'ਵਿਧਾਨ ਸਭਾ ਵਿੱਚ ਸਰਕਾਰ ਵੱਲੋਂ ਲਿਆਂਦੇ ਗਏ ਭਰੋਸਗੀ ਮਤੇ ਦੌਰਾਨ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੀ ਵੋਟ ਨੂੰ ਸਰਕਾਰ ਦੇ ਹੱਕ ਵਿੱਚ ਮੰਨਣ ਦੀ ਸਰਕਾਰ ਨੇ ਹੁਣ ਸੋਧ ਕਰਕੇ ਸਿੱਧ ਕਰ ਦਿੱਤਾ ਕਿ ‘ਆਪ’ ਸਰਕਾਰ ਨੇ ਧੱਕੇਸ਼ਾਹੀ ਨਾਲ ਆਪਣੇ ਹੱਕ ਵਿੱਚ ਵੋਟਾਂ ਦੀ ਗਿਣਤੀ ਕੀਤੀ ਸੀ।'
ਅੱਜ ਇੱਥੋਂ ਜਾਰੀ ਬਿਆਨ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਪਹਿਲਾਂ ਤੋਂ ਹੀ ਇਸ ਮਤੇ ਦਾ ਵਿਰੋਧ ਕਰਦੀ ਆ ਰਹੀ ਸੀ, ਵਿਧਾਨ ਸਭਾ ਵਿੱਚ ਵੀ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਡਾ. ਨਛੱਤਰਪਾਲ਼ ਨੇ ਇਸ ਮਤੇ ਖਿਲਾਫ ਵੋਟ ਪਾਈ ਸੀ। ਪ੍ਰੰਤੂ ਸਪੀਕਰ ਨੇ ਅਣਸੁਣਿਆ ਕਰਦੇ ਹੋਏ ਬਸਪਾ ਵਿਧਾਇਕ ਤੇ ਅਕਾਲੀ ਦਲ ਦੇ ਵਿਧਾਇਕ ਦੀ ਵੋਟ ਨੂੰ ਸਰਕਾਰ ਦੇ ਪੱਖ ਵਿੱਚ ਕਰਾਰ ਦੇ ਦਿੱਤਾ ਸੀ।
ਸ. ਗੜ੍ਹੀ ਨੇ ਕਿਹਾ ਕਿ ਬਸਪਾ ਤੇ ਅਕਾਲੀ ਦਲ ਵੱਲੋਂ ਵਿਰੋਧ ਕੀਤੇ ਜਾਣ ਬਾਅਦ ਸਰਕਾਰ ਨੇ ਹੁਣ ਇਹ ਸੋਧ ਕਰਕੇ ਆਪਣੀ ਗਲਤੀ ਮੰਨ ਲਈ ਹੈ। ਸ੍ਰ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਦੀਆਂ ਨੀਤੀਆ ਖ਼ਿਲਾਫ਼ ਲੜ ਰਿਹਾ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਮਜ਼ਬੂਤੀ ਨਾਲ ਪੰਜਾਬ ਦੀ ਆਵਾਜ਼ ਬਣਕੇ ਡਟਕੇ ਖੜ੍ਹਿਆ ਹੈ।
ਉਨ੍ਹਾਂ ਕਿਹਾ ਕਿ ਝਾੜੂ ਪਾਰਟੀ ਦਾ ਭਰੋਸੇ ਦੇ ਵੋਟ ਖ਼ਿਲਾਫ਼ ਕਾਂਗਰਸ ਤੇ ਭਾਜਪਾ ਦਾ ਬਾਈਕਾਟ ਕਰਨਾ ਪੰਜਾਬ ਦੇ ਲੋਕਾਂ ਨਾਲ ਧੋਖਾ ਸੀ। ਜਦੋਂ ਕਿ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਵਲੋਂ ਕੇਜਰੀਵਾਲ ਦੀਆਂ ਨੀਤੀਆਂ ਖਿਲਾਫ ਦੋ ਵੋਟਾਂ ਪਾ ਕੇ ਸਰਕਾਰ ਦੇ ਖਿਲਾਫ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਸੀ, ਜਿਸ ਦਾ ਅੱਜ ਨਿਤਾਰਾ ਹੋਇਆ ਹੈ। ਸ੍ਰ. ਗੜ੍ਹੀ ਨੇ ਕਿਹਾ ਕਿ ‘ਆਪ’ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਬਹੁਜਨ ਸਮਾਜ ਪਾਰਟੀ ਡਟਕੇ ਵਿਰੋਧ ਕਰਦੀ ਰਹੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, Bsp