
ਠੇਕਾ ਮੁਲਾਜ਼ਮਾਂ ਨੇ ਮਨਪ੍ਰੀਤ ਬਾਦਲ ਦਾ ਦਫਤਰ ਘੇਰ ਕੇ ਯਾਦ ਕਰਵਾਏ ਵਾਅਦੇ
Suraj Bhan
ਬਠਿੰਡਾ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਠਿੰਡਾ ਸਥਿਤ ਦਫ਼ਤਰ ਸਾਹਮਣੇ ਦਿੱਤੇ ਦੋ-ਰੋਜ਼ਾ ਧਰਨੇ ਦੇ ਦੂਜੇ ਦਿਨ ਠੇਕਾ ਮੁਲਾਜਮਾਂ ਦੀ ਭਰਵੀਂ ਇਕੱਤਰਤਾ ਹੋਈ।
ਇਸ ਮੌਕੇ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ, ਗੁਰਵਿੰਦਰ ਸਿੰਘ ਪੰਨੂੰ, ਵਰਿੰਦਰ ਸਿੰਘ ਬੀਬੀਵਾਲਾ, ਜਗਸੀਰ ਸਿੰਘ ਭੰਗੂ, ਰੇਸ਼ਮ ਸਿੰਘ ਗਿੱਲ, ਸੇਵਕ ਸਿੰਘ ਦੰਦੀਵਾਲ, ਰਾਜੇਸ਼ ਕੁਮਾਰ, ਸੰਦੀਪ ਖਾਨ, ਖੁਸ਼ਦੀਪ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਤ੍ਰਾਸਦੀ ਇਹ ਹੈ ਕਿ ਸਮੂਹ ਸਰਕਾਰੀ ਵਿਭਾਗਾਂ ਵਿੱਚ ਪਿਛਲੇ 15-20 ਸਾਲਾਂ ਤੋਂ ਲਗਾਤਾਰ ਠੇਕਾ ਪ੍ਰਣਾਲੀ ਦੀ ਚੱਕੀ ਵਿੱਚ ਪਿਸ ਰਹੇ ਠੇਕਾ ਮੁਲਾਜਮਾਂ ਨੂੰ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜ਼ਕਾਲ ਵਿੱਚ ਰੈਗੂਲਰ ਨਹੀਂ ਕੀਤਾ।
ਸਰਕਾਰ ਖਜ਼ਾਨਾ ਖਾਲੀ ਹੋਣ ਅਤੇ ਕਾਨੂੰਨੀ ਅੜਚਨਾਂ ਦਾ ਬਹਾਨਾ ਬਣਾ ਕੇ ਠੇਕਾ ਮੁਲਾਜਮਾਂ ਨੂੰ ਪੱਕਾ ਕਰਨ ਦੇ ਵਾਅਦੇ ਤੋਂ ਲਗਾਤਾਰ ਤੋਂ ਭੱਜ ਰਹੀ ਹੈ ਅਤੇ ਕੇਂਦਰ ਸਰਕਾਰ ਦੀਆਂ ਕਾਰੋਪਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਦੇ ਹੋਏ ਸਮੂਹ ਸਰਕਾਰੀ ਵਿਭਾਗਾਂ ਤੇ ਨਿੱਜੀਕਰਨ ਦਾ ਹੱਲਾ ਵਿੱਢਿਆ ਹੋਇਆ ਹੈ।
ਇੱਕ ਲੱਖ ਸਰਕਾਰੀ ਨੌਕਰੀਆਂ ਦੇਣ ਦੀ ਗੱਲ ਕਰਨ ਵਾਲੀ ਕੈਪਟਨ ਸਰਕਾਰ ਨੇ ਸਮੂਹ ਵਿਭਾਗਾਂ ਵਿੱਚੋਂ ਪੁਨਰਗਠਨ ਦੇ ਨਾਮ ਉਤੇ ਇੱਕ ਲੱਖ ਦੇ ਕਰੀਬ ਅਸਾਮੀਆਂ ਦਾ ਖਾਤਮਾ ਕਰ ਦਿੱਤਾ ਹੈ ਅਤੇ "ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ)" ਵੱਲੋਂ ਕੀਤੇ ਲਗਾਤਾਰ ਸੰਘਰਸ਼ਾਂ ਦੇ ਦਬਾਅ ਦੀ ਬਦੌਲਤ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਬਣਾਏ "ਵੈੱਲਫੇਅਰ ਐਕਟ 2016" ਨੂੰ ਤੋੜ ਕੇ ਨਵਾਂ ਵੈੱਲਫੇਅਰ ਐਕਟ ਲਿਆ ਕੇ ਠੇਕਾ ਪ੍ਰਣਾਲੀ, ਆਊਟਸੋਰਸਿੰਗ ਅਤੇ ਇਨਲਿਸਟਮੈਂਟ ਆਦਿ ਰਾਹੀਂ ਕੰਮ ਕਰਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਰਸਤਾ ਬੰਦ ਕਰ ਰਹੀ ਹੈ।
ਮੋਰਚੇ ਦੇ ਸੂਬਾਈ ਆਗੂਆਂ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੂੰ "ਵੈਲਫੇਅਰ ਐਕਟ 2016" ਅਧੀਨ ਲਿਆ ਕੇ ਉਹਨਾਂ ਦੇ ਪਿੱਤਰੀ ਵਿਭਾਗਾਂ ਵਿੱਚ ਰੈਗੂਲਰ ਕੀਤਾ ਜਾਵੇ, ਸਮੂਹ ਵਿਭਾਗਾਂ ਦੇ ਨਿੱਜੀਕਰਨ ਅਤੇ ਪੁਨਰਗਠਨ ਦੀ ਨੀਤੀ ਰੱਦ ਕੀਤੀ ਜਾਵੇ, ਠੇਕਾ ਮੁਲਾਜਮਾਂ ਦੀਆਂ ਛਾਂਟੀਆਂ ਬੰਦ ਕੀਤੀਆਂ ਜਾਣ, ਇਸ ਸਮੇਂ ਬੀਕੇਯੂ ਏਕਤਾ ਉੱਗਰਾਹਾਂ ਤੋਂ ਮੋਠੂ ਸਿੰਘ ਕੋਟੜਾ ਅਤੇ ਹਰਜਿੰਦਰ ਸਿੰਘ ਬੱਗੀ,ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਸੂਬਾ ਪ੍ਰਧਾਨ ਜੋਰਾ ਸਿੰਘ ਨਸ਼ਰਾਲੀ,ਟੀ.ਐੱਸ.ਯੂ.(ਭੰਗਲ) ਤੋਂ ਮਹਿੰਦਰਪਾਲ ਸ਼ਰਮਾਂ, ਲੋਕ ਮੋਰਚਾ ਪੰਜਾਬ ਤੋਂ ਮਾ. ਗੁਰਮੁੱਖ ਸਿੰਘ ਨਥਾਣਾ, ਡੀ.ਟੀ ਐੱਫ.ਤੋਂ ਮਾ.ਰੇਸ਼ਮ ਸਿੰਘ ਖੇਮੂਆਣਾ,ਪੀ.ਆਰ.ਟੀ.ਸੀ.ਯੂਨੀਅਨ ਤੋਂ ਬਲਵੀਰ ਸ਼ਰਮਾ ਅਤੇ ਨਿਰਪਾਲ ਸਿੰਘ ਸਿੰਘ ਆਦਿ ਆਗੂਆਂ ਨੇ ਸਮੂਹ ਵਿਭਾਗਾਂ ਦੀਆਂ ਠੇਕਾ ਮੁਲਾਜਮ ਜਥੇਬੰਦੀਆਂ ਨੂੰ ਮੋਰਚੇ ਦੇ ਬੈਨਰ ਕੀਤੇ ਜਾ ਰਹੇ ਸਾਂਝੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਧਰਨੇ ਦੀ ਸਮਾਪਤੀ ਉਪਰੰਤ ਵਿੱਤ ਮੰਤਰੀ ਦੇ ਦਫ਼ਤਰ ਤੋਂ ਅਮਰੀਕ ਸਿੰਘ ਰੋਡ, ਗੋਲ ਡਿੱਗੀ, ਮਾਲ ਰੋਡ ਹੁੰਦੇ ਹੋਏ ਹਨੂਮਾਨ ਚੌਂਕ ਤੱਕ ਰੋਸ਼ ਮਾਰਚ ਕਰਕੇ ਧਰਨੇ ਦੀ ਸਮਾਪਤੀ ਕੀਤੀ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।