ਆਸ਼ੀਸ਼ ਸ਼ਰਮਾ
ਬਰਨਾਲਾ: ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 398ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।
ਬੁਲਾਰਿਆਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਉਸ ਬਿਆਨ ਦੀ ਸਖਤ ਨਿਖੇਧੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਗੁਲਾਬੀ ਸੁੰਡੀ ਪੀੜਤ ਕਿਸਾਨਾਂ ਨੂੰ 'ਦਿਵਾਲੀ ਤੋਂ ਪਹਿਲਾਂ ਤੋਹਫਾ' ਦੇ ਦਿੱਤਾ ਜਾਵੇਗਾ।
ਪਹਿਲਾਂ ਤਾਂ ਕਿਸਾਨਾਂ ਵੱਲੋਂ ਖਰਚ ਕੀਤੀਆਂ ਲਾਗਤਾਂ ਦਾ ਮਹਿਜ਼ 10-15% ਹਿੱਸਾ ਮੁਆਵਜ਼ੇ ਵਜੋਂ ਦੇਣਾ ਅਤੇ ਫਿਰ ਉਸ ਨਿਗੂਣੀ ਰਾਸ਼ੀ ਨੂੰ ਵੀ 'ਤੋਹਫਾ' ਕਹਿਣਾ ਅਸ਼ੰਵੇਦਨਸ਼ੀਲਤਾ ਦਾ ਸ਼ਿਖਰ ਹੈ। ਕਿਸਾਨਾਂ ਨੂੰ ਕੋਈ ਭੀਖ ਨਹੀਂ ਦਿੱਤੀ ਜਾ ਰਹੀ ਹੈ।
ਪ੍ਰਸ਼ਾਸਨ ਤੇ ਕੀਟਨਾਸ਼ਕ/ ਬੀਜ ਡੀਲਰਾਂ ਦੇ ਨਾ-ਪਾਕ ਗਠਜੋੜ ਦੇ ਸ਼ਿਕਾਰ ਹੋਏ ਕਿਸਾਨਾਂ ਲਈ ਮੁਆਵਜ਼ਾ ਇੱਕ ਅਧਿਕਾਰ ਹੈ, 'ਤੋਹਫਾ' ਨਹੀਂ। ਸਰਕਾਰ ਕਿਸਾਨਾਂ ਨੂੰ ਪੂਰਾ ਬਣਦਾ ਮੁਆਵਜ਼ਾ ਦੇਵੇ ਅਤੇ ਮੁੱਖ ਮੰਤਰੀ ਆਪਣੇ ਇਸ ਤੋਹਫੇ ਵਾਲੇ ਬਿਆਨ ਲਈ ਮਾਫੀ ਮੰਗੇ। ਆਗੂਆਂ ਨੇ ਵੱਧ ਨਮੀ ਬਹਾਨੇ ਦੇ ਮੰਡੀਆਂ 'ਚ ਝੋਨਾ 'ਤੇ ਲਾਈ ਜਾ ਰਹੀ ਕਾਟ ਦੀ ਸਖਤ ਨਿਖੇਧੀ ਕੀਤੀ।
ਆਗੂਆਂ ਨੇ ਕਿਹਾ ਕਿ ਖਰੀਦ ਏਜੰਸੀਆਂ, ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਵੱਲੋਂ ਗਠਜੋੜ ਬਣਾ ਕੇ ਕੀਤੀ ਜਾ ਰਹੀ ਇਹ ਨੰਗੀ ਚਿੱਟੀ ਲੁੱਟ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਸਾਨਾਂ ਨੂੰ ਇਸ ਕਾਟ ਦਾ ਵਿਰੋਧ ਕਰਨ ਅਤੇ ਜਰੂਰਤ ਪੈਣ ' ਤੇ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕਰਨ ਲਈ ਕਿਹਾ। ਬੁਲਾਰਿਆਂ ਨੇ ਡੀਏਪੀ ਖਾਦ ਦੀ ਕਿੱਲਤ ਦਾ ਮੁੱਦਾ ਅੱਜ ਫਿਰ ਉਠਾਇਆ। ਜਿਵੇਂ ਜਿਵੇਂ ਕਣਕ ਦੀ ਬਿਜਾਈ ਦਾ ਸ਼ੀਜਨ ਸਿਰ 'ਤੇ ਆ ਰਿਹਾ ਹੈ, ਕਿਸਾਨਾਂ ਦੀ ਸਿਰਦਰਦੀ ਵਧ ਰਹੀ ਹੈ।
ਖਾਦ ਦੇ ਇੰਤਜ਼ਾਮ ਲਈ ਉਨ੍ਹਾਂ ਨੂੰ ਦਰ ਦਰ ਭਟਕਣਾ ਪੈ ਰਿਹਾ ਹੈ। ਸਰਕਾਰ ਖਾਦ ਦੀ ਕਿੱਲਤ ਦੂਰ ਕਰਨ ਤੁਰੰਤ ਕਦਮ ਉਠਾਏ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਨਾਮ ਸਿੰਘ ਠੀਕਰੀਵਾਲਾ, ਰਣਧੀਰ ਸਿੰਘ ਰਾਜਗੜ੍ਹ, ਬਲਜੀਤ ਸਿੰਘ ਚੌਹਾਨਕੇ, ਉਜਾਗਰ ਸਿੰਘ ਬੀਹਲਾ, ਜਸਵੀਰ ਸਿੰਘ ਖੇੜੀ, ਨਛੱਤਰ ਸਿੰਘ ਸਹੌਰ, ਮੇਲਾ ਸਿੰਘ ਕੱਟ,ਜਸਪਾਲ ਚੀਮਾ,ਧਰਮਪਾਲ ਕੌਰ, ਗੁਰਜੰਟ ਸਿੰਘ ਹਮੀਦੀ, ਚਰਨਜੀਤ ਕੌਰ ਨੇ ਸੰਬੋਧਨ ਕੀਤਾ।
ਅੱਜ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਰੇਟਾਂ ਵਿੱਚ ਕਮੀ ਕਰਨ ਵਾਲੇ ਐਲਾਨ ਦੀ ਚੀਰਫਾੜ ਕੀਤੀ।ਆਗੂਆਂ ਨੇ ਕਿਹਾ ਘੱਟ ਬਿਜਲੀ ਖਪਤ ਕਰਨ ਵਾਲਿਆਂ ਨੂੰ ਇਸ ਨਵੇਂ ਐਲਾਨ ਦਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਉਹ ਪਹਿਲਾਂ ਹੀ ਕੁੱਝ ਯੂਨਿਟ ਮੁਫਤ ਬਿਜਲੀ ਵਾਲੀ ਸਕੀਮ ਹੇਠ ਕਵਰ ਹੁੰਦੇ ਹਨ।
ਇਹ ਨਵੀਂ ਸਕੀਮ 7 ਕਿਲੋਵਾਟ ਲੋਡ ਤੋਂ ਉਪਰ ਵਾਲੇ ਖਪਤਕਾਰਾਂ ਨੂੰ ਕਵਰ ਨਹੀਂ ਕਰਦੀ। ਇਸ ਤੋਂ ਇਲਾਵਾ ਬਿਜਲੀ ਬਿੱਲ ਦਾ ਕਾਫੀ ਵੱਡਾ ਹਿੱਸਾ ਫਿਕਸਡ ਚਾਰਜਜ਼ ਦਾ ਹੁੰਦਾ ਹੈ ਜਿਸ ਵਿੱਚ ਕੋਈ ਛੋਟ ਨਹੀਂ ਦਿੱਤੀ ਗਈ।ਪੀਪੀਏ ਸਮਝੌਤੇ ਰੱਦ ਕਰਨ ਵਾਲੇ ਵਾਅਦੇ ਬਾਰੇ ਟਾਲਮਟੋਲ ਕੀਤੀ ਜਾ ਰਹੀ ਹੈ ।
ਇਸ ਲਈ ਇਹ ਨਵਾਂ ਐਲਾਨ ਹਕੀਕੀ ਫਾਇਦਾ ਦੇਣ ਵਾਲਾ ਨਹੀਂ, ਮਹਿਜ਼ ਲਿਪਾਪੋਚੀ ਕਰਕੇ ਵੋਟਾਂ ਬਟੋਰਨ ਦਾ ਜੁਗਾੜ ਕੀਤਾ ਜਾ ਰਿਹਾ ਹੈ। ਅੱਜ ਪ੍ਰੀਤ ਕੌਰ ਧੂਰੀ ਦੇ ਜਥੇ ਨੇ ਇਨਕਲਾਬੀ ਗੀਤ ਪੇਸ਼ ਕਰਕੇ ਪੰਡਾਲ 'ਚ ਜੋਸ਼ ਭਰਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।