Home /News /punjab /

M.C. ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਬਰਨਾਲਾ 'ਚ ਵਧਾਈਆਂ ਸਰਗਰਮੀਆਂ

M.C. ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਬਰਨਾਲਾ 'ਚ ਵਧਾਈਆਂ ਸਰਗਰਮੀਆਂ

  • Share this:

ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਤਿਆਰੀਆਂ ਖਿੱਚ ਦਿੱਤੀਆਂ ਗਈਆਂ ਹਨ। ਜਿਸ ਤਹਿਤ ਅੱਜ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ ਵੱਲੋਂ ਕਾਂਗਰਸੀ ਵਰਕਰਾਂ ਨਾਲ ਬਰਨਾਲਾ ਦੇ ਰੈਸਟ ਹਾਊਸ ਵਿੱਚ ਮੀਟਿੰਗ ਕੀਤੀ ਗਈ ।  ਕਾਂਗਰਸੀ ਆਗੂਆਂ ਨੇ ਨਗਰ ਕੌਂਸਲ ਚੋਣਾਂ ਵਿਕਾਸ ਦੇ ਮੁੱਦੇ ਉਤੇ ਲੜਨ ਅਤੇ ਜਿੱਤਣ ਦਾ ਦਾਅਵਾ ਕੀਤਾ।

ਇਸ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਤੇ ਕ੍ਰਿਸ਼ਨ ਬਾਵਾ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਿੱਚ ਪੂਰਾ ਜੋਸ਼ ਹੈ। ਕਾਂਗਰਸ ਪਾਰਟੀ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਕੀਤੇ ਗਏ ਰਿਕਾਰਡ ਵਿਕਾਸ ਕਾਰਜਾਂ ਦੇ ਮੁੱਦੇ ਨੂੰ ਲੈ ਕੇ ਇਹ ਚੋਣਾਂ ਲੜੀਆਂ ਜਾ ਰਹੀਆਂ ਹਨ। ਬਰਨਾਲਾ ਸ਼ਹਿਰ ਵਿਚ ਪਿਛਲੇ ਸਾਲਾਂ ਦੌਰਾਨ ਪੱਕੀਆਂ ਗਲੀਆਂ, ਸੜਕਾਂ, ਸੀਵਰੇਜ, ਨਿਕਾਸੀ ਪਾਣੀ ਦੇ ਮੁੱਖ ਕੰਮ ਕਰਵਾਏ ਗਏ ਹਨ । ਇਸ ਤੋਂ ਇਲਾਵਾ ਸਿਹਤ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ ਇਕ ਮਲਟੀਸਪੈਸ਼ਲਿਟੀ ਹਸਪਤਾਲ ਬਰਨਾਲਾ ਜ਼ਿਲ੍ਹੇ ਲਈ ਪਾਸ ਕਰਵਾਇਆ ਗਿਆ ਹੈ,  ਜਿਸ ਤੋਂ ਬਰਨਾਲਾ ਜ਼ਿਲ੍ਹੇ ਦੇ ਲੋਕ ਪੂਰੇ ਖੁਸ਼ ਹਨ। ਕਾਂਗਰਸ ਪਾਰਟੀ ਦੇ ਉਮੀਦਵਾਰ ਇਨ੍ਹਾਂ ਚੋਣਾਂ ਵਿੱਚ ਰਿਕਾਰਡ ਵੋਟਾਂ ਨਾਲ ਜਿੱਤ ਹਾਸਲ ਕਰਨਗੇ। ਚੰਗੇ ਉਮੀਦਵਾਰ ਕਾਂਗਰਸ ਪਾਰਟੀ ਵੱਲੋਂ ਖੜੇ ਕੀਤੇ ਜਾਣਗੇ।

ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਨੌਜਵਾਨ

ਕਾਂਗਰਸੀ ਆਗੂਆਂ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਵਿਚ ਪਾਰਟੀ ਅਤੇ ਸਮਾਜ ਨੂੰ ਸਮਰਪਿਤ ਉਮੀਦਵਾਰ ਸਾਹਮਣੇ ਲਿਆਂਦੇ ਜਾਣਗੇ। ਪਹਿਲਾਂ ਚੋਣਾਂ ਲੜਨ ਵਾਲੇ, ਅੱਤਿਵਾਦ ਪੀੜਤ, ਆਜ਼ਾਦੀ ਘੁਲਾਟੀਏ ਅਤੇ ਸਮਾਜ ਸੇਵਾ ਨੂੰ ਸਮਰਪਿਤ ਲੋਕਾਂ ਨੂੰ ਕਾਂਗਰਸ ਪਾਰਟੀ ਉਮੀਦਵਾਰ ਬਣਾਏਗੀ।  ਕਾਂਗਰਸੀ ਆਗੂਆਂ ਨੇ ਕਿਹਾ ਕਿ ਬਰਨਾਲਾ ਸ਼ਹਿਰ ਦਾ ਜੋ ਵਿਕਾਸ ਹੋਇਆ ਹੈ , ਉਹ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਹੀ ਕੀਤਾ ਗਿਆ ਹੈ । ਜਦੋਂਕਿ ਪਿਛਲੀ ਅਕਾਲੀ ਸਰਕਾਰ 100 ਕਰੋੜ ਦੇ ਵਿਕਾਸ ਕਾਰਜ ਕਰਨ ਦੇ ਫੋਕੇ ਦਾਅਵੇ ਕਰਦੀ ਰਹੀ , ਜਦੋਂਕਿ ਇੱਕ ਕਰੋੜ ਰੁਪਿਆ ਵੀ ਸ਼ਹਿਰ ਵਿੱਚ ਨਹੀਂ ਲਗਾਇਆ ਗਿਆ । ਆਮ ਆਦਮੀ ਪਾਰਟੀ ਦੇ ਐਮਪੀ ਅਤੇ ਐਮਐਲਏ ਵੱਲੋਂ ਵੀ ਬਰਨਾਲਾ ਸ਼ਹਿਰ ਲਈ ਕੋਈ ਫੰਡ ਨਹੀਂ ਲਿਆਂਦਾ ਗਿਆ।  ਇਸ ਮੌਕੇ ਆਮ ਆਦਮੀ ਪਾਰਟੀ ਅਤੇ ਬੀਜੇਪੀ ਛੱਡ ਕੇ ਕੁਝ ਨੌਜਵਾਨ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ , ਜਿਨ੍ਹਾਂ ਨੂੰ ਕੇਵਲ ਸਿੰਘ ਢਿੱਲੋਂ ਅਤੇ ਕ੍ਰਿਸ਼ਨ ਬਾਵਾ ਵੱਲੋਂ ਕਾਂਗਰਸ ਪਾਰਟੀ ਦੀਆਂ ਝੰਡੀਆਂ ਗਲਾਂ ਵਿੱਚ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ।

Published by:Ashish Sharma
First published:

Tags: Barnala, Congress, Elections