਨੂੰ ਸ਼ਾਲ ਭੇਟ ਕੀਤਾ।

  ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੱਖਿਆ ਮੰਤਰੀ ਪਰਗਟ ਸਿੰਘ, ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਕਰਮਜੀਤ ਸਿੰਘ ਚੌਧਰੀ, ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਦਰਸ਼ਨ ਸਿੰਘ ਟਾਹਲੀ, ਅੰਮ੍ਰਿਤਪਾਲ ਭੌਂਸਲੇ, ਕਾਮਰੇਡ ਆਗੂ ਸੁਖਪ੍ਰੀਤ ਜੌਹਲ, ਭੂਪ ਚੰਦ ਚੰਨੋ, ਬਲਬੀਰ ਸਿੰਘ ਜਾਡਲਾ, ਪਰਸ਼ੋਤਮ ਸਿੰਘ ਬਿਲਗਾ, ਸਰਪੰਚ ਸਰਬਜੀਤ ਸਿੰਘ ਤੇ ਹੋਰ ਮੌਜੂਦ ਸਨ।
  Published by:Ashish Sharma
  First published: