ਅੰਦਰੂਨੀ ਕਲੇਸ਼: ਕੈਪਟਨ ਸਰਕਾਰ ਲਈ ਖੜ੍ਹੀ ਹੋਈ ਇਕ ਹੋਰ ਮੁਸੀਬਤ...

ਅੰਦਰੂਨੀ ਕਲੇਸ਼: ਕੈਪਟਨ ਸਰਕਾਰ ਲਈ ਖੜ੍ਹੀ ਹੋਈ ਇਕ ਹੋਰ ਮੁਸੀਬਤ...

  • Share this:
ਕੈਪਟਨ ਸਰਕਾਰ ਵਿਚ ਅੰਦਰੂਨੀ ਖਿੱਚੋਤਾਣ ਰੁਕਣ ਦਾ ਨਾਮ ਨਹੀਂ ਲੈ ਰਹੀ। ਨਿੱਤ ਦਿਨ ਕੈਪਟਨ ਦੇ ਮੰਤਰੀ ਆਪਣੀ ਹੀ ਸਰਕਾਰ ਉਤੇ ਸਵਾਲ ਚੁੱਕੇ ਕੇ ਨਵਾਂ ਵਿਵਾਦ ਖੜ੍ਹਾ ਕਰ ਰਹੇ ਹਨ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਥੇ ਬੇਅਦਬੀ ਮਾਮਲਿਆਂ ਉਤੇ ਆਪਣੀ ਹੀ ਸਰਕਾਰ ਨੂੰ ਘੇਰ ਚੁੱਕੇ ਹਨ, ਉਥੇ ਹੁਣ ਕਾਂਗਰਸ ਦੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਵਿੱਤ ਵਿਭਾਗ ਦੇ ਕੰਮ-ਕਾਜ ਉਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਜਿਸ ਪਿੱਛੋਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੋੜਵਾਂ ਜਵਾਬ ਦਿੱਤਾ ਹੈ। ਰਵਨੀਤ ਬਿੱਟੂ ਦੇ ਬਿਆਨ 'ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਨੂੰ ਹਰ ਜਗ੍ਹਾ ਚੁੱਕਣਾ ਠੀਕ ਨਹੀਂ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੀਡੀਆ ਸਾਹਮਣੇ ਵਿੱਤ ਮੰਤਰਾਲੇ 'ਤੇ ਸਵਾਲ ਚੁੱਕਣੇ ਸਹੀ ਨਹੀਂ ਹਨ, ਜੇਕਰ ਉਨ੍ਹਾਂ ਨੂੰ ਮੇਰੇ 'ਤੇ ਵਿਸ਼ਵਾਸ ਨਹੀਂ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਜਾਂ ਪਾਰਟੀ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕਰਕੇ ਆਪਣੀ ਗੱਲ ਰੱਖ ਸਕਦੇ ਹਨ।


ਦੱਸਣਯੋਗ ਹੈ ਕਿ ਬਿੱਟੂ ਨੇ ਕਾਂਗਰਸ ਦੇ ਮਾੜੇ ਅਕਸ ਲਈ ਸਿੱਧੇ ਤੌਰ 'ਤੇ ਮਨਪ੍ਰੀਤ ਬਾਦਲ ਨੂੰ ਜ਼ਿੰਮੇਵਾਰ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਆਮ ਲੋਕ ਇਸ ਲਈ ਦੁਖੀ ਹਨ ਕਿਉਂਕਿ ਜ਼ਿਆਦਾਤਰ ਵਿਕਾਸ ਕਾਰਜ ਨਹੀਂ ਹੋ ਰਹੇ। ਵਿਧਾਇਕ ਜਾਂ ਅਧਿਕਾਰੀ ਕਾਂਗਰਸੀ ਵਰਕਰਾਂ ਨੂੰ ਕੰਮ ਕਰਨ ਤੋਂ ਜਵਾਬ ਦੇ ਰਹੇ ਹਨ।

ਇਸ ਲਈ ਵਰਕਰਾਂ 'ਚ ਵੀ ਰੋਸ ਹੈ। ਜਿਸ ਦਾ ਸਪੱਸ਼ਟ ਤੌਰ 'ਤੇ ਕਾਰਨ ਫੰਡਾਂ ਦੀ ਘਾਟ ਹੀ ਹੈ। ਜੇਕਰ ਹਰੇਕ ਵਿਧਾਇਕ ਜਾਂ ਵਿਭਾਗਾਂ ਨੂੰ ਲੋੜੀਂਦੇ ਫੰਡ ਮਿਲੇ ਹੁੰਦੇ ਤਾਂ ਵਰਕਰ ਤੇ ਵਿਧਾਇਕ ਲੋਕਾਂ ਦੇ ਕੰਮ ਕਰਵਾ ਸਕਦੇ ਸਨ ਪਰ ਅਜਿਹਾ ਨਹੀਂ ਹੋ ਸਕਿਆ। ਰਵਨੀਤ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਲੰਬੇ ਹੱਥੀਂ ਲੈਂਦਿਆਂ ਇਹ ਵੀ ਕਹਿ ਦਿੱਤਾ ਕਿ ਨਵੇਂ ਬਣੇ ਕਾਂਗਰਸੀਆਂ ਦਾ ਟਾਪ ਦੇ ਮੰਤਰੀ ਬਣਨਾ ਵੀ ਸੂਬੇ ਦੇ ਕਾਂਗਰਸੀਆਂ ਨੂੰ ਚੁੱਭਦਾ ਹੈ।

Published by:Gurwinder Singh
First published: