ਉਹ 10 ਮੌਕੇ ਜਦੋਂ ਕੈਪਟਨ ਤੇ ਸਿੱਧੂ ਦੇ ਹੋਏ ਟਾਕਰੇ, ਤੇ ਹਰ ਵਾਰ ਕੈਪਟਨ ਪਏ ਭਾਰੀ...

News18 Punjab
Updated: July 21, 2019, 7:14 PM IST
ਉਹ 10 ਮੌਕੇ ਜਦੋਂ ਕੈਪਟਨ ਤੇ ਸਿੱਧੂ ਦੇ ਹੋਏ ਟਾਕਰੇ, ਤੇ ਹਰ ਵਾਰ ਕੈਪਟਨ ਪਏ ਭਾਰੀ...
News18 Punjab
Updated: July 21, 2019, 7:14 PM IST
ਅਮਨ ਬਰਾੜ

ਨਵਜੋਤ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਅੱਜ ਉਹ ਆਪਣੀ ਚੰਡੀਗੜ੍ਹ ਸਥਿਤ ਸਰਕਾਰੀ ਕੋਠੀ ਛੱਡ ਕੇ ਚਲੇ ਗਏ ਹਨ, ਪਰ ਕੀ ਸਿੱਧੂ ਦਾ ਸਿਰਫ਼ ਇੱਕ ਬਿਆਨ ਹੀ ਕਾਰਨ ਸੀ ਜਿਸ ਕਰਕੇ ਕੈਪਟਨ ਅਮਰਿੰਦਰ ਤੇ ਸਿੱਧੂ ਵਿਚਾਲੇ ਹਾਲਾਤ ਇੰਨੇ ਖਰਾਬ ਹੋ ਗਏ ਜਾਂ ਫਿਰ ਇਸ ਲੜਾਈ ਦੀ ਸ਼ੁਰੂਆਤ ਬਹੁਤ ਪਹਿਲਾਂ ਹੋ ਚੁੱਕੀ ਸੀ।

Loading...
-ਜਾਣਦੇ ਹਾਂ ਕੈਪਟਨ ਬਨਾਮ ਸਿੱਧੂ ਜੰਗ ਦੇ ਘਟਨਾਕ੍ਰਮ ਬਾਰੇ-
ਸ਼ੁਰੂਆਤ ਕੇਬਲ ਮਾਫ਼ੀਆ ਦੇ ਬਿਆਨ ਕਰਕੇ-

ਕੈਪਟਨ ਦਾ ਸਿੱਧੂ ਨਾਲੋਂ ਮਨ ਖੱਟਾ ਸਭ ਤੋਂ ਪਹਿਲਾਂ ਉਦੋਂ ਹੋਇਆ ਜਦੋਂ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸਿੱਧੂ ਨੇ ਕੇਬਲ ਮਾਫ਼ੀਆ ਨੂੰ ਨੱਥ ਪਾਉਣ ਦੀ ਮੰਗ ਕੀਤੀ ਤੇ ਆਪਣੀ ਹੀ ਸਰਕਾਰ ਉਤੇ ਢਿੱਲ ਵਰਤਣ ਦੇ ਦੋਸ਼ ਲਾਏ, ਹਾਲਾਂਕਿ ਉਦੋਂ ਕਈ ਹੋਰ ਮੰਤਰੀ ਵੀ ਸਿੱਧੂ ਦੇ ਨਾਲ ਸਹਿਮਤੀ ਜਤਾ ਰਹੇ ਸਨ।

ਪਾਕਿਸਤਾਨ ਦੇ ਸੈਨਾ ਮੁਖੀ ਨੂੰ ਪਾਈ ਜੱਫੀ-

ਸਿੱਧੂ ਆਪਣੀ ਪਾਕਿਸਤਾਨ ਯਾਤਰਾ ਦੌਰਾਨ ਪਾਕਿਸਤਾਨ ਦੇ ਸੈਨਾ ਮੁਖੀ ਨੂੰ ਜੱਫੀ ਪਾ ਕੇ ਮਿਲੇ। ਜਿਸ ਤੋਂ ਬਾਅਦ ਕੈਪਟਨ ਨੇ ਇਸ ਨੂੰ ਗਲਤ ਦੱਸਿਆ ਤੇ ਸਿੱਧੂ ਦੇ ਵਿਵਹਾਰ ਦੀ ਨਿੰਦਾ ਕੀਤੀ। ਸਿੱਧੂ ਨੂੰ ਇਸ ਮੁੱਦੇ ਉੱਤੇ ਬੈਕਫੁੱਟ ਉੱਤੇ ਆਉਣਾ ਪਿਆ।

ਤੋਹਫ਼ੇ ਵਿੱਚ ਤਿੱਤਰ-

ਸੈਨਾ ਮੁਖੀ ਨਾਲ ਜੱਫੀ ਵਿਵਾਦ ਤੋਂ ਬਾਅਦ ਤੋਹਫ਼ੇ ਵਜੋਂ ਪਾਕਿਸਤਾਨ ਤੋਂ ਤਿੱਤਰ ਲੈ ਕੇ ਆਏ ਸਿੱਧੂ ਨੇ ਤਿੱਤਰ ਕੈਪਟਨ ਅਮਰਿੰਦਰ ਨੂੰ ਦਿੱਤਾ ਪਰ ਕੈਪਟਨ ਨੇ ਤੋਹਫ਼ਾ ਕਬੂਲ ਨਾ ਕਰਦੇ ਹੋਏ ਇਸ ਨੂੰ ਵਣ ਵਿਭਾਗ ਨੂੰ ਸੌਂਪ ਦਿੱਤਾ।

ਅੰਮ੍ਰਿਤਸਰ ਦਾ ਮੇਅਰ-

ਇਸ ਤੋਂ ਅਗਲਾ ਵਿਵਾਦ  ਅੰਮ੍ਰਿਤਸਰ ਦੇ ਮੇਅਰ ਦੀ ਚੋਣ ਕਰਕੇ ਹੋਇਆ ਜਦੋਂ ਸਿੱਧੂ ਕੋਲ ਸਥਾਨਕ ਸਰਕਾਰਾਂ ਵਿਭਾਗ ਹੁੰਦੇ ਹੋਏ ਵੀ ਕੈਪਟਨ ਅਮਰਿੰਦਰ ਨੇ ਆਪਣੀ ਮਰਜ਼ੀ ਨਾਲ ਮੇਅਰਾਂ ਦੀ ਨਿਯੁਕਤੀ ਕੀਤੀ।

ਕਬਜ਼ਿਆਂ ਵਾਲਾ ਬਿਆਨ-

ਨਵਜੋਤ ਸਿੱਧੂ ਨੇ ਲੁਧਿਆਣਾ ਅੰਦਰ ਕਾਂਗਰਸੀ ਆਗੂਆਂ ਦੇ ਕਬਜ਼ੇ ਕਰਨ ਵਾਲਾ ਬਿਆਨ ਦੇ ਕੇ ਨਵੀਂ ਮੁਸੀਬਤ ਗਲੇ ਪਾ ਲਈ। ਕਈ ਲੋਕਲ ਕਾਂਗਰਸੀ ਆਗੂ ਖੁੱਲ੍ਹ ਕੇ ਸਿੱਧੂ ਖ਼ਿਲਾਫ਼ ਖੜ੍ਹੇ ਹੋ ਗਏ।

ਮੇਰਾ ਕੈਪਟਨ ਰਾਹੁਲ-

ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਵਿੱਚ ਰੁੱਝੇ ਸਿੱਧੂ ਨੇ ਮੀਡੀਆ ਕੋਲ ਬਿਆਨ ਦਿੱਤਾ, 'ਕੌਣ ਕੈਪਟਨ, ਮੇਰਾ ਕੈਪਟਨ ਤਾਂ ਸਿਰਫ਼ ਰਾਹੁਲ ਗਾਂਧੀ ਹੈ।' ਇਸ ਬਿਆਨ ਤੋਂ ਬਾਅਦ ਸਿੱਧੂ ਕੈਪਟਨ ਗੁੱਟ ਦੀਆਂ ਅੱਖਾਂ ਵਿੱਚ ਹੋਰ ਰੜਕਣ ਲੱਗ ਪਏ।

ਮੁੱਖ ਮੰਤਰੀ ਅਹੁਦੇ ਦੇ ਚਾਅ-

ਕੈਪਟਨ ਨੇ ਸਿੱਧੂ ਨਾਲ ਲੜਾਈ ਨੂੰ ਇੱਕ ਵੱਡਾ ਬਿਆਨ ਦੇ ਕੇ ਹੋਰ ਹਵਾ ਦੇ ਦਿੱਤੀ। ਕੈਪਟਨ ਨੇ ਮੀਡੀਆ ਨੂੰ ਕਿਹਾ ਕਿ ਸਿੱਧੂ ਮੇਰੀ ਕੁਰਸੀ ਉੱਤੇ ਬੈਠਣ ਨੂੰ ਬਹੁਤ ਕਾਹਲਾ ਹੈ। ਉਹ ਮੇਰੀ ਥਾਂ ਉੱਤੇ ਮੁੱਖ ਮੰਤਰੀ ਬਣਨਾ ਚਾਹੁੰਦਾ।

75-25 ਦਾ ਗੱਠਜੋੜ-

ਇਹ ਸਿੱਧੂ ਦਾ ਸਭ ਤੋਂ ਵੱਡਾ ਬਿਆਨ ਸੀ, ਜਿਸ ਤੋਂ ਬਾਅਦ ਸਿੱਧੂ ਖ਼ਿਲਾਫ਼ ਕੈਪਟਨ ਨੇ ਐਕਸ਼ਨ ਲੈਣ ਦਾ ਐਲਾਨ ਤੱਕ ਕਰ ਦਿੱਤਾ ਸੀ। ਬਠਿੰਡਾ ਵਿਖੇ ਪ੍ਰਚਾਰ ਦੌਰਾਨ ਸਿੱਧੂ ਨੇ ਕੈਪਟਨ-ਬਾਦਲਾਂ ਵਿਚਾਲੇ 75-25 ਦੀ ਯਾਰੀ ਹੋਣ ਦਾ ਹਵਾਲਾ ਦਿੱਤਾ। ਇਸੇ ਬਿਆਨ ਨੂੰ ਕੈਪਟਨ ਨੇ ਬਠਿੰਡਾ ਵਿੱਚ ਹੋਈ ਹਾਰ ਦਾ ਕਾਰਨ ਦੱਸਿਆ।

ਸਥਾਨਕ ਸਰਕਾਰਾਂ ਵਿਭਾਗ ਤੋਂ ਛੁੱਟੀ-

ਨਵਜੋਤ ਸਿੱਧੂ ਦੀ ਮਾੜੀ ਕਾਰਗੁਜ਼ਾਰੀ ਦਾ ਤਰਕ ਦੇ ਕੇ ਕੈਪਟਨ ਨੇ ਸਿੱਧੂ ਨੂੰ ਪਦ ਤੋਂ ਲਾਂਭੇ ਕਰ ਦਿੱਤਾ। ਜਿਸ ਤੋਂ ਬਾਅਦ ਸਿੱਧੂ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਤੇ ਕੈਪਟਨ ਨੂੰ ਕਿਹਾ ਕਿ ਉਹ ਆਪਣੇ ਮੁੰਡੇ ਨੂੰ ਤਾਂ ਬਠਿੰਡੇ ਤੋਂ ਜਿੱਤ ਨਾ ਦਵਾ ਸਕੇ, ਫਿਰ ਮੇਰੇ ਉਤੇ ਸਵਾਲ ਕਿਉਂ ਖੜ੍ਹੇ ਕਰ ਰਹੇ ਹਨ।

ਕਮੇਟੀਆਂ ਵਿਚੋਂ ਛੁੱਟੀ ਤੇ ਵਿਜੀਲੈਂਸ ਵਿਭਾਗ ਦੇ ਛਾਪੇ-

ਸਿੱਧੂ ਜ਼ਿਆਦਾਤਰ ਕੈਬਨਿਟ ਮੀਟਿੰਗਾਂ ਵਿੱਚੋਂ ਗ਼ਾਇਬ ਹੀ ਰਹੇ। ਕੈਪਟਨ ਨੇ ਸਿੱਧੂ ਦੀ ਕੈਬਨਿਟ ਦੀਆਂ ਸਬ-ਕਮੇਟੀਆਂ ਵਿੱਚ ਸਿੱਧੂ ਨੂੰ ਕੋਈ ਥਾਂ ਨਹੀਂ ਦਿੱਤੀ ਤੇ ਸਿੱਧੂ ਦੇ ਕਾਰਜਕਾਲ ਦੌਰਾਨ ਕਈ ਬੇਨਿਯਮੀਆਂ ਦਾ ਹਵਾਲਾ ਦੇ ਕੇ ਵਿਜੀਲੈਂਸ ਵਿਭਾਗ ਨੇ ਛਾਪੇਮਾਰੀ ਕੀਤੀ।
First published: July 21, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...