Home /News /punjab /

ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਸਿੱਖਿਆ ਵਿਭਾਗ ਨੇ ਕਰਵਾਇਆ ਵੈਬੀਨਾਰ ‘ਜੀਵਤ ਕਈ ਹਜ਼ਾਰ’

ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਸਿੱਖਿਆ ਵਿਭਾਗ ਨੇ ਕਰਵਾਇਆ ਵੈਬੀਨਾਰ ‘ਜੀਵਤ ਕਈ ਹਜ਼ਾਰ’

· ਐਜੂਸੈਟ ਰਾਹੀਂ 3300 ਸਕੂਲਾਂ ਦੇ 14 ਲੱਖ ਦੇ ਕਰੀਬ ਵਿਦਿਆਰਥੀ ਜੁੜੇ

· ਐਜੂਸੈਟ ਰਾਹੀਂ 3300 ਸਕੂਲਾਂ ਦੇ 14 ਲੱਖ ਦੇ ਕਰੀਬ ਵਿਦਿਆਰਥੀ ਜੁੜੇ

 ਇਤਿਹਾਸਕ ਦਿਹਾੜਿਆਂ ਮੌਕੇ ਸਕੂਲਾਂ ਅੰਦਰ ਇਕ-ਇਕ ਘੰਟੇ ਦੇ ਪ੍ਰੋਗਰਾਮ ਕਰਵਾਏ ਜਾਇਆ ਕਰਨਗੇ- ਪਰਗਟ ਸਿੰਘ

 • Share this:
  ਚੰਡੀਗੜ੍ਹ- ਪੋਹ ਦੇ ਮਹੀਨੇ ਫਤਹਿਗੜ੍ਹ ਸਾਹਿਬ ਤੇ ਚਮਕੌਰ ਸਾਹਿਬ ਵਿਖੇ ਵਾਪਰੀਆਂ ਘਟਨਾਵਾਂ ਨੇ ਇਤਿਹਾਸ ਨੂੰ ਵੱਡਾ ਮੋੜਾ ਦਿੱਤਾ। ਦਸਮ ਪਿਤਾ ਜੀ ਦੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਵੱਲੋਂ ਦਿੱਤੀ ਸ਼ਹਾਦਤ ਰਹਿੰਦੀ ਦੁਨੀਆਂ ਤੱਕ ਪ੍ਰੇਰਨਾ ਦਾ ਸ੍ਰੋਤ ਰਹੇਗੀ। ਸਿੱਖਿਆ ਵਿਭਾਗ ਵੱਲੋਂ ਸਕੂਲੀ ਬੱਚਿਆਂ ਨੂੰ ਸ਼ਹੀਦੀ ਪ੍ਰਸੰਗਾਂ ਤੇ ਨੈਤਿਕਾ ਕਦਰਾਂ ਕੀਮਤਾਂ ਨਾਲ ਜੋੜਨ ਦਾ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਇਹ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਿਆ ਵਿਭਾਗ, ਪੰਜਾਬ ਵੱਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਬੰਸ ਦੀ ਲਾਸਾਨੀ ਕੁਰਬਾਨੀ ਬਾਰੇ ਨਵੀਂ ਪੀੜ੍ਹੀ ਨੂੰ ਜਾਣੂੰ ਕਰਵਾਉਣ ਲਈ ਕਰਵਾਏ ਗਏ ਵੈਬੀਨਾਰ ‘ਜੀਵਤ ਕਈ ਹਜ਼ਾਰ’ ਦੌਰਾਨ ਸੰਬੋਧਨ ਕਰਦਿਆਂ ਕਹੀ।

  ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਸੂਬੇ ਦੇ ਸਮੂਹ ਵਿਦਿਅਕ ਅਦਾਰਿਆਂ ਨੂੰ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸੈਸ਼ਨ ਕਰਵਾਉਣ ਦੇ ਦਿੱਤੇ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਵੱਲੋਂ ਅਲਾਇੰਸ ਆਫ਼ ਸਿੱਖ ਦੇ ਸਹਿਯੋਗ ਨਾਲ ਕਰਵਾਏ ਇਸ ਵੈਬੀਨਾਰ ਵਿੱਚ ਐਜੂਸੈਟ ਰਾਹੀਂ ਸੂਬੇ ਦੇ 3300 ਸਕੂਲਾਂ ਦੇ 14 ਲੱਖ ਦੇ ਕਰੀਬ ਵਿਦਿਆਰਥੀ ਜੁੜੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਰਿਕਾਰਡ ਕੀਤੇ ਸੰਬੋਧਨ ਵਿੱਚ ਕਿਹਾ ਕਿ ਪੁਰਾਣੇ ਸਮਿਆਂ ਵਿੱਚ ਘਰ ਵਿੱਚ ਬਜ਼ੁਰਗ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਖਾਸ ਕਰ ਕੇ ਸ਼ਹੀਦੀ ਪ੍ਰਸੰਗਾਂ ਦੀਆਂ ਸਾਖੀਆਂ ਸੁਣਾਉਂਦੇ ਰਹਿੰਦੇ ਸਨ ਪ੍ਰੰਤੂ ਅੱਜ ਦੇ ਸਮੇਂ ਵਿੱਚ ਨੀਵੀਂ ਪੀੜ੍ਹੀ ਅਮੀਰ ਵਿਰਸੇ ਤੋਂ ਦੂਰ ਹੋ ਰਹੀ ਹੈ ਜਿਸ ਕਰਕੇ ਸਿੱਖਿਆ ਵਿਭਾਗ ਨੇ ਸਕੂਲੀ ਬੱਚਿਆਂ ਲਈ ਸ਼ਹੀਦੀ ਜੋੜ ਮੇਲ ਮੌਕੇ ਇਹ ਵੈਬੀਨਾਰ ਕਰਵਾ ਕੇ ਵਧੀਆ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਾਨਾਂਮੱਤੇ ਇਤਿਹਾਸ ਨੂੰ ਸਕੂਲੀ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ।

  ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਪੋਹ ਦੇ ਮਹੀਨੇ ਵਾਪਰੀਆਂ ਮਹਾਨ ਘਟਨਾਵਾਂ ਵਿੱਚ ਜਬਰ ਜ਼ੁਲਮ ਵਿਰੁੱਧ ਡਟਣ ਅਤੇ ਧਰਮ ਦੀ ਖਾਤਰ ਆਪਾ ਵਾਰਨ ਦਾ ਇਤਿਹਾਸ ਸਮੋਇਆ ਹੋਇਆ ਹੈ ਜਿਸ ਕਰਕੇ ਸਾਡਾ ਇਖਲਾਕੀ ਫਰਜ਼ ਬਣਦਾ ਹੈ ਕਿ ਆਉਣ ਵਾਲੀ ਪੀੜ੍ਹੀ ਸਾਡੇ ਇਤਿਹਾਸ ਦੀਆਂ ਮਹਾਨ ਕਦਰਾਂ ਕੀਮਤਾਂ ਅਤੇ ਸਿਧਾਂਤਾਂ ਤੋਂ ਜਾਣੂੰ ਹੋ ਕੇ ਸੇਧ ਲੈ ਸਕੇ। ਸ੍ਰੀ ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦੀ ਲਾਸਾਨੀ ਸ਼ਹਾਦਤ ਦੀ ਉਦਾਹਰਨ ਦੁਨੀਆਂ ਵਿੱਚ ਕਿਤੇ ਨਹੀਂ ਮਿਲਦੀ। ਇਹ ਘਟਨਾਵਾਂ ਸਾਨੂੰ ਹੱਕ-ਸੱਚ ਲਈ ਜੂਝਣ ਦੀ ਪ੍ਰੇਰਨਾ ਦਿੰਦੀਆਂ ਹਨ।

  ਸਿੱਖਿਆ ਮੰਤਰੀ ਨੇ ਇਸ ਮੌਕੇ ਐਲਾਨ ਕੀਤਾ ਕਿ ਇਤਿਹਾਸਕ ਦਿਹਾੜਿਆਂ ਮੌਕੇ ਸੂਬੇ ਦੇ ਸਾਰੇ ਵਿਦਿਅਕ ਅਦਾਰੇ ਆਪੋ-ਆਪਣੀਆਂ ਸੰਸਥਾਵਾਂ ਵਿੱਚ ਘੱਟੋ-ਘੱਟ ਇੱਕ ਘੰਟੇ ਦਾ ਪ੍ਰੋਗਰਾਮ ਜ਼ਰੂਰ ਕਰਵਾਉਣ ਜਿਸ ਵਿੱਚ ਸਬੰਧਤ ਸਖਸ਼ੀਅਤ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਪ੍ਰੇਰਨਾ ਲੈ ਸਕੇ। ਉਨ੍ਹਾਂ ਕਿਹਾ ਕਿ ਅਸਲ ਵਿੱਚ ਸਾਡੀਆਂ ਇਹ ਮਹਾਨ ਸਖਸ਼ੀਅਤਾਂ ਜਿਨ੍ਹਾਂ ਨੇ ਆਪਣੀ ਕੁਰਬਾਨੀ ਅਤੇ ਸਿੱਖਿਆਵਾਂ ਨਾਲ ਇਤਿਹਾਸ ਨੂੰ ਮੋੜਾ ਦਿੱਤਾ, ਸਾਡੀਆਂ ਰੋਲ ਮਾਡਲ ਹੋਣੀਆਂ ਚਾਹੀਦੀਆਂ ਹਨ।

  ਇਸ ਮੌਕੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਬੰਸ ਵੱਲੋਂ ਦਿੱਤੀ ਗਈ ਸ਼ਹਾਦਤ ਕਿਸੇ ਧਰਮ ਖਿਲਾਫ ਨਹੀਂ ਸੀ ਸਗੋਂ ਉਸ ਵੇਲੇ ਦੇ ਹਕੂਮਤ ਵੱਲੋਂ ਕੀਤੇ ਜਬਰ ਜ਼ੁਲਮ ਖਿਲਾਫ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਇਸ ਸੱਚ ਦੀ ਲੜਾਈ ਵਿੱਚ ਪੀਰ ਬੁੱਧੂ ਸ਼ਾਹ, ਗਨੀ ਖਾਂ, ਨਬੀ ਖਾਂ, ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਜਿਹੇ ਮੁਸਲਮਾਨਾਂ ਨੇ ਵੀ ਉਸ ਵੇਲੇ ਦੀ ਹਕੂਮਤ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਖਿਲ਼ਾਫ ਆਵਾਜ਼ ਬੁਲੰਦ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪਰਿਵਾਰ ਨੇ ਮਨੁੱਖਤਾ ਵਾਸਤੇ ਸ਼ਹੀਦੀ ਦਿੱਤੀ।ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਵੱਲੋਂ ਅਸੂਲਾਂ ਉੱਤੇ ਪਹਿਰਾ ਦਿੰਦਿਆਂ ਸ਼ਹਾਦਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਛੋਟੀ ਉਮਰ ਵਿੱਚ ਕੁਰਬਾਨੀ ਦੇਣ ਵਾਲੇ ਸਾਹਿਬਜ਼ਾਦਿਆਂ ਦੀ ਜੀਵਨੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਸੱਚ ਦੇ ਮਾਰਗ ਉੱਤੇ ਚੱਲਣਾ ਚਾਹੀਦਾ ਹੈ।

  ਇਸ ਤੋਂ ਪਹਿਲਾਂ ਅਲਾਇੰਸ ਆਫ਼ ਸਿੱਖ ਦੇ ਪਰਮਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਪੁਰਖਿਆਂ ਦਾ ਇਤਿਹਾਸ ਭਵਿੱਖ ਦੀ ਪੀੜ੍ਹੀ ਨੂੰ ਦੱਸਣ ਦਾ ਨਿਵੇਕਲਾ ਉਪਰਾਲਾ ਕੀਤਾ। ਪ੍ਰੋਗਰਾਮ ਦਾ ਮੰਚ ਸੰਚਾਲਨ ਕਰਦਿਆਂ ਸੁਖਦੇਵ ਸਿੰਘ ਨੇ ਕਿਹਾ ਸਕੂਲੀ ਬੱਚਿਆਂ ਨੂੰ ਅਮੀਰ ਵਿਰਸੇ ਨਾਲ ਜੋੜਨਾ ਸਾਡਾ ਮੁੱਢਲਾ ਫਰਜ਼ ਹੈ।

  ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੋਹਾਣਾ ਦੀਆਂ ਵਿਦਿਆਰਥਣਾਂ ਗੁਰਜੋਤ ਕੌਰ ਤੇ ਤਨੀਸ਼ਾ ਸ਼ਰਮਾ ਨੇ ਸਾਹਿਬਜ਼ਾਦਿਆਂ ਦੀ ਜੀਵਨੀ, ਸ਼ਹਾਦਤ ਬਾਰੇ ਵਿਚਾਰ ਪ੍ਰਗਟਾਏ ਅਤੇ ਕਵਿਤਾਵਾਂ ਵੀ ਸੁਣਾਈਆਂ। ਦੋਵਾਂ ਵਿਦਿਆਰਥਣਾਂ ਨੂੰ ਸਨਮਾਨਤ ਵੀ ਕੀਤਾ ਗਿਆ।

  ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ, ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਗੁਰਜੋਤ ਸਿੰਘ ਅਤੇ ਐਜੂਸੈਟ ਦੀ ਟੀਮ ਅੰਮ੍ਰਿਤਪਾਲ ਸਿੰਘ, ਵਰੁਣਦੀਪ, ਸਿਮਰਨਜੀਤ ਸਿੰਘ ਤੇ ਹਰਸ਼ ਭਿੰਡਰ ਵੀ ਹਾਜ਼ਰ ਸਨ।
  Published by:Ashish Sharma
  First published:

  Tags: Education Minister, Pargat singh, Punjab government

  ਅਗਲੀ ਖਬਰ