ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਸੈਕੰਡਰੀ ਸਕੂਲਾਂ 'ਚ ਸ਼ੁਰੂ ਕਰਕੇ ਪ੍ਰਾਇਮਰੀ ਸਿੱਖਿਆ ਤੰਤਰ ਦਾ ਹੋਵੇਗਾ ਉਜਾੜਾ: ਡੀਟੀਐੱਫ

News18 Punjabi | News18 Punjab
Updated: May 7, 2021, 7:58 PM IST
share image
ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਸੈਕੰਡਰੀ ਸਕੂਲਾਂ 'ਚ ਸ਼ੁਰੂ ਕਰਕੇ ਪ੍ਰਾਇਮਰੀ ਸਿੱਖਿਆ ਤੰਤਰ ਦਾ ਹੋਵੇਗਾ ਉਜਾੜਾ: ਡੀਟੀਐੱਫ
ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਦੀਆਂ ਬਦਲੀਆਂ ਨੂੰ ਲਾਗੂ ਕਰਨ ਦੀ ਮਿਤੀ ਪੰਜਵੀਂ ਵਾਰ ਅੱਗੇ ਪਾਉਣਾ ਵਿਭਾਗ ਦੀ ਘੋਰ ਨਲਾਇਕੀ: ਡੀਟੀਐੱਫ

ਡੀਟੀਐਫ ਆਗਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਪ੍ਰਾਇਮਰੀ ਸਿੱਖਿਆ ਤੰਤਰ ਦੇ ਕੁੱਲ ਖਾਤਮੇ ਦੇ ਨਿਸ਼ਾਨੇ ਤਹਿਤ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦਾ ਦਾਖਲਾ ਸੈਕੰਡਰੀ ਸਕੂਲਾਂ ਵਿੱਚ ਕਰਨ ਦੇ ਹੁਕਮ ਚਾੜ੍ਹੇ ਜਾ ਰਹੇ ਹਨ। ਸੈਕੰਡਰੀ ਸਕੂਲਾਂ 'ਚ ਪ੍ਰਾਇਮਰੀ ਦੇ ਦਾਖਲਿਆਂ ਨਾਲ ਵੱਖਰੇ ਡਾਇਰੈਕਟੋਰੇਟ ਦੀ ਹੋਂਦ ਉੱਪਰ ਸਵਾਲੀਆ ਨਿਸ਼ਾਨ ਲੱਗਿਆ।

  • Share this:
  • Facebook share img
  • Twitter share img
  • Linkedin share img
ਸੰਗਰੂਰ : ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਨੇ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦਾ ਦਾਖਲਾ ਸੈਕੰਡਰੀ ਸਕੂਲਾਂ ਵਿੱਚ ਕਰਨ ਦੀ ਪ੍ਰਕਿਰਿਆ ਸਬੰਧੀ ਸਿੱਖਿਆ ਵਿਭਾਗ ਵਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਉਜਾੜੇ ਦਾ ਸਿੱਧਾ ਨਿਸ਼ਾਨਾ ਬਨਣ ਜਾ ਰਹੇ ਪ੍ਰਾਇਮਰੀ ਅਧਿਆਪਕਾਂ ਅਤੇ ਪੰਜਾਬ ਦੇ ਹੋਰਨਾਂ ਇਨਸਾਫ ਪਸੰਦ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਦੀਆਂ ਬਦਲੀਆਂ ਨੂੰ ਲਾਗੂ ਕਰਨ ਦੀ ਮਿਤੀ ਪੰਜਵੀਂ ਵਾਰ ਅੱਗੇ ਪਾਉਣ ਦੀ ਵੀ ਸਖਤ ਨਿਖੇਧੀ ਕੀਤੀ ਹੈ।

ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸੂਬਾ ਕਮੇਟੀ ਮੈਂਬਰ ਮੇਘਰਾਜ, ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਅਤੇ ਜਨਰਲ ਸਕੱਤਰ ਅਮਨ ਵਿਸ਼ਿਸ਼ਟ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਪ੍ਰਾਇਮਰੀ ਸਿੱਖਿਆ ਤੰਤਰ ਦੇ ਕੁੱਲ ਖਾਤਮੇ ਦੇ ਨਿਸ਼ਾਨੇ ਤਹਿਤ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦਾ ਦਾਖਲਾ ਸੈਕੰਡਰੀ ਸਕੂਲਾਂ ਵਿੱਚ ਕਰਨ ਦੇ ਹੁਕਮ ਚਾਡ਼੍ਹੇ ਜਾ ਰਹੇ ਹਨ, ਦੂਜੇ ਪਾਸੇ ਹਰੇਕ ਥਾਈਂ ਪ੍ਰਾਇਮਰੀ ਸਕੂਲ ਉਪਲੱਬਧ ਹੋਣ ਦੇ ਬਾਵਜੂਦ ਇਹਨਾਂ ਦਾਖਲਿਆ ਨੂੰ ਆਪਸ਼ਨਲ, ਕੇਵਲ ਨਿੱਜੀ ਸਕੂਲਾਂ ਤੇ ਅੰਗਰੇਜ਼ੀ ਮਾਧਿਅਮ ਵਾਲੇ ਬੱਚਿਆਂ ਨਾਲ ਸਬੰਧਤ ਦੱਸਣ ਵਾਲਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਜਦਕਿ ਪ੍ਰਾਇਮਰੀ ਸਕੂਲਾਂ 'ਚ ਦਾਖ਼ਲਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਾ ਰਿਹਾ ਹੈ।

ਇਸ ਦੇ ਸਿੱਟੇ ਵਜੋਂ ਐਲੀਮੈਂਟਰੀ ਡਾਇਰੈਕਟੋਰੇਟ ਦੀ ਵੱਖਰੀ ਹੋਂਦ, ਪ੍ਰਾਇਮਰੀ ਵਿੱਚ ਅਧਿਆਪਕਾਂ ਦੀ ਤਰੱਕੀਆਂ ਅਤੇ ਨਵੀਂ ਭਰਤੀ ਉੱਪਰ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਆਗੂਆਂ ਨੇ ਦੱਸਿਆ ਕਿ ਅਸਲ ਵਿੱਚ ਰਾਸ਼ਟਰੀ ਸਿੱਖਿਆ ਨੀਤੀ-2020 ਤਹਿਤ ਪੰਜਾਬ ਵਿੱਚ ਸਿੱਖਿਆ ਦਾ ਕਾਰਪੋਰੇਟ ਮਾਡਲ ਲਾਗੂ ਕੀਤਾ ਜਾ ਰਿਹਾ ਹੈ। ਇਸ ਲਈ ਪ੍ਰਾਇਮਰੀ, ਮਿਡਲ, ਹਾਈ ਸਕੂਲਾਂ ਸਮੇਤ ਸਾਰੇ ਛੋਟੇ ਸਕੇਲ ਦੇ ਸਕੂਲਾਂ ਨੂੰ, ਵਿਦਿਆਰਥੀਆਂ ਦੀ ਘੱਟਗਿਣਤੀ ਜਾਂ ਹੋਰ ਕਾਰਨਾਂ ਦੇ ਹਵਾਲੇ ਨਾਲ ਬੰਦ ਕਰਕੇ, ਚੋਣਵੇਂ ਸਕੂਲਾਂ ਨੂੰ ਵੱਡ ਅਕਾਰੀ 'ਕੰਪਲੈਕਸ ਸਕੂਲਾਂ' ਵਿੱਚ ਤਬਦੀਲ ਕਰਨ ਅਤੇ ਸਿੱਖਿਆ ਦੇ ਖੇਤਰ ਵਿਚ ਕਾਰਪੋਰੇਟੀ ਲੁੱਟ ਨੂੰ ਹੋਰ ਤੇਜ਼ ਅਤੇ ਸੰਗਠਿਤ ਕਰਨ ਦਾ ਅਧਾਰ ਬਣਾਇਆ ਜਾ ਰਿਹਾ ਹੈ। ਅਜਿਹੇ ਵਿੱਚ ਕੈਪਟਨ ਅਤੇ ਮੋਦੀ ਸਰਕਾਰਾਂ ਦੇ ਨੀਤੀਆਂ ਪੱਖੋਂ ਇੱਕੋ ਥਾਲੀ ਦੇ ਚੱਟੇ ਵੱਟੇ ਹੋਣ ਅਤੇ ਕਾਰਪੋਰੇਟ ਪ੍ਰਤੀ ਬਰਾਬਰ ਹੇਜ ਨੂੰ ਉਜਾਗਰ ਹੋਣ ਤੋਂ ਰੋਕਣ ਦੇ ਨਾਲ ਨਾਲ ਲੋਕ ਰੋਹ ਨੂੰ ਠੱਲ੍ਹ ਪਾਉਣ ਲਈ ਸਿੱਖਿਆ ਵਿਭਾਗ ਵਲੋਂ ਝੂਠ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਸ ਦਾ ਸੰਘਰਸ਼ਾਂ ਨੂੰ ਹੋਰ ਵਿਸ਼ਾਲ ਅਤੇ ਤਿੱਖਾ ਰੂਪ ਦਿੰਦਿਆਂ ਮੋੜਵਾਂ ਜਵਾਬ ਦਿੱਤਾ ਜਾਵੇਗਾ।
ਇਸ ਮੌਕੇ ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਦੀਆਂ ਕੀਤੀਆਂ ਬਦਲੀਆਂ ਨੂੰ ਲਾਗੂ ਕਰਨ ਦੀ ਮਿਤੀ ਨੂੰ ਪੰਜਵੀਂ ਵਾਰ ਅੱਗੇ ਪਾਉਣ ਨੂੰ ਸਿੱਖਿਆ ਵਿਭਾਗ ਦੀ ਘੋਰ ਨਲਾਇਕੀ ਕਰਾਰ ਦਿੱਤਾ ਗਿਆ। ਪ੍ਰਾਇਮਰੀ ਵਰਗ ਸਮੇਤ ਸਾਰਿਆਂ ਕਾਡਰਾਂ ਦੀਆਂ ਵੱਖ ਵੱਖ ਕਾਰਨਾਂ ਕਰਕੇ ਰੋਕੀਆਂ ਸਾਰੀਆਂ ਬਦਲੀਆਂ ਬਿਨਾਂ ਸ਼ਰਤ ਫੌਰੀ ਲਾਗੂ ਕਰਨ ਅਤੇ ਸਰਕਾਰੀ ਸਕੂਲਾਂ ਵਿੱਚ ਖਾਲੀ ਸਾਰੀਆਂ ਅਸਾਮੀਆਂ ਨੂੰ ਤਰੱਕੀਆਂ ਅਤੇ ਨਵੀਂ ਭਰਤੀ ਰਾਹੀਂ ਤੁਰੰਤ ਭਰਨਾ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
Published by: Sukhwinder Singh
First published: May 7, 2021, 4:58 PM IST
ਹੋਰ ਪੜ੍ਹੋ
ਅਗਲੀ ਖ਼ਬਰ