ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪਾਕਿਸਤਾਨ ਖ਼ਿਲਾਫ਼ ਐਤਵਾਰ ਨੂੰ ਦੁਬਈ ਵਿੱਚ ਖੇਡੇ ਗਏ ਏਸ਼ੀਆ ਕ੍ਰਿਕਟ ਕੱਪ ਟੂਰਨਾਮੈਂਟ ਦੇ ਸੁਪਰ-4 ਮੁਕਾਬਲੇ ਵਿੱਚ ਬੱਲੇਬਾਜ਼ ਆਸਿਫ਼ ਅਲੀ ਦਾ ਕੈਚ ਛੱਡਣ ਕਾਰਨ ਸੋਸ਼ਲ ਮੀਡੀਆ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਕੁੱਝ ਲੋਕਾਂ ਵੱਲੋਂ ਟਵਿੱਟਰ ’ਤੇ ਅਰਸ਼ਦੀਪ ਸਿੰਘ ਨੂੰ ‘ਖਾਲਿਸਤਾਨੀ’ ਕਿਹਾ ਗਿਆ ਅਤੇ ਕੈਚ ਛੱਡੇ ਜਾਣ ਮਗਰੋਂ ਉਸ ਦੇ ਵਿਕੀਪੀਡੀਆ ਪੇਜ ’ਤੇ ਵੀ ‘ਵੱਖਵਾਦੀ ਖਾਲਿਸਤਾਨੀ ਲਹਿਰ’ ਨਾਲ ਸਬੰਧਿਤ ਲਿਖ ਦਿੱਤਾ ਗਿਆ ਹੈ।
ਹੁਣ ਅਰਸ਼ਦੀਪ ਦੇ ਮਾਪਿਆਂ ਨੇ ਟ੍ਰੋਲ ਕਰਨ ਵਾਲਿਆਂ ਨੂੰ ਬੋਲਤੀ ਬੰਦ ਕਰਨ ਵਾਲਾ ਜਵਾਬ ਦਿੱਤਾ ਹੈ। ਅਰਸ਼ਦੀਪ ਦੇ ਪਿਤਾ ਦਰਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜੋ ਪ੍ਰਤੀਕਰਮ ਆ ਰਹੇ ਹਨ, ਉਹ ਉਨ੍ਹਾਂ ਨੂੰ ਸਕਾਰਾਤਮਕ ਤੌਰ 'ਤੇ ਲੈ ਰਹੇ ਹਨ। ਅਰਸ਼ਦੀਪ ਦੇ ਪਿਤਾ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਕਿਹਾ, 'ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਦੀ ਟੀਮ ਜਿੱਤੇ।
ਅਜਿਹਾ ਨਾ ਹੋਣ 'ਤੇ ਪ੍ਰਸ਼ੰਸਕ ਸ਼ਬਦਾਂ ਰਾਹੀਂ ਖਿਡਾਰੀਆਂ 'ਤੇ ਆਪਣਾ ਗੁੱਸਾ ਜ਼ਾਹਰ ਕਰਦੇ ਹਨ। ਅਸੀਂ ਇਨ੍ਹਾਂ ਸਾਰੀਆਂ ਗੱਲਾਂ ਅਤੇ ਪ੍ਰਤੀਕਿਰਿਆਵਾਂ ਨੂੰ ਸਕਾਰਾਤਮਕ ਤਰੀਕੇ ਨਾਲ ਲੈ ਰਹੇ ਹਾਂ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਬਹੁਤ ਹੀ ਸ਼ਾਨਦਾਰ ਰਿਹਾ।
ਦਰਸ਼ਨ ਨੇ ਦੱਸਿਆ, 'ਉਸ ਨੇ ਮੈਚ ਤੋਂ ਬਾਅਦ ਬੇਟੇ ਅਰਸ਼ਦੀਪ ਨਾਲ ਗੱਲ ਕੀਤੀ ਅਤੇ ਉਹ ਸੋਸ਼ਲ ਮੀਡੀਆ ਜਾਂ ਇੰਟਰਨੈੱਟ 'ਤੇ ਜੋ ਕੁਝ ਚੱਲ ਰਿਹਾ ਹੈ, ਉਸ ਤੋਂ ਉਹ ਬਿਲਕੁਲ ਵੀ ਪ੍ਰਭਾਵਿਤ ਨਹੀਂ ਹੈ। ਉਸ ਦਾ ਪੂਰਾ ਧਿਆਨ ਸ਼੍ਰੀਲੰਕਾ ਖਿਲਾਫ ਦੂਜੇ ਮੈਚ 'ਤੇ ਹੈ।''
ਇਸ ਪੂਰੇ ਵਿਵਾਦ 'ਤੇ ਅਰਸ਼ਦੀਪ ਦੀ ਮਾਂ ਦਲਜੀਤ ਕੌਰ ਨੇ ਕਿਹਾ, 'ਅਸੀਂ ਪਾਕਿਸਤਾਨ ਤੋਂ ਹਾਰ ਗਏ, ਇਹ ਆਮ ਗੱਲ ਹੈ। ਕ੍ਰਿਕਟ ਮੈਚਾਂ ਵਿੱਚ ਗਲਤੀਆਂ ਹੁੰਦੀਆਂ ਹਨ। ਲੋਕਾਂ ਦਾ ਕੰਮ ਹੀ ਗੱਲਾਂ ਕਰਨਾ ਹੈ। ਜੇਕਰ ਉਹ ਕਿਸੇ ਖਿਡਾਰੀ ਦੀ ਆਲੋਚਨਾ ਕਰ ਰਹੇ ਹਨ ਤਾਂ ਉਹ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਉਹ ਉਸ ਨੂੰ ਪਿਆਰ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਉਹ ਚੰਗਾ ਪ੍ਰਦਰਸ਼ਨ ਕਰੇ। ਅਸੀਂ ਪ੍ਰਾਰਥਨਾ ਕਰ ਰਹੇ ਸੀ ਕਿ ਅਰਸ਼ਦੀਪ ਆਖਰੀ ਓਵਰ ਵਿੱਚ 2 ਦੌੜਾਂ ਬਚਾ ਲਵੇ। ਕੈਚ ਗੁਆਉਣਾ ਖੇਡ ਦਾ ਹਿੱਸਾ ਹੈ। ਪਰ ਉਸ ਨੇ ਅਗਲੇ ਓਵਰ ਵਿੱਚ ਇਸ ਦੀ ਭਰਪਾਈ ਕਰ ਲਈ।''
ਅਰਸ਼ਦੀਪ ਦੇ ਪਿਤਾ ਨੂੰ ਉਮੀਦ ਹੈ ਕਿ ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਤੀਜੀ ਵਾਰ ਆਹਮੋ-ਸਾਹਮਣੇ ਹੋਣਗੇ ਅਤੇ ਫਾਈਨਲ 'ਚ ਭਿੜਨਗੇ। ਭਾਰਤ ਇਸ ਮੈਚ ਵਿੱਚ ਜਿੱਤ ਦਰਜ ਕਰਕੇ ਅੱਠਵੀਂ ਵਾਰ ਏਸ਼ੀਆ ਕੱਪ ਦੀ ਟਰਾਫੀ ਆਪਣੇ ਨਾਂ ਕਰੇਗਾ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਟੀਮ ਇੰਡੀਆ ਦਾ ਸਮਰਥਨ ਕਰਨ ਦੀ ਅਪੀਲ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Arshdeep Singh, Asia Cup Cricket 2022, Cricket News, Cricketer