ਮੁੱਖ ਮੰਤਰੀ ਵੱਲੋਂ ਸੂਬਾ ਸਰਕਾਰ ਦੀ ਡਾਇਰੈਕਟਰੀ ਤੱਕ ਡਿਜ਼ੀਟਲ ਪਹੁੰਚ ਬਣਾਉਣ ਲਈ 'ਡਿਜ਼ੀਨੈਸਟ' ਮੋਬਾਈਲ ਐਪ ਜਾਰੀ

News18 Punjabi | News18 Punjab
Updated: December 30, 2020, 4:59 PM IST
share image
ਮੁੱਖ ਮੰਤਰੀ ਵੱਲੋਂ ਸੂਬਾ ਸਰਕਾਰ ਦੀ ਡਾਇਰੈਕਟਰੀ ਤੱਕ ਡਿਜ਼ੀਟਲ ਪਹੁੰਚ ਬਣਾਉਣ ਲਈ 'ਡਿਜ਼ੀਨੈਸਟ' ਮੋਬਾਈਲ ਐਪ ਜਾਰੀ
ਮੁੱਖ ਮੰਤਰੀ ਵੱਲੋਂ ਸੂਬਾ ਸਰਕਾਰ ਦੀ ਡਾਇਰੈਕਟਰੀ ਤੱਕ ਡਿਜ਼ੀਟਲ ਪਹੁੰਚ ਬਣਾਉਣ ਲਈ 'ਡਿਜ਼ੀਨੈਸਟ' ਮੋਬਾਈਲ ਐਪ ਜਾਰੀ

  • Share this:
  • Facebook share img
  • Twitter share img
  • Linkedin share img
ਸੂਬੇ ਦੇ ਲੋਕ ਸੰਪਰਕ ਵਿਭਾਗ ਦੇ ਕੰਮਕਾਜ ਨੂੰ ਹੋਰ ਵਧੇਰੇ ਸਵੈਚਾਲਿਤ ਅਤੇ ਪ੍ਰਭਾਵੀ ਬਣਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਵਰਚੁਅਲ ਢੰਗ ਨਾਲ ਮੋਬਾਈਲ ਐਪ 'ਡਿਜ਼ੀਨੈਸਟ' ਜਾਰੀ ਕੀਤੀ। ਇਸ ਪਹਿਲਕਦਮੀ ਨਾਲ ਲੋਕ ਆਪਣੇ ਸਮਾਰਟ ਫੋਨ ਰਾਹੀਂ ਇਕ ਬਟਨ ਦਬਾਉਣ ਦੇ ਨਾਲ ਹੀ ਸੂਬੇ ਦੀ ਸਰਕਾਰੀ ਡਾਇਰੈਕਟਰੀ ਤੱਕ ਡਿਜ਼ੀਟਲ ਪਹੁੰਚ ਬਣਾ ਸਕਣਗੇ।

ਮੁੱਖ ਮੰਤਰੀ ਨੇ ਸੂਬਾ ਸਰਕਾਰ ਵੱਲੋਂ ਮੀਡੀਆ ਅਦਾਰਿਆਂ ਨੂੰ ਇਸ਼ਤਿਹਾਰ ਅਤੇ ਭੁਗਤਾਨ ਜਾਰੀ ਕਰਨ ਦੀ ਸਾਰੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਤੇ ਕੁਸ਼ਲਤਾ ਲਿਆਉਣ ਲਈ ਆਨਲਾਈਨ ਪੰਜਾਬ ਇਸ਼ਤਿਹਾਰ ਰਿਲੀਜ਼ ਆਰਡਰ ਸਿਸਟਮ ਦਾ ਵੀ ਆਗਾਜ਼ ਕੀਤਾ। ਇਹ ਸਿਸਟਮ ਇਸ਼ਤਿਹਾਰ ਜਾਰੀ ਕਰਨ ਅਤੇ ਭੁਗਤਾਨ ਕਰਨ ਦੀ ਸਾਰੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿੱਚ ਸਹਾਇਤਾ ਪ੍ਰਦਾਨ ਕਰੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਪਹਿਲਕਦਮੀਆਂ ਲੋਕ ਸੰਪਰਕ ਵਿਭਾਗ ਅਤੇ ਸਬੰਧਤ ਹਿੱਸੇਦਾਰਾਂ ਖਾਸ ਕਰਕੇ ਆਮ ਲੋਕਾਂ ਵਿਚਾਲੇ ਬਿਹਤਰ ਤਾਲਮੇਲ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਵਿੱਚ ਜਾਰੀ ਕੀਤੀ ਪੀ.ਆਰ.ਇਨਸਾਈਟ ਤੋਂ ਬਾਅਦ 'ਡਿਜ਼ੀਨੈਸਟ' ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਇਕ ਹੋਰ ਨਿਵੇਕਲੀ ਕਾਢ ਹੈ ਜੋ ਡਿਜ਼ੀਟਾਈਲਜੇਸ਼ਨ ਦੇ ਖੇਤਰ ਵਿੱਚ ਨਵੀਆਂ ਸਿਖਰਾਂ ਛੂਹੇਗੀ।
ਗੌਰਤਲਬ ਹੈ ਕਿ ਮੁੱਖ ਮੰਤਰੀ ਵੱਲੋਂ ਹਾਲ ਹੀ ਵਿੱਚ ਮੋਬਾਈਲ ਐਪ ਅਤੇ ਵੈੱਬ ਪੋਰਟਲ 'ਪੀ.ਆਰ. ਇਨਸਾਈਟ' (ਲੋਕ ਸੰਪਰਕ ਦਾ ਝਰੋਖਾ) ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਨਾਲ ਫੀਡਬੈਕ ਦਾ ਨਿਰੀਖਣ ਕਰਨ ਅਤੇ ਉਸ ਦੇ ਆਧਾਰ 'ਤੇ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਸੁਧਾਰ ਲਿਆਂਦਾ ਜਾ ਸਕੇਗਾ ਤਾਂ ਕਿ ਸੂਬੇ ਵਿੱਚ ਲੋਕ ਪੱਖੀ ਅਤੇ ਪਾਰਦਰਸ਼ੀ ਸ਼ਾਸਨ ਯਕੀਨੀ ਬਣਾਇਆ ਜਾ ਸਕੇ।

'ਡਿਜ਼ੀਨੈਸਟ' ਨਾਗਰਿਕਾਂ ਨੂੰ ਵਿਭਾਗ ਅਨੁਸਾਰ ਅਧਿਕਾਰੀਆਂ ਦੇ ਸੰਪਰਕ ਨੰਬਰ ਮੁਹੱਈਆ ਕਰਵਾਉਣ ਵਿੱਚ ਸਹਾਇਕ ਸਾਬਤ ਹੋਵੇਗੀ ਅਤੇ ਅਧਿਕਾਰੀਆਂ ਨਾਲ ਫੋਨ ਜਾਂ ਈ-ਮੇਲ ਰਾਹੀਂ ਰਾਬਤਾ ਸਾਧਣ ਦੇ ਯੋਗ ਬਣਾਏਗੀ। ਪੰਜਾਬ ਸਰਕਾਰ ਦੇ ਕਰਮਚਾਰੀ ਵੀ ਆਪਣੇ ਐਚ.ਆਰ.ਐਮ.ਐਸ. ਪਛਾਣ ਪੱਤਰਾਂ ਰਾਹੀਂ ਐਪ ਉਤੇ ਲੌਗ ਆਨ ਕਰ ਸਕਦੇ ਹਨ ਜਿਸ ਨਾਲ ਆਪਣੇ ਸਹਿਯੋਗੀ ਕਰਮਚਾਰੀਆਂ ਦੀ ਸੇਵਾ ਮੁਕਤੀ ਤੇ ਜਨਮ ਦਿਨ ਤਰੀਕਾਂ ਬਾਰੇ ਆਪਣੇ ਆਪ ਨੂੰ ਅਪਡੇਟ ਕਰ ਸਕਣਗੇ ਅਤੇ ਐਸ.ਐਮ.ਐਸ. ਜਾਂ ਵੱਟਸਐਪ ਰਾਹੀਂ ਸ਼ੁਭ ਇੱਛਾਵਾਂ ਭੇਜ ਸਕਣਗੇ।

ਡਿਜ਼ੀਨੈਸਟ ਤੋਂ ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਸੂਬਾ ਸਰਕਾਰ ਅਜਿਹੇ ਹੁਕਮਾਂ ਨੂੰ ਜਾਰੀ ਕਰਨ ਲਈ ਇਸ ਐਪ ਨੂੰ ਅਧਿਕਾਰਤ ਐਪ ਬਣਾਉਣ ਦੀ ਵੀ ਯੋਜਨਾ ਬਣਾ ਰਹੀ ਹੈ। ਗਜ਼ਟਿਡ ਛੁੱਟੀਆਂ, ਰਾਖਵੀਆਂ ਛੁੱਟੀਆਂ ਅਤੇ ਹਫਤੇ ਦੇ ਛੁੱਟੀ ਵਾਲੇ ਦਿਨਾਂ ਦੇ ਵੇਰਵੇ ਸਮੇਤ ਪੰਜਾਬ ਸਰਕਾਰ ਦੀ ਛੁੱਟੀਆਂ ਦੇ ਕੈਲੰਡਰ 'ਤੇ ਵੀ ਇਸ ਐਪ ਰਾਹੀਂ ਪਹੁੰਚ ਬਣਾਈ ਜਾ ਸਕਦੀ ਹੈ। ਕੈਲੰਡਰ ਦੀ ਇਕ ਵਿਸ਼ੇਸ਼ਤਾ ਇਹ ਵੀ ਹੋਵੇਗੀ ਕਿ ਹਰ ਮਹੀਨੇ ਆਉਣ ਵਾਲੇ ਆਉਣ ਵਾਲੇ ਦਿਹਾੜੇ 'ਸੰਗਰਾਂਦ', 'ਪੂਰਨਮਾਸ਼ੀ' ਤੇ 'ਮੱਸਿਆ' ਦੀਆਂ ਤਰੀਕਾਂ ਵੀ ਹਾਸਲ ਕੀਤੀਆਂ ਜਾ ਸਕਣਗੀਆਂ।
Published by: Gurwinder Singh
First published: December 30, 2020, 4:59 PM IST
ਹੋਰ ਪੜ੍ਹੋ
ਅਗਲੀ ਖ਼ਬਰ