ਨਵਾਂ ਸਾਲ ਚੜ੍ਹਨ ਨੂੰ ਮਹਿਜ਼ 4 ਦਿਨ ਬਾਕੀ ਹਨ। ਇਸ ਮੌਕੇ ਪਹਾੜਾਂ ਤੇ ਖ਼ੂਬ ਬਰਫ਼ ਪੈਣੀ ਸ਼ੁਰੂ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਨਾਲ ਨਾਲ ਜੰਮੂ ਕਸ਼ਮੀਰ ਤੇ ਉੱਤਰਾਖੰਡ ਵਿੱਚ ਵੀ ਭਾਰੀ ਬਰਫ਼ਬਾਰੀ ਦੇਖਣ ਨੂੰ ਮਿਲ ਰਹੀ ਹੈ। ਐਤਵਾਰ ਯਾਨਿ 26 ਦਸੰਬਰ ਨੂੰ ਜੰਮੂ ਕਸ਼ਮੀਰ ‘ਚ ਭਾਰੀ ਬਰਫ਼ਬਾਰੀ ਹੋਈ। ਚਾਰੇ ਪਾਸੇ ਜਿੱਥੇ ਵੀ ਦੇਖੋ ਸੂਬੇ ਦੀਆਂ ਸੜਕਾਂ ਬਰਫ਼ ਦੀ ਸਫ਼ੇਦ ਚਾਦਰ ਨਾਲ ਢਕੀਆਂ ਨਜ਼ਰ ਆਉਂਦੀਆਂ ਹਨ।
ਉੱਧਰ, ਉੱਤਰਾਖੰਡ ‘ਚ ਵੀ ਬਰਫ਼ਬਾਰੀ ਦੇਖਣ ਨੂੰ ਮਿਲੀ। ਕੇਦਾਰਨਾਥ ਵਿੱਚ 10 ਇੰਚ ਤੱਕ ਬਰਫ਼ ਜੰਮ ਗਈ ਹੈ। ਇਸ ਦੇ ਨਾਲ ਹੀ ਸ਼ਿਮਲਾ ਤੇ ਮਨਾਲੀ ਵਿੱਚ ਵੀ ਮੀਂਹ ਤੇ ਬਰਫ਼ਬਾਰੀ ਕਾਰਨ ਘੱਟੋ ਘੱਟ ਤਾਪਮਾਨ ਲੁੜਕ ਕੇ ਮਾਈਨਸ ‘ਤੇ ਪੁੱਜ ਗਿਆ ਹੈ। ਗੱਲ ਸ਼ਿਮਲਾ ਦੀ ਕੀਤੀ ਜਾਏ ਤਾਂ ਸੋਮਵਾਰ ਨੂੰ ਇੱਥੇ ਵੱਧ ਤੋਂ ਵੱਧ ਤਾਪਮਾਨ 7 ਡਿਗਰੀ ਸੈਲਸੀਅਸ ਜਦਕਿ ਘੱਟੋ ਘੱਟ ਤਾਪਮਾਨ ਮਾਈਨਸ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਉੱਤਰ ਭਾਰਤ ਦੇ ਪਹਾੜੀ ਇਲਾਕਿਆਂ ‘ਤੇ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ ਦੇ ਮੌਸਮ ਨੇ ਵੀ ਕਰਵਟ ਲਈ ਹੈ। 26 ਦਸੰਬਰ ਨੂੰ ਪਹਾੜਾਂ ‘ਤੇ ਬਰਫ਼ਬਾਰੀ ਹੋਣ ਨਾਲ ਪੰਜਾਬ ਹਰਿਆਣਾ ‘ਚ ਪੂਰਾ ਦਿਨ ਹਲਕੀ ਬੂੰਦਾ ਬਾਂਦੀ ਹੁੰਦੀ ਰਹੀ, ਜਿਸ ਕਾਰਨ ਮੌਸਮ ਹੋਰ ਠੰਢਾ ਹੋ ਗਿਆ। ਐਤਵਾਰ ਨੂੰ ਪੰਜਾਬ ‘ਚ ਔਸਤਨ ਵੱਧ ਤੋਂ ਵੱਧ ਤਾਪਮਾਨ 17.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਘੱਟੋ ਘੱਟ ਤਾਪਮਾਨ ਆਦਮਪੁਰ ‘ਚ 3.4 ਡਿਗਰੀ ਦਰਜ ਕੀਤਾ ਗਿਆ।
ਸੋਮਵਾਰ ਨੂੰ ਪੰਜਾਬ-ਹਰਿਆਣਾ ਵਿਚ ਤਾਪਮਾਨ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਸਵੇਰ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਪਰ ਜਿਵੇਂ ਜਿਵੇਂ ਧੁੱਪ ਨਿਕਲੀ। ਉਵੇਂ ਹੀ ਤਾਪਮਾਨ ਵੀ ਥੋੜ੍ਹਾ ਥੋੜ੍ਹਾ ਕਰਕੇ ਵਧਦਾ ਰਿਹਾ। ਮੌਸਮ ਵਿਭਾਗ ਦੇ ਮੁਤਾਬਕ ਸ਼ਾਮ ਤੱਕ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਰਹਿ ਸਕਦਾ ਹੈ। ਜਦਕਿ ਘੱਟੋ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਸੰਭਾਵਨਾ ਹੈ।
ਹਰਿਆਣਾ ਦੀ ਗੱਲ ਕੀਤੀ ਜਾਏ ਤਾਂ ਇਥੇ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 20.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਘੱਟੋ ਘੱਟ ਤਾਪਮਾਨ 6.0 ਡਿਗਰੀ ਸੈਲਸੀਅਸ ਦਰਜ ਕਤਿਾ ਗਿਆ। ਸੋਮਵਾਰ ਦੀ ਗੱਲ ਕੀਤੀ ਜਾਏ ਤਾਂ ਇੱਥੇ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈ, ਜਦਕਿ ਘੱਟੋ ਘੱਟ ਤਾਪਮਾਨ 12 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈ।
ਇਨ੍ਹਾਂ ਇਲਾਕਿਆਂ ‘ਚ ਹੋਈ ਬਰਸਾਤ
ਐਤਵਾਰ ਨੂੰ ਪੰਜਾਬ ਦੇ ਬਠਿੰਡਾ, ਗੁਰਦਾਸਪੁਰ ਆਦਮਪੁਰ, ਮੋਹਾਲੀ, ਪਟਿਆਲਾ, ਰਾਜਧਾਨੀ ਚੰਡੀਗੜ੍ਹ ਸਮੇਤ ਹੋਰ ਕਈ ਇਲਾਕਿਆਂ ਵਿਚ ਪੂਰਾ ਦਿਨ ਬੂੰਦਾ ਬਾਂਦੀ ਹੁੰਦੀ ਰਹੀ, ਜਿਸ ਕਾਰਨ ਠੰਢ ਦਾ ਜ਼ੋਰ ਹੋਰ ਵਧ ਗਿਆ। ਇਸ ਦੇ ਨਾਲ ਨਾਲ ਸੀਤ ਲਹਿਰ ਕਾਰਨ ਹੱਡਾਂ ਨੂੰ ਕੰਬਾਉਣ ਵਾਲੀ ਠੰਢ ਮਹਿਸੂਸ ਹੋਈ।
ਉੱਧਰ ਹਰਿਆਣਾ ਦੇ ਰੋਹਤਕ, ਅਟੇਲੀ, ਮਡਲੁਡਾ, ਗੁੜਗਾਂਓ, ਸਿਰਸਾ ਤੇ ਹਿਸਾਰ ਸਮੇਤ ਹੋਰ ਕਈ ਇਲਾਕਿਆਂ ਵਿੱਚ ਬਰਸਾਤ ਹੋਈ।
ਅਗਲੇ 3-4 ਦਿਨ ਪੰਜਾਬ ਹਰਿਆਣਾ ‘ਚ ਸੰਘਣੀ ਧੁੰਦ
ਸ਼ੋਮਵਾਰ ਨੂੰ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਤੇ ਕਈ ਇਲਾਕਿਆਂ ਵਿੱਚ ਸੰਘਣਾ ਕੋਰ੍ਹਾ ਪਿਆ। ਜਿਸ ਕਾਰਨ ਆਵਾਜਾਈ ਵਿਚ ਕਾਫ਼ੀ ਸਮੱਸਿਆ ਹੋਈ। ਇਸ ਦੇ ਨਾਲ ਹੀ 28, 29 ਤੇ 30 ਦਸੰਬਰ ਨੂੰ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਇਸ ਦੇ ਨਾਲ ਹੀ 31 ਦਸੰਬਰ ਯਾਨਿ ਨਵੇਂ ਸਾਲ ਦੇ ਮੌਕੇ ‘ਤੇ ਪੰਜਾਬ ਹਰਿਆਣਾ, ਦਿੱਲੀ ਤੇ ਰਾਜਸਥਾਨ ਵਿੱਚ ਸੀਤ ਲਹਿਰ ਚੱਲੇਗੀ, ਜਿਸ ਕਾਰਨ ਠੰਢ ਜ਼ਿਆਦਾ ਮਹਿਸੂਸ ਹੋ ਸਕਦੀ ਹੈ। ਕੁੱਲ ਮਿਲਾ ਕੇ ਇਸ ਵਾਰ ਨਵੇਂ ਸਾਲ ਦੇ ਮੌਕੇ ‘ਤੇ ਜ਼ਬਰਦਸਤ ਠੰਢ ਪੈਣ ਦੇ ਆਸਾਰ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।