Home /News /punjab /

ਝੂੰਦਾ ਕਮੇਟੀ ਦੀ ਰਿਪੋਰਟ ਮੁਕੰਮਲ ਤੌਰ `ਤੇ ਲਾਗੂ ਕਰਨ ਦੀ ਸੀਨੀਅਰ ਲੀਡਰਾਂ ਦੀ ਮੰਗ ਸ਼ਲਾਘਾਯੋਗ ਕਦਮ: ਪਰਮਿੰਦਰ ਸਿੰਘ ਢੀਂਡਸਾ

ਝੂੰਦਾ ਕਮੇਟੀ ਦੀ ਰਿਪੋਰਟ ਮੁਕੰਮਲ ਤੌਰ `ਤੇ ਲਾਗੂ ਕਰਨ ਦੀ ਸੀਨੀਅਰ ਲੀਡਰਾਂ ਦੀ ਮੰਗ ਸ਼ਲਾਘਾਯੋਗ ਕਦਮ: ਪਰਮਿੰਦਰ ਸਿੰਘ ਢੀਂਡਸਾ

(ਫਾਇਲ ਫੋਟੋ)

(ਫਾਇਲ ਫੋਟੋ)

ਸੁਖਦੇਵ ਸਿੰਘ ਢੀਂਡਸਾ ਦੇ ਕਹੇ ਮੁਤਾਬਕ ਫੈਸਲੇ ਲਏ ਹੁੰਦੇ ਤਾਂ ਅੱਜ ਪੰਜਾਬ `ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ: ਢੀਂਡਸਾ

  • Share this:
    ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ  ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਮੁਕੰਮਲ ਤੌਰ `ਤੇ ਲਾਗੂ ਕਰਵਾਉਣ ਲਈ ਆਵਾਜ਼ ਬੁਲੰਦ ਕਰਨ ਵਾਲੇ ਸੀਨੀਅਰ ਅਕਾਲੀ ਲੀਡਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਝੂੰਦਾ ਕਮੇਟੀ ਦੀ ਰਿਪੋਰਟ ਮੁਤਾਬਕ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਹੋਈ ਨਮੋਸ਼ੀਜਨਕ ਹਾਰ ਲਈ ਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾਇਆ ਗਿਆ ਹੈ। ਇਸੇ ਕਾਰਨ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰਨ ਦੇ ਨਾਲ-ਨਾਲ ਸੁਖਬੀਰ ਸਿੰਘ ਬਾਦਲ ਨੂੰ ਵੀ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੀਆਂ ਬਾਗੀ ਸੁਰਾਂ ਉਠ ਰਹੀਆਂ ਹਨ।

    ਇੱਥੇ ਜਾਰੀ ਇੱਕ ਬਿਆਨ ਵਿੱਚ  ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੁੱਝ ਸੀਨੀਅਰ ਲੀਡਰਸਿ਼ਪ ਨੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਕੇ ਹਿੰਮਤ ਭਰਿਆ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਤਾਨਾਸ਼ਾਹੀ ਨੀਤੀਆਂ, ਪੰਥਕ ਸਿਧਾਂਤਾਂ ਦੇ ਉਲਟ ਕੀਤੇ ਫ਼ੈਸਲਿਆਂ ਕਾਰਨ ਹੀ ਅੱਜ ਸੁਖਬੀਰ ਬਾਦਲ ਵਿਰੁੱਧ ਬਾਗੀ ਸੁਰ ਨਜ਼ਰ ਆ ਰਹੇ ਹਨ। ਢੀਂਡਸਾ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੁਖਬੀਰ ਸਿੰਘ ਬਾਦਲ ਕੋਲ ਆਪਣੇ ਆਪ ਹੀ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਮੁਕੰਮਲ ਤੌਰ ਤੇ ਲਾਗੂ ਕਰਨ ਲਈ ਬੁਲੰਦ ਦੀ ਕੀਤੀ ਗਈ ਆਵਾਜ਼ ਵੱਡੀ ਪਹਿਲਕਦਮੀ ਹੈ ਪਰ ਇਸਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਦੀ ਹੇਂਕੜਬਾਜ਼ੀ ਬਰਕਰਾਰ ਹੈ। ਇਸ ਗੱਲ ਦਾ ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰਨ ਤੋਂ ਬਾਅਦ ਵੀ ਸੁਖਬੀਰ ਸਿੰਘ ਬਾਦਲ ਨੇ ਸਾਰੇ ਅਖਤਿਆਰ ਅਸਿੱਧੇ ਤੌਰ `ਤੇ ਆਪਣੇ ਕੋਲ ਰੱਖੇ ਹੋਏ ਹਨ । ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਹੱਥ ਠੋਕਿਆਂ ਦੀ ਅਨੁਸ਼ਾਸ਼ਨੀ ਕਮੇਟੀ ਬਣਾ ਕੇ ਪੰਥ ਅਤੇ ਪੰਜਾਬ ਵਿਰੋਧੀ ਨੀਤੀਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਆਗੂਆਂ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ ਸੁਖਬੀਰ ਸਿੰਘ ਬਾਦਲ ਦਾ ਤਾਨਾਸ਼ਾਹੀ ਰਵੱਈਆ ਨਹੀਂ ਚਲੇਗਾ। ਉਨ੍ਹਾਂ ਪਾਰਟੀ ਅੰਦਰ ਬੈਠੀ ਬਾਕੀ ਲੀਡਰਸਿ਼ਪ ਨੂੰ ਅਪੀਲ ਕੀਤੀ ਕਿ ਹੁਣ ਪੰਜਾਬ ਅਤੇ ਪੰਥ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦਾ ਵਕਤ ਆ ਗਿਆ ਹੈ। ਇਸ ਲਈ ਉਹ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਹਿੰਮਤ ਦਿਖਾਉਣ।



    ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਸੁਖਦੇਵ ਸਿੰਘ ਢੀਂਡਸਾ ਵੱਲੋਂ ਕਹੀ ਗਈਆਂ ਸਾਰੀਆਂ ਗੱਲਾਂ ਸਹੀ ਸਾਬਤ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਸੁਖਦੇਵ ਸਿੰਘ ਢੀਂਡਸਾ ਦੇ ਕਹੇ ਮੁਤਾਬਕ ਫ਼ੈਸਲੇ ਪਹਿਲਾਂ ਲਏ ਹੁੰਦੇ ਤਾਂ ਅੱਜ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਿਸੇ ਸਮੇਂ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵਿਚ ਸ਼ਾਮਿਲ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਵਿਚ ਵੀ ਬੈਠਣਾ ਨਸੀਬ ਨਹੀ ਹੋਇਆ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਸੁਖਬੀਰ ਸਿੰਘ ਬਾਦਲ ਦੀਆਂ ਆਪਹੁਦਰੀਆਂ, ਤਾਨਾਸ਼ਾਹੀ ਨੀਤੀਆਂ ਕਾਰਨ ਹੀ ਸੀਨੀਅਰ ਅਕਾਲੀ ਅਤੇ ਟਕਸਾਲੀ ਆਗੂ ਬਾਦਲ ਦਲ ਤੋਂ ਕਿਨਾਰਾ ਕਰ ਰਹੇ ਹਨ।
    Published by:Ashish Sharma
    First published:

    Tags: Parminder dhindsa

    ਅਗਲੀ ਖਬਰ