• Home
  • »
  • News
  • »
  • punjab
  • »
  • DEMISE OF PARKASH SINGH BADALS YOUNGER BROTHER GURDAS SINGH BADAL END OF AN ERA AS

RIP Gurdas Singh Badal: ਦਾਸ ਜੀ ਦਾ ਅਕਾਲ ਚਲਾਣਾ ਸਿਆਸਤ ਦੇ ਇੱਕ ਯੁੱਗ ਦਾ ਅੰਤ

  • Share this:
14 ਮਈ ਦੀ ਰਾਤ ਜਿਵੇਂ ਈ 15 ਮਈ ਚ ਬਦਲੀ ਤਾਂ ਮੈਂ ਹਜੇ ਸੌਣ ਦੀ ਕੋਸ਼ਿਸ਼ ਈ ਕਰ ਰਿਹਾ ਸੀ ਤਾਂ ਖ਼ਬਰ ਆਈ ਕਿ ਦਾਸ ਜੀ ਚੱਲ ਵਸੇ । ਮੈਂ ਕੁੱਝ ਦੇਰ ਲਈ ਸੁੰਨ੍ਹ ਹੋ ਗਿਆ, ਫੇਰ ਥੋੜ੍ਹੀ ਦੇਰ ਸ਼ਾਂਤ ਚਿੱਤ ਰਹਿਣ ਮਗਰੋਂ ਆਪਣੇ ਦਫ਼ਤਰ ਖ਼ਬਰ ਭੇਜੀ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਨੀਂਦ ਕਿੱਥੇ, ਦਾਸ ਜੀ ਨਾਲ ਜੁੜੀਆਂ ਯਾਦਾਂ ਦਾ ਦਰਿਆ ਵਹਿ ਪਿਆ, ਦਾਸ ਜੀ ਨਾਲ ਬਿਤਾਇਆ ਹਰ ਪਲ ਅੱਖਾਂ ਮੂਹਰੇ ਘੁੰਮ ਘੁੰਮ ਆਉਂਦਾ ਰਿਹਾ ।
ਦਰਅਸਲ ਮੈਂ ਅੱਜ ਜਿਸ ਵੀ ਮੁਕਾਮ ਤੇ ਖੜ੍ਹਾ ਹਾਂ ਉਸ ਪਿੱਛੇ ਦਾਸ ਜੀ ਦਾ ਹਮੇਸ਼ਾ ਸਿਰ ਤੇ ਹੱਥ ਰਿਹਾ । ਦਾਸ ਜੀ ਨਾਲ ਸਾਡੇ ਪਰਵਾਰ ਦੀ ਸਾਂਝ ਮੇਰੇ ਬੱਚਿਆਂ ਤੱਕ ਪੰਜ ਪਿੜੀਆਂ ਦੀ ਹੈ । ਮੇਰੇ ਪੜਦਾਦਾ ਜੀ ਤੋਂ ਲੈ ਕੇ ਦਾਦਾ ਜੀ, ਫੇਰ ਮੇਰੇ ਡੈਡੀ, ਫੇਰ ਮੈਂ ਤੇ ਮੇਰਾ ਭਰਾ ਤੇ ਹੁਣ ਸਾਡੇ ਬੱਚੇ ਵੀ ਦਾਸ ਜੀ ਦਾ ਸਤਿਕਾਰ ਕਰਦੇ ਨੇ । ਜਦੋਂ ਤੋਂ ਸੁਰਤ ਸੰਭਲੀ ਦਾਸ ਨੂੰ ਇੱਕ ਤਰਾਂ ਨਾਲ ਸਾਡੇ ਘਰ ਦੇ ਮੁਖੀ ਦੇ ਤੌਰ ਤੇ ਵਿਚਰਦੇ ਵੇਖਿਆ, ਹਰ ਦੁੱਖ ਸੁੱਖ ਚ ਸਾਡੇ ਪਰਵਾਰ ਦੇ ਨਾਲ ਖੜ੍ਹੇ ਦਿਖਾਈ ਦਿੱਤੇ । ਮੈਨੂੰ ਯਾਦ ਹੈ ਸੰਨ੍ਹ 87-88 ਦੀ ਗੱਲ ਐ, ਜਦੋਂ ਮੈਂ 10 ਕੁ ਵਰ੍ਹਿਆਂ ਦਾ ਸੀ ਤਾਂ ਐਕਸ਼ਨ ਦੇ ਬੂਟ ਚੱਲੇ ਸੀ ਨਵੇਂ ਨਵੇਂ, ਉਦੋਂ ਉਨ੍ਹਾਂ ਦੀ ਕੀਮਤ 250 ਰੁ: ਹੁੰਦੀ ਸੀ ਤੇ ਅਸੀਂ ਮੱਧਵਰਗੀ ਪਰਵਾਰ ਹੋਣ ਕਰ ਕੇ ਐਨੇ ਮਹਿੰਗੇ ਲੀੜੇ ਕੱਪੜਿਆਂ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਪਰ ਮੇਰਾ ਮਨ ਬਹੁਤ ਸੀ ਸੋ ਮੈਂ ਦਾਸ ਜੀ ਦੇ ਜਾ ਗੋਡੀਂ ਲੱਗਿਆ ਤੇ ਹੌਲੀ ਦੇਣੇ ਕੰਨ੍ਹ ਚ ਕਿਹਾ “ਦਾਸ ਜੀ ਬੂਟ ਲੈਣੇ ਆ” ਦਾਸ ਜੀ ਆਪਣੇ ਹਲੀਮੀ ਭਰੇ ਅੰਦਾਜ਼ ਚ ਕਿਹਾ “ਬਿੱਲਿਆ ਕਿੰਨੇ ਦੇ ਆਉਣਗੇ” ਮੈਂ ਕਿਹਾ ਜੀ 250 ਦੇ, ਤੁਰੰਤ ਬੰਦਾ ਨਾਲ ਭੇਜ ਕੇ ਨਵੇਂ ਬੀਟ ਦਿਵਾ ਦਿੱਤੇ ਤੇ ਉਸ ਦਿਨ ਦਾਸ ਜੀ ਦੀ ਉਹ ਦਿਲਦਾਰ ਸ਼ਖ਼ਸੀਅਤ ਨੇ ਉਸ 10 ਸਾਲ ਦੇ ਬੱਚੇ ਦੇ ਮਨ ਚ ਘਰ ਪਾ ਲਿਆ ।

ਉਸ ਦਿਨ ਤੋਂ ਦਾਸ ਜੀ ਨਾ ਹੋਇਆ ਲਗਾਵ ਅੱਜ ਤੱਕ ਬਾਦਸਤੂਰ ਜਾਰੀ ਹੈ, ਕਿਉਂਕਿ ਮੇਰੇ ਡੈਡੀ ਜੋ ਗੱਲ ਦਾਸ ਜੀ ਨੂੰ ਕਹਿ ਨਹੀਂ ਸਕਦੇ ਸੀ, ਮੈਂ ਝੱਟ ਕਹਿ ਦਿੰਦਾ ਸੀ, ਨਿੱਕੀ ਉਮਰੇ ਦਾਸ ਜੀ ਤੋਂ ਸਿਆਸਤ ਦੀਆਂ ਬਰੀਕੀਆਂ ਸਿੱਖੀਆਂ, ਚੋਣਾਂ ਵੇਲੇ ਦਾਸ ਜੀ ਨੇ ਗੱਡੀ ਚ ਬਿਠਾ ਕੇ ਨਾਲ ਲੈ ਜਾਣਾ ਤੇ ਕੈਂਪੇਨ ਕਰਦਿਆਂ ਨੂੰ ਬਹੁਤ ਨੇੜਿਓ ਵੇਖਣਾ, ਸਪੀਚ ਬਹੁਤ ਘੱਟ ਕਰਦੇ ਸੀ ਪਰ ਜਦੋਂ ਕਰਦੇ ਤਾਂ ਹਸਾ ਹਸਾ ਕੇ ਢਿੱਡੀ ਪੀੜ੍ਹਾਂ ਪਾ ਦਿੰਦੇ । ਦਿਨੋਂ ਦਿਨ ਦਾਸ ਜੀ ਦੀ ਸ਼ਖ਼ਸੀਅਤ ਦੇ ਕਾਇਲ ਹੁੰਦੇ ਗਏ ਤੇ 20 ਸਾਲ ਦੀ ਉਮਰ ਤੱਕ ਇਹ ਰਿਸ਼ਤਾ ਯਾਰਾਨੇ ਚ ਬਦਲ ਗਿਆ, ਕਦੇ ਲੱਗਿਆ ਈ ਨੀਂ ਵੀ ਦਾਸ ਜੀ ਨਾ ਇਹ ਗੱਲ ਖੁੱਲ ਕੇ ਕਰਨੀ ਹੈ ਤੇ ਇਹ ਨਹੀਂ ਕਰਨੀ । ਸਿਰਫ਼ ਮੈਂ ਹੀ ਨਹੀਂ ਹਰ ਉਹ ਬੰਦਾ ਜੋ ਦਾਸ ਜੀ ਦੇ ਸਰਕਲ ਦਾ ਸੀ, ਉਨ੍ਹਾਂ ਨਾਲ ਯਾਰਾਨਾ ਰੱਖਦਾ ਸੀ, ਹਰੇਕ ਨੂੰ ‘ਛੋਟੂ’ ਬਿੱਲਿਆ, ਬਿੱਲੂ ਕਹਿ ਕੇ ਬੁਲਾਉਣਾ ਤੇ ਕਦੇ ਕਿਸੇ ਤੇ ਨਾਂ ਖਿਝਣਾ ਤੇ ਨਾਂ ਗ਼ੁੱਸੇ ਹੋਣਾ ਉਨ੍ਹਾਂ ਦੀ ਸ਼ਖ਼ਸੀਅਤ ਦਾ ਸਭ ਤੋਂ ਖ਼ੂਬਸੂਰਤ ਪੱਖ ਰਿਹਾ ।
1997 ਚ ਜਦੋਂ ਅਕਾਲੀ ਸਰਕਾਰ ਬਣੀ ਤਾਂ ਮੈਂ 20 ਸਾਲ ਦਾ ਸੀ, ਹਲਕੀ ਹਲਕੀ ਦਾੜ੍ਹੀ ਆਈ ਸੀ, ਦੇਖਣ ਚ ਬਹੁਤ ਛੋਟਾ ਜਿਹਾ ਲੱਗਦਾ ਸੀ ਤੇ ਦਾਸ ਜੀ ਨੂੰ ਮਿਲਣ ਆਉਣ ਵਾਲਾ ਹਰ ਸਿਆਸੀ ਆਗੂ ਇਹੀ ਸੋਚਦਾ ਕਿ ਦਾਸ ਜੀ ਐਨੀ ਛੋਟੀ ਉਮਰ ਦੇ ਜਵਾਕਾਂ ਨੂੰ ਨਾਲ ਕਿਉਂ ਰੱਖਦੇ ਆ, ਪਰ ਜਿਹੜੇ ਨਹੀਂ ਜਾਣਦੇ ਸੀ ਉਹ ਸਿਰਫ਼ ਹੈਰਾਨ ਈ ਹੁੰਦੇ ਸੀ ਜੱਦੋ ਸਾਨੂੰ ਹੱਸਦਿਆਂ ਤੇ ਗੱਲਾਂ ਕਰਦੇ ਦੇਖਦੇ ਸੀ ਪਰ ਜਿਹੜੇ ਜਾਣਦੇ ਸੀ ਉਨ੍ਹਾਂ ਨੂੰ ਪਤਾ ਸੀ ਕਿ ਦਾਸ ਜੀ ਕਿਸ ਸ਼ਖ਼ਸੀਅਤ ਦੇ ਮਾਲਕ ਨੇ ।
ਸੰਨ੍ਹ 2002 ਚ ਮੈਂ ਪੱਤਰਕਾਰੀ ਦੇ ਖੇਤਰ ਚ ਪੈਰ ਧਰਿਆ ਕਿਉਂਕਿ ਸਿਆਸੀ ਸਮਝ ਦੀ ਤਾਂ ਦਾਸ ਜੀ ਨੇ ਗੁੜ੍ਹਤੀ ਦਿੱਤੀ ਸੀ ਜੋ ਅੱਜ ਤਾਂਈ ਵੀ ਕੰਮ ਆ ਰਹੀ ਹੈ ਤੇ ਪੱਤਰਕਾਰ ਬਣਨ ਤੋਂ ਬਾਅਦ ਦਾਸ ਜੀ ਨਾਲ ਸਿਆਸਤ ਦੀਆਂ ਗੁੰਝਲਾਂ ਤੇ ਵੀ ਚਰਚਾ ਸ਼ੁਰੂ ਕਰ ਦਿੱਤੀ, ਖ਼ਾਸਕਰ ਉਦੋਂ ਜਦੋਂ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਤੋਂ ਵੱਖਰੀ ਰਾਹ ਅਖ਼ਤਿਆਰ ਕਰ ਲਈ, ਦਾਸ ਜੀ ਨੇ ਆਪਣੇ ਪੁੱਤਰ ਦਾ ਸਾਥ ਜ਼ਰੂਰ ਦਿੱਤਾ ਪਰ ਭਰਾ ਦੇ ਪਿਆਰ ਨੂੰ ਕਦੇ ਅੱਖੋਂ ਪਰੋਖੇ ਨਹੀਂ ਕੀਤਾ, ਨਾਂ ਹੀ ਮਨਪ੍ਰੀਤ ਜਾਂ ਸੁਖਬੀਰ ਬਾਦਲ ਨੇ ਕਦੇ ਦੋਹਾਂ ਭਰਾਵਾਂ ਨੂੰ ਮਿਲਣ ਤੋਂ ਰੋਕਿਆ ।
ਉਨ੍ਹਾਂ ਦਾ ਵੱਡੇ ਭਰਾ ਪਰਕਾਸ਼ ਸਿੰਘ ਬਾਦਲ ਨਾਲ ਦਿਲੀ ਪਿਆਰ ਸਿਆਸਤਾਂ ਤੋਂ ਕਿਤੇ ਉੱਤੇ ਰਿਹਾ ਤੇ ਇਸ ਪਿਆਰ ਦੀ ਅਸਲੀ ਉਦਾਹਰਨ ਮੈਨੂੰ ਉਦੋਂ ਮਿਲੀ ਜਦੋਂ ਮਨਪ੍ਰੀਤ ਬਾਦਲ ਨੇ ਪੀਪੀਪੀ ਪਾਰਟੀ ਬਣਾਈ ਤੇ ਦਾਸ ਜੀ ਨੂੰ ਪਰਕਾਸ਼ ਸਿੰਘ ਬਾਦਲ ਹੋਰਾਂ ਦੇ ਮੁਕਾਬਲੇ ਲੰਬੀ ਤੋਂ ਚੋਣ ਮੈਦਾਨ ਚ ਉਤਾਰ ਦਿੱਤਾ, ਮੈਂ 2012 ਦਾ ਉਹ ਇਲੈੱਕਸ਼ਨ ਪੱਤਰਕਾਰ ਦੇ ਤੌਰ ਤੇ ਕਵਰ ਕਰਨ ਬਾਦਲ ਪਹੁੰਚਿਆ ਤਾਂ ਦਾਸ ਜੀ ਵੋਟ ਪਾਉਣ ਆਏ, ਉਦੋਂ ਬੜੀ ਚਰਚਾ ਸੀ ਦੋਹਾਂ ਭਰਾਵਾਂ ਦੇ ਇੱਕ ਦੂਜੇ ਵਿਰੁੱਧ ਚੋਣ ਮੈਦਾਨ ਚ ਖੜਨ ਦੀ, ਜਦੋਂ ਦਾਸ ਜੀ ਆਪਣੀ ਵੋਟ ਭੁਗਤਾਉਣ ਗਏ ਤਾਂ ਖਿੜਕੀ ਚੋਂ ਦੇਖ ਰਿਹਾ ਸੀ, ਸ਼ੱਕ ਤਾਂ ਮੈਨੂੰ ਉਸੇ ਵੇਲੇ ਈ ਹੋ ਗਿਆ ਸੀ ਪਰ ਮੈਂ ਚੁੱਪ ਰਿਹਾ, ਸ਼ਾਮ ਨੂੰ ਜਦ ਮੈਂ ਕਵਰੇਜ ਤੋਂ ਵਿਹਲਾ ਹੋਇਆ ਤਾਂ ਦਾਸ ਜੀ ਦੁਬਾਰਾ ਮਿਲੇ ਤੇ ਮੈਂ ਪਹਿਲਾਂ ਆਗੂ ਖਹਿੜੇ ਪੈ ਗਿਆ ਕਿ “ਦਾਸ ਜੀ ਸੱਚੋਂ ਸੱਚ ਦੱਸੋ ਵੋਟ ਕਿਸ ਨੂੰ ਪਾਈ ਹੈ” ਮੈਂ ਇਹ ਸਵਾਲ ਇਸ ਲਈ ਪੁੱਛਿਆ ਕਿਉਂਕਿ ਮੈਂ ਜਾਣਦਾ ਸੀ ਉਨ੍ਹਾਂ ਦੇ ਆਪਣੇ ਭਰਾ ਪ੍ਰਤੀ ਅਥਾਹ ਪਿਆਰ ਨੂੰ, ਸੋ ਜਵਾਬ ਵੀ ਉਹੀ ਮਿਲਿਆ ਪਰ ਇਸ ਸ਼ਰਤ ਨਾਲ ਕਿ ਤੂੰ ਅੱਗੇ ਕਿਸੇ ਨੂੰ ਦੱਸੇਗਾ ਨਹੀਂ, ਉਨ੍ਹਾਂ ਕਿਹਾ ਮੈਂ ਆਪਣੀ ਵੋਟ ਬਾਦਲ ਸਾਬ੍ਹ ਨੂੰ ਪਾਈ ਹੈ । ਸੋ ਇਸ ਤੋਂ ਵੱਡੀ ਉਦਾਹਰਨ ਆਪਣੇ ਵੱਡੇ ਭਰਾ ਨਾਲ ਪਿਆਰ ਦੀ ਹੋਰ ਕੀ ਹੋ ਸਕਦੀ ਹੈ ਜਿਸ ਦਾ ਮੈਂ ਗਵਾਹ ਹਾਂ ਤੇ ਅੱਜ ਤੱਕ ਕਿਸੇ ਨਾਲ ਮੈਂ ਇਹ ਗੱਲ ਸਾਂਝੀ ਨਹੀਂ ਕੀਤੀ ।
ਸੋ ਇਹ ਸਮਾਂ ਸੀ ਜਦੋਂ ਪਰਵਾਰ ਚ ਸਿਆਸੀ ਵਖਰੇਵੇਂ ਪੈਦਾ ਹੋਏ ਸਨ ਪਰ ਦਾਸ ਜੀ ਸਦਾ ਸ਼ਾਂਤ ਚਿੱਤ ਹੀ ਰਹੇ । ਮਨਪ੍ਰੀਤ ਦੇ ਅਕਾਲੀ ਦਲ ਤੋਂ ਅੱਡ ਹੋਣ ਮੌਕੇ ਮੈਂ ਉਨ੍ਹਾਂ ਦੀਆਂ ਅੱਖਾਂ ਚ ਗ਼ਮ ਅੱਥਰੂ ਵੀ ਦੇਖੇ ਹਨ ਤੇ ਕਾਂਗਰਸ ਪਾਰਟੀ ਵੱਲੋਂ ਜਿੱਤ ਕੇ ਖ਼ਜ਼ਾਨਾ ਮੰਤਰੀ ਬਣਨ ਮੌਕੇ ਖ਼ੁਸ਼ੀ ਦੇ ਹੰਝੂ ਵੀ..

ਬਹੁਤ ਸਾਰੇ ਸਿਰਕੱਢ ਆਗੂ ਨੇ ਜਿੰਨਾ ਨੇ ਦਾਸ ਜੀ ਦੀ ਸਰਪ੍ਰਸਤੀ ਚ ਸਿਆਸਤ ਚ ਪੈਰ ਧਰਿਆ, ਉਨ੍ਹਾਂ ਚ ਕੁੱਝ ਕੁ ਅਹਿਮ ਨਾਮ ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਬਲਵਿੰਦਰ ਸਿੰਘ ਭੂੰਦੜ, ਜੋਰਾ ਸਿੰਘ ਮਾਨ, ਸ਼ੇਰ ਸਿੰਘ ਘੁਬਾਇਆ, ਗੁਰਪ੍ਰੀਤ ਸਿੰਘ ਕਾਂਗੜ ਹਨ, ਜਿੰਨ੍ਹਾਂ ਬਾਰੇ ਦਾਸ ਜੀ ਅਕਸਰ ਜ਼ਿਕਰ ਕਰਦੇ ਸਨ ਕਿ ਇਹ ਸਾਰੇ ਮੇਰੇ ਬਹੁਤ ਅਜ਼ੀਜ਼ ਨੇ ।
ਦਾਸ ਜੀ, ਜਿੰਨਾ ਦੀ ਉਂਗਲ ਫੜ ਕੇ ਮੈਂ ਵੀ ਸਿਆਸਤ ਦਾ ੳ ਅ ਸਿੱਖਿਆ ਤੇ ਪੱਤਰਕਾਰੀ ਦੇ ਖੇਤਰ ਚ ਆਇਆ ਉਹ ਜਦ ਮੈਨੂੰ ਪੁੱਛਦੇ ਕਿ “ਬਿੱਲਿਆ ਤੇਰੇ ਹਿਸਾਬ ਨਾਲ ਮਨਪ੍ਰੀਤ ਦਾ ਕੈਰੀਅਰ ਗਰਾਫ਼ ਕੀ ਆਂਹਦਾ, ਤੈਨੂੰ ਵੀ ਵਾਹਵਾ ਸਮਝ ਹੈ ਹੁਣ ਸਿਆਸਤ ਦੀ” ਤਾਂ ਮੇਰੇ ਲਈ ਇਸ ਤੋਂ ਵੱਡਾ ਸਨਮਾਨ ਹੋਰ ਕੋਈ ਨੀਂ ਹੁੰਦਾ ਸੀ ਕਿ ਜੇ ਦਾਸ ਜੀ ਮੈਨੂੰ ਪੁੱਛ ਰਹੇ ਆ ਤਾਂ ਸ਼ਾਇਦ ਮੈਨੂੰ ਵਾਕਿਆ ਹੀ ਸਿਆਸਤ ਦੀ ਥੋੜ੍ਹੀ ਬਹੁਤ ਸਮਝ ਆ ਗਈ ਹੈ ।

ਹੱਸਣਾ ਦਾਸ ਜੀ ਦੀ ਜ਼ਿੰਦਗੀ ਦਾ ਇੱਕ ਅਹਿਮ ਅੰਗ ਰਿਹਾ ਤੇ ਆਪਣੀ ਇਸੇ ਹਸਮੁਖ ਤਬੀਅਤ ਨਾਲ ਆਖ਼ਰੀ ਵੇਲੇ ਵੀ ਹੱਸਦੇ ਹੱਸਦੇ ਦਾਸ ਜੀ ਸਭ ਨੂੰ ਰੋਂਦਿਆਂ ਛੱਡ ਕੇ ਇਸ ਸੰਸਾਰ ਨੂੰ ਫ਼ਤਿਹ ਬੁਲਾ ਗਏ ਤੇ ਉਨ੍ਹਾਂ ਦੇ ਜਾਣ ਨਾਲ ਸਿਆਸਤ ਦੇ ਇੱਕ ਯੁੱਗ ਦਾ ਅੰਤ ਹੋ ਗਿਆ।
Published by:Anuradha Shukla
First published:
Advertisement
Advertisement