• Home
  • »
  • News
  • »
  • punjab
  • »
  • DHARNA OF HEALTH WORKERS CONTINUES ON 19TH DAY AT PUNJAB LEVEL

ਸਿਹਤ ਮੁਲਾਜ਼ਮਾਂ ਦਾ ਧਰਨਾ ਪੰਜਾਬ ਪੱਧਰ 'ਤੇ 19ਵੇਂ ਦਿਨ ਵੀ ਜਾਰੀ

ਸਿਹਤ ਮੁਲਾਜ਼ਮਾਂ ਦਾ ਧਰਨਾ ਪੰਜਾਬ ਪੱਧਰ 'ਤੇ 19ਵੇਂ ਦਿਨ ਵੀ ਜਾਰੀ

  • Share this:
    ਸ਼ੈਲੇਸ਼ ਕੁਮਾਰ

    ਨਵਾਂਸ਼ਹਿਰ: ਨੈਸ਼ਨਲ ਹੈਲਥ ਮਿਸ਼ਨ ਪੰਜਾਬ ਅਧੀਨ ਠੇਕੇ ਉਤੇ ਕੰਮ ਕਰ ਰਹੇ ਕੱਚੇ ਸਿਹਤ ਮੁਲਾਜ਼ਮਾਂ ਦਾ ਧਰਨਾ ਅੱਜ 19 ਦਿਨ ਵਿਚ ਦਾਖਲ ਹੋ ਚੁੱਕਾ ਹੈ ਤੇ ਲਗਾਤਾਰ ਮੁਲਾਜ਼ਮਾਂ ਵਲੋਂ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ ਠੱਪ ਹਨ। ਇਸ ਮੌਕੇ ਰੋਸ ਜ਼ਹਿਰ ਕਰਦੇ ਹੋਏ ਨੈਸ਼ਨਲ ਹੈਲਥ ਮਿਸ਼ਨ ਪ੍ਰਧਾਨ ਗੁਰਪ੍ਰਸ਼ਾਦ ਸਿੰਘ ਨੇ ਦੱਸਿਆ ਕਿ ਸਰਕਾਰ ਤਾਂ ਸਾਡੇ ਲਈ ਅੰਨ੍ਹੀ, ਗੂੰਗੀ ਤੇ ਬੋਲੀ ਹੋ ਹੀ ਚੁੱਕੀ ਹੈ, ਪਰ ਆਮ ਲੋਕਾਂ ਨੇ ਵੀ ਉਨ੍ਹਾਂ ਦੀਆਂ ਦਿੱਤੀਆਂ ਸੇਵਾਵਾਂ ਦੀ ਕਦਰ ਨਹੀਂ ਜਾਣੀ।

    ਉਨ੍ਹਾਂ ਕਿਹਾ ਕਿ ਜਦੋਂ ਕਰੋਨਾ ਦਾ ਮੁਸ਼ਕਿਲ ਦੌਰ ਚੱਲ ਰਿਹਾ ਸੀ ਤੇ ਆਮ ਲੋਕ ਘਰ ਤੋਂ ਇਸ ਬਿਮਾਰੀ ਦੇ ਕਾਰਨ ਬਾਹਰ ਵੀ ਨਿਕਲ ਨਹੀਂ ਸਕਦੇ ਸਨ ਤਾਂ ਉਦੋਂ ਆਪਣੀ ਜਾਨ ਉਤੇ ਖੇਡ ਕੇ ਸਾਡੇ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਵਲੋਂ ਸਭ ਦੀ ਜਾਣ ਬਚਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਸੀ। ਹੁਣ ਜਦੋਂ ਕਰੋਨਾ ਯੋਧੇ ਆਪਣੇ ਹੱਕ ਮੰਗਣ ਲਈ ਸੜਕਾਂ ਉਤੇ ਧੱਕੇ ਖਾ ਰਹੇ ਹਨ ਤਾਂ ਉਨ੍ਹਾਂ ਦੀ ਲੋਕਾਂ ਵਿਚੋਂ ਵੀ ਕਿਸੇ ਨੇ ਸਾਰ ਨਹੀਂ ਲਈ।

    ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਤਸਕਰੀ, ਨਸ਼ਾ ਕਰਨ ਤੇ ਹੋਰ ਗੰਭੀਰ ਅਪਰਾਧਾਂ ਲਈ ਹੋਰ ਕੋਈ ਨਹੀਂ ਬਲ ਕਿ ਜਿਆਦਾਤਰ ਸਰਕਾਰ ਦੀਆਂ ਲੋਕ ਮਾਰੂ ਤੇ ਮੁਲਾਜ਼ਮ ਮਾਰੂ ਨੀਤੀਆਂ ਹੀ ਜ਼ਿੰਮੇਵਾਰ ਹਨ। ਲੱਖਾਂ ਰੁਪਏ ਖਰਚ ਕੇ ਮਹਿੰਗੀਆਂ ਪੜ੍ਹਾਈਆਂ ਕਰਨ ਦੇ ਬਾਵਜੂਦ ਪੜ੍ਹੇ ਲਿਖੇ ਨੌਜਵਾਨ ਵਰਗ ਨੂੰ ਅੱਜ ਨੌਕਰੀ ਪ੍ਰਾਪਤ ਕਰਨ ਲਈ ਸੜਕਾਂ ਉਤੇ ਰੁਲਣ ਲਈ ਜਿੱਥੇ ਮਜ਼ਬੂਰ ਹੋਣਾ ਪੈ ਰਿਹਾ ਹੈ, ਉੱਥੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦਾ ਆਰਥਿਕ, ਮਾਨਸਿਕ ਤੇ ਸਰੀਰਕ ਸ਼ੋਸ਼ਣ ਕਰਨ ਲਈ  "ਠੇਕਾ ਭਰਤੀ ਪ੍ਰਥਾ" ਚਲਾ ਰੱਖੀ ਹੈ ਤੇ ਪੱਕੇ ਹੋਣ ਲਈ ਸਰਕਾਰ ਦੇ ਥਾਂ ਥਾਂ ਪਿੱਟ ਸਿਆਪੇ ਕਰਨੇ ਪੈ ਰਹੇ ਹਨ।

    ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਫ਼ਤ ਵਾਲੀਆਂ ਸਕੀਮਾਂ ਦੀ ਨਹੀਂ ਬਲ ਕਿ ਉਹਨਾਂ ਦੀ ਯੋਗਤਾ ਅਨੁਸਾਰ ਸਰਕਾਰੀ ਨੌਕਰੀਆਂ ਦੀ ਜ਼ਰੂਰਤ ਹੈ, ਜਿਸ ਦੀ ਤਨਖਾਹ ਦੇ ਨਾਲ ਲੋਕ ਹਰ ਸੁੱਖ-ਸਹੂਲਤ ਪੈਸੇ ਦੇ ਕੇ ਖਰੀਦ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਭਿਖਾਰੀ ਬਣਾ ਕੇ ਵੋਟਾਂ ਬਟੋਰਨ ਲਈ ਲਾਲਚ ਨਾ ਦਿੱਤਾ ਜਾਵੇ ਬਲਕਿ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਅਤੇ ਸਰਕਾਰੀ ਨੌਕਰੀਆਂ ਕਰਨ ਵਾਲਿਆਂ ਨੂੰ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ। ਕਿਹਾ ਕਿ ਵਿਕਾਸ ਦੀ ਥਾਂ ਉਤੇ ਦੇਸ਼ ਦਾ ਵਿਨਾਸ਼ ਕਰਨ ਵਾਲੇ ਨੇਤਾਵਾਂ ਕੋਲ ਜਦੋਂ ਹੁਣ ਕੋਈ ਵੋਟਾਂ ਬਟੋਰਨ ਦਾ ਹੱਥ ਕੰਡਾ ਨਜ਼ਰ ਨਹੀਂ ਆ ਰਿਹਾ ਤਾਂ ਨੌਜਵਾਨ ਪੀੜ੍ਹੀ ਨੂੰ ਗੁਮਰਾਹ ਕਰਨ ਲਈ ਉਹਨਾਂ ਦੇ ਚਹੇਤੇ ਤੇ ਕਲਾਕਾਰਾਂ ਨੂੰ ਅੱਗੇ ਲਿਆ ਕੇ ਵੋਟਾਂ ਬਟੋਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।

    ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਜਿਆਦਾ ਤਿੱਖਾ ਕੀਤਾ ਜਾਵੇਗਾ ਤੇ ਪੰਜਾਬ ਦੇ ਸਾਰੇ ਹਾਈਵੇਜ਼ ਜਾਮ ਕੀਤੇ ਜਾਣਗੇ, ਮੰਤਰੀਆਂ ਦੇ ਘਰਾਂ ਦੇ ਘਿਰਾਓ ਕੀਤੇ ਜਾਣਗੇ ਤੇ ਪੰਜਾਬ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਸਮੂਹ ਸਿਹਤ ਮੁਲਾਜ਼ਮ ਅਤੇ ਜਥੇਬੰਦੀਆਂ ਦੇ ਆਗੂ ਹਾਜਰ ਸਨ।
    Published by:Gurwinder Singh
    First published:
    Advertisement
    Advertisement