ਮੁੱਖ ਮੰਤਰੀ ਨੇ ਕੇਜਰੀਵਾਲ ਦਾ ਪਾਜ ਉਘੇੜਿਆ, 2017 ਦੀਆਂ ਚੋਣਾਂ ਮੌਕੇ ਕੀਤੇ ਝੂਠੇ ਵਾਅਦਿਆਂ ਨੂੰ ਮੁੜ ਦੁਹਰਾਇਆ

News18 Punjabi | News18 Punjab
Updated: March 22, 2021, 8:15 PM IST
share image
ਮੁੱਖ ਮੰਤਰੀ ਨੇ ਕੇਜਰੀਵਾਲ ਦਾ ਪਾਜ ਉਘੇੜਿਆ, 2017 ਦੀਆਂ ਚੋਣਾਂ ਮੌਕੇ ਕੀਤੇ ਝੂਠੇ ਵਾਅਦਿਆਂ ਨੂੰ ਮੁੜ ਦੁਹਰਾਇਆ
ਮੁੱਖ ਮੰਤਰੀ ਨੇ ਕੇਜਰੀਵਾਲ ਦਾ ਪਾਜ ਉਘੇੜਿਆ, 2017 ਦੀਆਂ ਚੋਣਾਂ ਮੌਕੇ ਕੀਤੇ ਝੂਠੇ ਵਾਅਦਿਆਂ ਤੇ ਹੋਛੀਆਂ ਗੱਲਾਂ ਨੂੰ ਮੁੜ ਦੁਹਰਾਇਆ

ਕੇਜਰੀਵਾਲ ਦੇ ਬੇਬੁਨਿਆਦ ਦਾਅਵਿਆਂ ਅਤੇ ਦਿੱਲੀ ਵਿੱਚ ਆਪ ਦੀ ਮਾੜੀ ਕਾਰਗੁਜ਼ਾਰੀ ਦਾ ਅੰਕੜਿਆਂ ਰਾਹੀਂ ਕੀਤਾ ਪਰਦਾਫਾਸ਼

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਅਰਵਿੰਦ ਕੇਜਰੀਵਾਲ ਦੇ ਝੂਠੇ ਦਾਅਵਿਆਂ ਤੇ ਬੇਬੁਨਿਆਦ ਦੋਸ਼ਾਂ ਦਾ ਪਾਜ ਉਘੇੜਦਿਆਂ ਆਪ ਆਗੂ ਵੱਲੋਂ ਬੋਲੇ ਜਾਂਦੇ ਸ਼ਰਮਨਾਕ ਝੂਠਾਂ ਨੂੰ 2017 ਦੀਆਂ ਚੋਣਾਂ ਵੇਲੇ ਕਾਂਗਰਸ ਉਤੇ ਕੀਤੇ ਹੋਛੇ ਹਮਲਿਆਂ ਤੇ ਝੂਠੇ ਦਾਅਵਿਆਂ ਦੀ ਮੁੜ ਦੁਹਰਾਈ ਗਰਦਾਨਿਆ।

ਮੁੱਖ ਮੰਤਰੀ ਨੇ ਕੇਜਰੀਵਾਲ ਵੱਲੋਂ ਉਨ੍ਹਾਂ ਦੀ ਸਰਕਾਰ ਅਤੇ ਸੂਬਾਈ ਕਾਂਗਰਸ ਦੀ ਕੀਤੀ ਆਲੋਚਨਾ ਦਾ ਕਰੜਾ ਜਵਾਬ ਦਿੰਦਿਆ ਕਿਹਾ, ''ਪੰਜਾਬ ਦੇ ਲੋਕਾਂ ਨੇ ਸਮਝਦਾਰੀ ਵਿਖਾਉਂਦੇ ਹੋਏ ਉਸ ਸਮੇਂ ਤੁਹਾਡੇ ਫਰੇਬ ਨੂੰ ਪਛਾਣ ਲਿਆ ਅਤੇ ਹੁਣ ਵੀ ਲੋਕ ਤੁਹਾਡੇ ਝੂਠ ਤੋਂ ਵਾਕਫ ਹਨ।'' ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਦਾ ਚਿੱਟੇ ਦਿਨ ਬੋਲਿਆ ਝੂਠ ਫੇਰ ਬੇਨਕਾਬ ਹੋਵੇਗਾ ਜਿਵੇਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਹੋਇਆ ਸੀ। ਉਨ੍ਹਾਂ ਆਪ ਦੇ ਕੌਮੀ ਕਨਵੀਨਰ ਦੇ ਮਨਘੜਤ ਦੋਸ਼ਾਂ ਲਈ ਉਸ ਦੀ ਆਲੋਚਨਾ ਕਰਦਿਆਂ ਕਿਹਾ, ''ਪੰਜਾਬ ਜਾਣਦਾ ਹੈ ਕਿ ਤੁਸੀਂ (ਕੇਜਰੀਵਾਲ) ਕਿਵੇਂ ਪਹਿਲੇ ਦਰਜੇ ਦੇ ਫਰੇਬੀ ਅਤੇ ਝੂਠਿਆਂ ਦੇ ਸਿਰਤਾਜ ਹੋ।''

ਦਿੱਲੀ ਦੇ ਆਪਣੇ ਹਮਰੁਤਬਾ ਵੱਲੋਂ ਪੰਜਾਬ ਵਿਚਲੀ ਕਾਂਗਰਸ ਸਰਕਾਰ 'ਤੇ ਚੋਣ ਵਾਅਦੇ ਪੂਰੇ ਨਾ ਕਰਨ ਲਈ ਕੀਤੀ ਆਲੋਚਨਾ ਨੂੰ ਸਿਰੇ ਤੋਂ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਹਾਸੋਹੀਣੀ ਗੱਲ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ 84 ਫੀਸਦੀ ਵਾਅਦੇ ਪੂਰੇ ਕਰਨ ਦੇ ਟਰੈਕ ਰਿਕਾਰਡ ਦੀ ਤੁਲਨਾ ਦਿੱਲੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨਾਲ ਕੀਤੀ ਜਾਵੇ ਜਿਸ ਨੇ 2020 ਵਿੱਚ 2015 ਦੇ ਆਪ ਦੇ ਮੈਨੀਫੈਸਟੋ ਵਿਚਲੇ ਸਿਰਫ 25 ਫੀਸਦੀ ਵਾਅਦੇ ਪੂਰੇ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਜੇ ਇਹੀ ਦਿੱਲੀ ਮਾਡਲ ਹੈ ਜਿਸ ਦਾ ਵਾਅਦਾ ਤੁਸੀਂ (ਕੇਜਰੀਵਾਲ) ਪੰਜਾਬ ਨਾਲ ਕਰਦੇ ਹੋ ਤਾਂ ਮੇਰੇ ਲੋਕ ਇਸ ਤੋਂ ਬਗੈਰ ਹੀ ਬਿਹਤਰ ਹਨ।'' ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਨੂੰ ਝੂਠੇ ਦਾਅਵਿਆਂ ਅਤੇ 'ਬਦਲਾ' ਦੀਆਂ ਗੱਲਾਂ ਵਿੱਚ ਪੈਣ ਦੀ ਬਜਾਏ ਦਿੱਲੀ ਉਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਜਿੱਥੇ ਉਨ੍ਹਾਂ ਵੱਲੋਂ ਕੀਤੇ ਚੋਣ ਵਾਅਦਿਆਂ ਵਿੱਚੋਂ ਹਾਲੇ 50 ਫੀਸਦੀ ਨੂੰ ਹੀ ਪੂਰਾ ਕਰਨ ਦੀ ਹੀ ਤਵੱਕੋ ਕੀਤੀ ਜਾ ਰਹੀ ਹੈ।
2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਦੇ ਪੰਜ ਸਾਲ ਪੂਰੇ ਹੋਣ 'ਤੇ ਕੀਤੇ ਆਜ਼ਾਦਾਨਾ ਸਰਵੇਖਣ ਜਿਸ ਅਨੁਸਾਰ ਕੇਜਰੀਵਾਲ ਨੇ 70 ਵਿੱਚੋਂ ਸਿਰਫ 11 ਵਾਅਦੇ ਹੀ ਪੂਰੇ ਕੀਤੇ ਸਨ, ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਨਤਕ ਤੌਰ ਉਤੇ ਮੌਜੂਦ ਤੱਥਾਂ ਤੋਂ ਇਹ ਸਾਫ ਜ਼ਾਹਰ ਹੁੰਦਾ ਹੈ ਕਿ ਜਦੋਂ ਆਪਣੇ ਵਾਅਦੇ ਪੂਰੇ ਕਰਨ ਦੀ ਗੱਲ ਆਉਂਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਚਰਿੱਤਰ ਜੱਗ ਜ਼ਾਹਰ ਹੋ ਜਾਂਦਾ ਹੈ। ਬੀਤੇ ਦਿਨੀਂ ਮਹਾਂਪੰਚਾਇਤ ਦੌਰਾਨ ਕੇਜਰੀਵਾਲ ਵੱਲੋਂ ਕੀਤੇ ਡਰਾਮੇ 'ਤੇ ਵਰ੍ਹਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਦਿੱਲੀ ਦੇ ਵੋਟਰਾਂ ਵਾਂਗ ਪੰਜਾਬ ਵਾਸੀ ਅਜਿਹੇ ਵੱਡੇ-ਵੱਡੇ ਵਾਅਦਿਆਂ ਦੇ ਜਾਲ ਵਿੱਚ ਨਹੀਂ ਫਸਣਗੇ ਅਤੇ ਉਹ ਆਪਣੀਆਂ ਅੱਖਾਂ ਨਾਲ ਜ਼ਮੀਨੀ ਸੱਚਾਈ ਤੋਂ ਭਲੀਭਾਂਤ ਵਾਕਫ ਹਨ।''

ਮੁੱਖ ਮੰਤਰੀ ਨੇ ਕਿਹਾ ਕਿ ਇਹ ਗੱਲ ਰਿਕਾਰਡ ਉਤੇ ਹੈ ਕਿ ਦਿੱਲੀ ਦੇ ਕਾਂਗਰਸੀ ਆਗੂ ਅਜੇ ਮਾਕਨ ਵੱਲੋਂ ਵਾਰ-ਵਾਰ ਸਵਾਲ ਕੀਤੇ ਜਾਣ ਦੇ ਬਾਵਜੂਦ ਦਿੱਲੀ ਦੀ ਆਪ ਸਰਕਾਰ 2015 ਵਿੱਚ ਕੀਤੇ 8 ਲੱਖ ਨੌਕਰੀਆਂ ਦੇ ਵਾਅਦਿਆਂ ਸਬੰਧੀ ਸਥਿਤੀ ਸਪੱਸ਼ਟ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਬਹੁਤ ਪ੍ਰਚਾਰੇ ਗਏ ਦਿੱਲੀ ਹੁਨਰ ਮਿਸ਼ਨ ਨੂੰ ਵੀ ਸ਼ੁਰੂ ਨਹੀਂ ਕੀਤਾ ਗਿਆ। ਸਰਵੇਖਣ ਦੇ ਅੰਕੜਿਆਂ ਅਨੁਸਾਰ ਕੇਜਰੀਵਾਲ ਸਰਕਾਰ ਨੇ 2016 ਵਿੱਚ 102, 2017 ਵਿੱਚ 66 ਅਤੇ ਅਪਰੈਲ 2018 ਤੱਕ 46 ਨੌਕਰੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ, ''ਦਿੱਲੀ ਦੇ ਅਜਿਹੇ ਅੰਕੜਿਆਂ ਦੇ ਬਲਬੂਤੇ ਜੇਕਰ ਤੁਸੀਂ ਮੇਰੀ ਸਰਕਾਰ ਦੇ ਰੋਜ਼ਗਾਰ ਬਾਰੇ ਅੰਕੜਿਆਂ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਵਾਕਿਆ ਹੀ ਕੋਈ ਸ਼ਰਮ ਨਹੀਂ ਹੈ।''

ਕੇਜਰੀਵਾਲ ਵੱਲੋਂ ਲੋਕਾਂ ਨੂੰ ਧੋਖਾ ਦੇਣ ਅਤੇ ਉਨ੍ਹਾਂ ਦੀ ਸਰਕਾਰ ਵਿਰੁੱਧ ਭਰਮ ਪੈਦਾ ਕਰਨ ਲਈ ਕੀਤੀਆਂ ਬੁਖਲਾਹਟ ਭਰੀਆਂ ਕੋਸ਼ਿਸ਼ਾਂ ਦਾ ਮਜ਼ਾਕ ਉਡਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਆਪ ਦੀ ਸਰਕਾਰ ਦੇ ਉਲਟ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਨੇ 'ਘਰ-ਘਰ ਰੁਜ਼ਗਾਰ ਮਿਸ਼ਨ' ਤਹਿਤ 16.29 ਲੱਖ ਨੌਕਰੀਆਂ/ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ ਅਤੇ ਇਕੱਲੇ ਸਰਕਾਰੀ ਸੈਕਟਰ ਵਿੱਚ ਹੀ 58,709 ਨੌਕਰੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਸਾਲ ਦੌਰਾਨ ਉਨ੍ਹਾਂ ਦੀ ਸਰਕਾਰ ਖਾਲੀ ਪਈਆਂ ਸਰਕਾਰੀ ਨੌਕਰੀਆਂ ਲਈ ਇੱਕ ਲੱਖ ਹੋਰ ਨੌਜਵਾਨਾਂ ਦੀ ਭਰਤੀ ਕਰ ਰਹੀ ਹੈ।

ਭਾਰਤ ਸਰਕਾਰ ਅਤੇ ਇਸ ਦੀਆਂ ਏਜੰਸੀਆਂ ਦੇ ਸਰਵੇ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਸਬੰਧੀ ਮੰਤਰਾਲੇ ਵੱਲੋਂ ਜਾਰੀ ਕੀਤੀ ਕਿਰਤ ਸ਼ਕਤੀ ਸਰਵੇ (2018-19) ਰਿਪੋਰਟ ਅਨੁਸਾਰ ਦਿੱਲੀ ਦੀ ਬੇਰੁਜ਼ਗਾਰੀ ਦਰ 8.0 ਫੀਸਦੀ ਦੇ ਮੁਕਾਬਲੇ ਪੰਜਾਬ ਦੀ ਦਰ 7.2 ਫੀਸਦੀ ਹੈ, ਜੋ ਕੌਮੀ ਔਸਤ ਨਾਲੋਂ ਵੀ ਘੱਟ ਹੈ।

ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਸਬੰਧੀ ਉਸ 'ਤੇ ਚੁਟਕੀ ਲੈਂਦਿਆਂ ਕਿਹਾ,'' ਅਜਿਹਾ ਪ੍ਰਤੀਤ ਹੁੰਦਾ ਹੈ ਕਿ ਹਮੇਸ਼ਾ ਵਾਂਗ ਤੁਹਾਡੇ ਪੰਜਾਬ ਦੇ ਲੀਡਰ ਜਾਂ ਤਾਂ ਤੁਹਾਨੂੰ ਪੰਜਾਬ ਆਉਣ ਤੋਂ ਪਹਿਲਾਂ ਸਹੀ ਤੱਥਾਂ ਬਾਰੇ ਜਾਣੂ ਨਹੀਂ ਕਰਾਉਂਦੇ ਜਾਂ ਫਿਰ ਸ਼ਾਇਦ ਉਹ ਤੁਹਾਨੂੰ ਜਾਣ-ਬੁੱਝ ਕੇ ਗੁੰਮਰਾਹ ਕਰਦੇ ਹਨ।''

ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਨੂੰ ਉਸ ਵੱਲੋਂ ਕੀਤੇ ਦਾਅਵੇ ਲਈ ਵੀ ਆੜੇ ਹੱਥੀਂ ਲਿਆ ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਉਹ ਅੰਦੋਲਨਕਾਰੀ ਕਿਸਾਨਾਂ ਨਾਲ ਹਮੇਸ਼ਾ ਮੋਢੇ ਨਾਲ ਮੋਢੇ ਜੋੜ ਕੇ ਖੜ੍ਹਨਗੇ। ਮੁੱਖ ਮੰਤਰੀ ਨੇ ਤਨਜ਼ ਕੱਸਦਿਆਂ ਕਿਹਾ,'' ਹਰ ਕੋਈ ਜਾਣਦਾ ਹੈ ਇਸ ਮੁੱਦੇ 'ਤੇ ਤੁਸੀਂ ਕਿੱਥੇ ਖੜ੍ਹੇ ਹੋ।'' ਉਨ੍ਹਾਂ ਨੇ ਆਪ ਲੀਡਰ ਨੂੰ ਚੇਤੇ ਕਰਵਾਉਂਦਿਆਂ ਆਖਿਆ ਕਿ ਦਿੱਲੀ ਵਿੱਚ ਤੁਹਾਡੀ ਸਰਕਾਰ ਨੇ ਇਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਵਿੱਚੋਂ ਇਕ ਕਾਨੂੰਨ ਲਾਗੂ ਵੀ ਕਰ ਦਿੱਤਾ ਹੈ। ਇੱਥੋਂ ਤੱਕ ਕਿ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਵੀ ਯੂ-ਟਰਨ ਲੈ ਚੁੱਕੀ ਹੈ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਕੰਮ ਵਿੱਚ ਟੰਗ ਨਾ ਅੜਾਉਣ ਦੀ ਨਸੀਹਤ ਦਿੰਦਿਆਂ ਕਿਹਾ,''ਮੇਰੇ ਸੂਬੇ ਨਾਲ ਸਬੰਧਤ ਮਾਮਲਿਆਂ ਬਾਰੇ ਮੈਂ ਕੌਮੀ ਰਾਜਧਾਨੀ ਵਿੱਚ ਤੁਹਾਡੇ ਵੱਲੋਂ ਕੀਤੇ ਜਾ ਰਹੇ ਕੰਮਕਾਜ ਨਾਲੋਂ ਵੱਧ ਬਿਹਤਰ ਤਰੀਕੇ ਨਾਲ ਨਜਿੱਠਣ ਵਿੱਚ ਸਮਰੱਥ ਹਾਂ।''

ਮੁੱਖ ਮੰਤਰੀ ਨੇ ਮੋਗਾ ਵਿੱਚ ਹੋਏ ਇਕੱਠ ਦੌਰਾਨ ਕੋਵਿਡ ਸਬੰਧੀ ਇਹਤਿਆਤ ਯਕੀਨੀ ਨਾ ਬਣਾਉਣ ਲਈ ਕੇਜਰੀਵਾਲ ਦੀ ਸਖਤ ਨਿਖੇਧੀ ਕੀਤੀ ਜਿੱਥੇ ਆਪ ਲੀਡਰਸ਼ਿਪ ਮਾਸਕ ਪਹਿਨਣ ਤੋਂ ਬਿਨਾਂ ਹੀ ਦੇਖੀ ਗਈ ਉਨ੍ਹਾਂ ਨੇ ਇਸ ਨੂੰ ਹੱਦ ਦਰਜੇ ਦਾ ਗੈਰ-ਜ਼ਿੰਮੇਵਾਰਾਨਾ ਰਵੱਈਆ ਦੱਸਦਿਆਂ ਕਿਹਾ ਕਿ ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਕੇਜਰੀਵਾਲ ਤੇ ਉਸ ਦੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਦੀ ਕਿੰਨੀ ਕੁ ਪ੍ਰਵਾਹ ਹੈ। ਉਨ੍ਹਾਂ ਕਿਹਾ,''ਜਦੋਂ ਇਹ ਦਿੱਲੀ ਵਿੱਚ ਹਨ ਤਾਂ ਉੱਥੇ ਮਾਸਕ ਨਾ ਪਹਿਨਣ 'ਤੇ ਲੋਕਾਂ ਨੂੰ ਭਾਰੀ ਜੁਰਮਾਨਾ ਲਾਇਆ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਕੋਵਿਡ ਤੋਂ ਸੁਰੱਖਿਆ ਸਬੰਧੀ ਪ੍ਰੋਟੋਕਾਲ ਬਾਰੇ ਬੜੀ ਢੀਠਤਾ ਨਾਲ ਬੇਪਰਵਾਹੀ ਵਾਲਾ ਵਤੀਰਾ ਅਪਣਾਉਂਦੇ ਹਨ।'' ਉਨ੍ਹਾਂ ਅੱਗੇ ਕਿਹਾ ਕਿ ਕੋਵਿਡ ਦੇ ਵੱਧਦੇ ਪ੍ਰਭਾਵ ਕਾਰਨ ਪੰਜਾਬ ਕਾਂਗਰਸ ਨੇ ਤਾਂ ਆਪਣੀਆਂ ਸਾਰੀਆਂ ਸਿਆਸੀ ਰੈਲੀਆਂ ਮੁਅੱਤਲ ਕਰ ਦਿੱਤੀਆਂ ਹਨ ਜਦਕਿ ਦੂਜੇ ਪਾਸੇ ਕੇਜਰੀਵਾਲ ਅਜਿਹਾ ਕਰਨ ਵਿੱਚ ਨਾਕਾਮ ਰਹੇ ਹਨ ਜਿਸ ਤੋਂ ਸਿੱਧ ਹੁੰਦਾ ਹੈ ਕਿ ਉਸ ਦਾ ਇਕਮਾਤਰ ਹਿੱਤ ਕਿਸੇ ਨਾ ਕਿਸੇ ਢੰਗ-ਤਰੀਕੇ ਨਾਲ ਪੰਜਾਬ ਦੀ ਸੱਤਾ ਹਥਿਆਉਣਾ ਹੈ।
Published by: Ashish Sharma
First published: March 22, 2021, 8:07 PM IST
ਹੋਰ ਪੜ੍ਹੋ
ਅਗਲੀ ਖ਼ਬਰ