ਕਰਤਾਰਪੁਰ ਲਾਂਘੇ ਦਾ ਕੰਮ ਫੜੇਗਾ ਰਫਤਾਰ, ਭਾਰਤ ਤੇ ਪਾਕਿ ਵਿਚਾਲੇ ਮੀਟਿੰਗ

  • Share this:
    ਕਰਤਾਰਪੁਰ ਲਾਂਘੇ ਸਬੰਧੀ ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਜ਼ੀਰੋ ਲਾਈਨ 'ਤੇ ਤਕਰੀਬਨ ਚਾਰ ਘੰਟਿਆਂ ਤੱਕ ਮੀਟਿੰਗ ਚੱਲੀ। ਇਸ ਦੌਰਾਨ ਦੋਵਾਂ ਮੁਲਕਾਂ ਦੇ ਤਕਨੀਕੀ ਵਿਭਾਗ ਦੇ ਅਧਿਕਾਰੀਆਂ ਵਿਚਾਲੇ ਗੱਲਬਾਤ ਹੋਈ। ਮਿਲੀ ਜਾਣਕਾਰੀ ਮੁਤਾਬਕ ਭਾਰਤ ਨੇ ਡੇਰਾ ਬਾਬਾ ਨਾਨਕ ਵਿਚ ਪੁਲ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਇਸ ਪੁਲ ਰਾਹੀਂ ਲਾਂਘਾ ਤਿਆਰ ਹੋਣ ਤੱਕ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਸੂਤਰਾਂ ਨੇ ਦੱਸਿਆ ਹੈ ਕਿ ਲਾਂਘਾ ਬਣਾਉਣ ਲਈ ਸੜਕਾਂ, ਸਰਕਾਰੀ ਦਫਤਰਾਂ, ਟਰਮੀਨਲ ਕੇ ਪਾਕਿਸਤਾਨ ਵੱਲ ਰਾਵੀ ਦਰਿਆ 'ਤੇ ਪੁਲ ਬਣਾਉਣ ਸਬੰਧੀ ਖਾਸ ਗੱਲਬਾਤ ਕੀਤੀ ਗਈ।

    ਸਰਕਾਰੀ ਸੂਤਰਾਂ ਮੁਤਾਬਕ ਇਸ ਬੈਠਕ ਦੇ ਏਜੰਡੇ ਵਿਚ ਮੁੱਖ ਤੌਰ 'ਤੇ ਕਰਤਾਰਪੁਰ ਲਾਂਘੇ ਦੀ ਯੋਜਨਾ ਦੇ ਜਲ ਵਿਗਿਆਨਿਕ ਪਹਿਲੂ ਤੇ ਨਿਰਮਾਣ ਕਾਰਜਾਂ ਦੇ ਤਕਨੀਕੀ ਪਹਿਲੂ ਵਿਚਾਰੇ ਗਏ। ਪਹਿਲਾਂ ਇਹ ਮੀਟਿੰਗ 2 ਅਪ੍ਰੈਲ ਨੂੰ ਹੋਣੀ ਸੀ। ਪਰ ਪਾਕਿਸਤਾਨ ਵੱਲੋਂ ਬਣਾਈ ਗਈ ਕਮੇਟੀ ਵਿਚ ਕੁਝ ਗਰਮਖਿਆਲੀਆਂ ਨੂੰ ਸ਼ਾਮਲ ਕਰਨ ਉਤੇ ਭਾਰਤ ਭੜਕ ਗਿਆ ਸੀ ਤੇ ਮੀਟਿੰਗ ਰੱਦ ਕਰ ਦਿੱਤੀ ਗਈ ਸੀ।

    ਇਸ ਮੀਟਿੰਗ ਤੋਂ ਬਾਅਦ ਲਾਂਘੇ ਦੇ ਕੰਮ ਵਿਚ ਹੋਰ ਤੇਜੀ ਹੋਣ ਦੀ ਆਸ ਹੈ। ਦੱਸ ਦਈਏ ਕਿ ਪਾਕਿਸਤਾਨ ਵੱਲੋਂ ਲਾਂਘੇ ਦਾ 90 ਫੀਸਦੀ ਕੰਮ ਮੁਕੰਮਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਾਕਿਸਤਾਨ ਵਾਲੇ ਪਾਸੇ ਚੱਲ ਰਹੇ ਨਿਰਮਾਣ ਕਾਰਜ ਨੂੰ ਹੁਣ ਇਧਰ ਦੇ ਸ਼ਰਧਾਲੂ ਦੇਖ ਸਕਦੇ ਹਨ, ਕਿਉਂਕਿ ਪਾਕਿਸਤਾਨ ਨੇ ਜ਼ੀਰੋ ਲਾਈਨ ਕੋਲ ਬਣੇ ਧੁੱਸੀ ਬੰਨ੍ਹ ਦੇ ਇਕ ਹਿੱਸੇ ਨੂੰ ਸੜਕ ਬਣਾਉਣ ਲਈ ਹਟਾ ਦਿੱਤਾ ਹੈ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਪਹਿਲੀ ਪਾਤਸ਼ਾਹੀ ਦੇ 550ਵੇਂ ਜਨਮ ਦਿਹਾੜੇ ਤੋਂ ਪਹਿਲਾਂ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਅਕਤੂਬਰ ਮਹੀਨੇ ਤੱਕ ਮੁਕੰਮਲ ਕਰਨ ਦੀ ਸਹਿਮਤੀ ਦਿੱਤੀ ਹੋਈ ਹੈ।
    First published: