ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੋਲਡੀ ਬਰਾੜ ਨੂੰ ਲੈ ਕੇ ਪੁਲਿਸ ਲਗਾਤਾਰ ਅੰਤਰਰਾਸ਼ਟਰੀ ਜਾਂਚ ਏਜੰਸੀਆਂ ਨਾਲ ਤਾਲਮੇਲ ਕਰ ਰਹੀ ਹੈ। ਬਰਾੜ ਨੂੰ ਹਾਲ ਹੀ ਵਿੱਚ ਕੈਲੀਫੋਰਨੀਆ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਐਮ ਮਾਨ ਨੇ 2 ਦਸੰਬਰ ਨੂੰ ਹੀ ਇਸ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਨੇ ਉਸ ਸਮੇਂ ਇਹ ਵੀ ਕਿਹਾ ਸੀ, 'ਬਰਾੜ ਨੂੰ ਭਾਰਤ ਜ਼ਰੂਰ ਲਿਆਂਦਾ ਜਾਵੇਗਾ। ਉਹ ਜਲਦੀ ਹੀ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੋਵੇਗਾ।’
ਹਾਲਾਂਕਿ, ਇਸ ਬਿਆਨ ਤੋਂ ਤੁਰੰਤ ਬਾਅਦ, ਖੁਫੀਆ ਏਜੰਸੀ ਨੇ CNN-News18 ਨੂੰ ਦੱਸਿਆ ਕਿ ਬਰਾੜ ਨੂੰ ਨਾ ਤਾਂ ਹਿਰਾਸਤ ਵਿੱਚ ਲਿਆ ਅਤੇ ਨਾ ਹੀ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕਾ ਦੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਸਿਰਫ ਇਸ 'ਤੇ ਨਜ਼ਰ ਰੱਖ ਰਹੀ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (AGTF), ਖੁਫੀਆ ਏਜੰਸੀ ਅਤੇ ਐਨਆਈਏ ਨੇ ਬਰਾੜ ਨੂੰ ਭਾਰਤ ਵਾਪਸ ਲਿਆਉਣ ਲਈ ਨਵੀਂ ਦਿੱਲੀ ਵਿੱਚ ਐਫਬੀਆਈ ਨਾਲ ਸੰਪਰਕ ਕੀਤਾ ਹੈ।
ਇਸ ਦੌਰਾਨ ਸੂਤਰਾਂ ਨੇ ਨਿਊਜ਼18 ਨੂੰ ਦੱਸਿਆ ਕਿ ਬਰਾੜ ਨੂੰ ਅਮਰੀਕਾ ਵਿੱਚ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਉਹ ਆਜ਼ਾਦ ਘੁੰਮ ਰਿਹਾ ਹੈ। ਅਮਰੀਕਾ ਨੂੰ ਵੀ ਗੋਲਡੀ ਬਰਾੜ ਵਿੱਚ ਕੋਈ ਦਿਲਚਸਪੀ ਨਹੀਂ ਹੈ। ਹਾਲਾਂਕਿ ਇਸ ਨਾਲ ਜੁੜੇ ਸਬੂਤਾਂ ਨੂੰ ਲੈ ਕੇ ਸਮੇਂ-ਸਮੇਂ 'ਤੇ ਏਜੰਸੀਆਂ ਵਿਚਾਲੇ ਚਰਚਾ ਜ਼ਰੂਰ ਹੁੰਦੀ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ NDTV ਨੂੰ ਦੱਸਿਆ, 'ਗੋਲਡੀ ਬਰਾੜ ਦਾ ਸਟੇਟਸ ਹੁਣ 'ਟੌਪ ਸੀਕ੍ਰੇਟ' ਹੈ। ਇਸ ਮਾਮਲੇ 'ਚ ਅਸੀਂ ਜਲਦੀ ਹੀ ਕਿਸੇ ਸਿੱਟੇ 'ਤੇ ਪਹੁੰਚਾਂਗੇ। ਉਹ ਵਿਦੇਸ਼ ਹੈ। ਇਸ ਲਈ ਸਾਨੂੰ ਵਿਦੇਸ਼ਾਂ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਹੈ। ਅਸੀਂ ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ।
ਗੋਲਡੀ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ
ਸੀਐਮ ਮਾਨ ਨੇ ਕਿਹਾ ਕਿ ਬਰਾੜ ਬਾਰੇ ਸੂਬਾ ਅਧਿਕਾਰੀ ਅੰਤਰਰਾਸ਼ਟਰੀ ਏਜੰਸੀਆਂ ਨਾਲ ਤਾਲਮੇਲ ਕਰ ਰਹੇ ਹਨ। ਜ਼ਿਕਰਯੋਗ ਹੈ ਕਿ 29 ਮਈ ਨੂੰ ਮਾਨਸਾ ਜ਼ਿਲ੍ਹੇ 'ਚ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਦਰਦਨਾਕ ਕਤਲ ਦੀ ਜ਼ਿੰਮੇਵਾਰੀ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੇ ਲਈ ਸੀ। ਗੋਲਡੀ ਲਾਰੈਂਸ ਵਿਸ਼ਨੋਈ ਗੈਂਗ ਦਾ ਮੈਂਬਰ ਹੈ। ਇਸ ਤੋਂ ਬਾਅਦ ਉਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।
ਕਾਬਲੇਗੌਰ ਹੈ ਕਿ ਗੋਲਡੀ ਦਾ ਜਨਮ ਸ਼੍ਰੀ ਮੁਕਤਸਰ ਸਾਹਿਬ, ਪੰਜਾਬ ਵਿੱਚ ਹੋਇਆ ਸੀ। ਉਹ ਸਾਲ 2017 ਵਿਚ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਗਿਆ ਸੀ ਅਤੇ ਉਥੇ ਲਾਰੈਂਸ ਵਿਸ਼ਨੋਈ ਗੈਂਗ ਦਾ ਮੈਂਬਰ ਬਣ ਗਿਆ ਸੀ। ਕੁਝ ਦਿਨਾਂ ਬਾਅਦ ਉਹ ਲਾਰੈਂਸ ਦੇ ਬਹੁਤ ਨੇੜੇ ਪਹੁੰਚ ਗਿਆ। ਪੰਜਾਬ ਪੁਲਿਸ ਦੀ ਚਾਰਜਸ਼ੀਟ ਅਨੁਸਾਰ ਬਰਾੜ ਨੇ 29 ਮਈ ਨੂੰ ਮਾਨਸਾ ਵਿੱਚ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਲਾਰੈਂਸ ਵਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਕੁਝ ਹੋਰਾਂ ਨਾਲ ਸੰਪਰਕ ਕੀਤਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Goldy brar, Punjab govern, Punjab government, Sidhu moosewala murder case, Sidhu moosewala murder update, USA