
ਮਾਨਸਾ ਦੀ ਧੀ ਨੇ ਪੰਜਵੀਂ ਕਲਾਸ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਚਮਕਾਇਆ ਜਿਲ੍ਹੇ ਦਾ ਨਾਮ
Baldev Sharma
ਮਾਨਸਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਪੰਜਵੀਂ ਕਲਾਸ ਦੇ ਨਤੀਜਿਆਂ ਵਿਚ ਸਿਲਵਰ ਵਾਟਿਕਾ ਕਾਨਵੈਂਟ ਸਕੂਲ ਧਰਮਪੁਰਾ ਦੀ ਵਿਦਿਆਰਥਣ ਸੁਖਮਨ ਕੌਰ ਪੁੱਤਰੀ ਰਣਜੀਤ ਸਿੰਘ ਨੇ ਪੰਜਾਬ ਭਰ ' ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਜਾਣਕਾਰੀ ਮਿਲਣ ਉਤੇ ਪਰਿਵਾਰ ਅਤੇ ਪਿੰਡ ਵਾਸੀਆਂ ਵਿਚ ਖੁਸ਼ੀ ਦਾ ਮਾਹੌਲ ਵਿਖਾਈ ਦਿੱਤਾ। ਘਰ ਵਿਖੇ ਪਿਤਾ ਰਣਜੀਤ ਸਿੰਘ ਅਤੇ ਮਾਤਾ ਚਰਨਜੀਤ ਕੌਰ ਨੇ ਸੁਖਮਨ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕਿਹਾ ਕਿ ਇਸ ਪ੍ਰਾਪਤੀ ਨਾਲ ਉਨ੍ਹਾਂ ਦਾ ਅਤੇ ਪਿੰਡ ਦਾ ਨਾਮ ਉੱਚਾ ਹੋਇਆ ਹੈ। ਸੁਖਮਨ ਕੌਰ ਨੇ ਕਿਹਾ ਕਿ ਅੱਗੇ ਵੀ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰੇਗੀ ਅਤੇ ਉਹ ਵੱਡੀ ਹੋ ਕੇ ਅਧਿਆਪਕ ਬਣੇਗੀ।
ਸਕੂਲ ਪ੍ਰਿੰਸੀਪਲ ਸੁਮਨ ਰਾਣੀ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੇ ਸਕੂਲ ਦੀ ਵਿਦਿਆਰਥਣ ਨੇ ਸੂਬੇ ਪੱਧਰ ਉਤੇ ਨਾਮ ਚਮਕਾਇਆ ਹੈ। ਇਸ ਮੌਕੇ ਸੁਖਮਨ ਕੌਰ ਦੇ ਦਾਦਾ ਮਹਿੰਦਰ ਸਿੰਘ, ਦਾਦੀ ਕ੍ਰਿਪਾਲ ਕੌਰ , ਤਾਇਆ ਅਵਤਾਰ ਸਿੰਘ, ਮਾਸੀ ਕਿਰਨ ਨੇ ਵੀ ਸੁਖਮਨ ਕੌਰ ਨੂੰ ਆਸ਼ੀਰਵਾਦ ਦਿੱਤਾ।
ਮਾਨਸਾ ਜ਼ਿਲ੍ਹੇ ਦੀਆਂ ਕੁੜੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਜਿਸ ਨਾਲ ਮਾਨਸਾ ਦਾ ਨਾਮ ਦੇਸ਼ ਪੱਧਰ ਉਤੇ ਚਮਕਿਆ। ਹੁਣ ਪੰਜਵੀਂ ਕਲਾਸ ਦੀ ਇਸ ਵਿਦਿਆਰਥਣ ਨੇ ਪੰਜਾਬ ਭਰ ਵਿਚ ਪੰਜਵੀਂ ਕਲਾਸ ਵਿੱਚ ਪਹਿਲੇ ਸਥਾਨ ਉਤੇ ਆ ਕੇ ਆਪਣਾ ਅਤੇ ਆਪਣੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਨਾਲ ਉਸ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।