ਚੰਡੀਗੜ੍ਹ: ਸੁੰਦਰਤਾ ਮੁਕਾਬਲੇ ਦੇ ਨਾਂ ਹੇਠ ਬਠਿੰਡਾ ਵਿਖੇ ਇੱਕ ਐਨ.ਆਰ.ਆਈ ਵੱਲੋਂ ਜਾਤੀ ਵਿਸ਼ੇਸ਼ ਦੀ ਲੜਕੀ ਨਾਲ ਵਿਆਹ ਕਰਵਾਉਣ ਲਈ ਲੜਕੀ ਦੀ ਚੋਣ ਕਰਨ ਹਿੱਤ ਸੁੰਦਰਤਾ ਮੁਕਾਬਲੇ ਦੇ ਫਲੈਕਸ ਲਾਉਣ ਦੀ ਕਾਰਵਾਈ ਅਤਿ ਨਿੰਦਣਯੋਗ ਹੈ। ਉਕਤ ਪ੍ਰਗਟਾਵਾ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇੱਥੇ ਕੀਤਾ।
ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਇਸ ਮਾਮਲੇ ਸਬੰਧੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਨੂੰ ਹੁਕਮ ਦਿੱਤੇ ਕਿ ਉਹ ਇਸ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਜਲਦ ਤੋਂ ਜਲਦ ਪੇਸ਼ ਕਰਨ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਨਿਰਦੇਸ਼ ਦਿੱਤੇ ਕਿ ਔਰਤਾਂ ਦੀ ਅਸ਼ਲੀਲ ਪ੍ਰਤੀਨਿਧਤਾ (ਪ੍ਰਬੰਧਨ) ਐਕਟ, 1986 ਦੀ ਧਾਰਾ 4 ਅਨੁਸਾਰ ਲੜਕੀਆਂ ਦੇ ਸੁੰਦਰਤਾ ਮੁਕਾਬਲੇ ਸਬੰਧੀ ਵਿਵਾਦਤ ਫਲੈਕਸ ਲਗਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਸ ਉਪਰੰਤ ਵਿਵਾਦਤ ਫਲੈਕਸ ਲਗਾਉਣ ਵਾਲਿਆਂ ਖਿਲਾਫ ਐਫ.ਆਈ.ਆਰ ਦਰਜ਼ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਬਠਿੰਡਾ ਵਿਖੇ ਲੱਗੇ ਇਸ ਫਲੈਕਸ ਸਬੰਧੀ ਜਾਣਕਾਰੀ ਉਨ੍ਹਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਪ੍ਰਾਪਤ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸੁੰਦਰਤਾ ਦੇ ਨਾਂ ਤੇ ਔਰਤਾਂ ਵਿੱਚ ਭੇਦ-ਭਾਵ ਦੀ ਭਾਵਨਾ ਪੈਦਾ ਕਰਨ ਵਾਲਾ ਅਤੇ ਸਮਾਜ ਵਿੱਚ ਜਾਤ-ਪਾਤ ਨੂੰ ਹੁਲਾਰਾ ਦੇਣ ਵਾਲਾ ਹੈ।
ਡਾ.ਬਲਜੀਤ ਕੌਰ ਨੇ ਕਿਹਾ ਕਿ ਉਹ ਬਠਿੰਡਾ ਵਿੱਚ ਵਾਪਰੀ ਇਸ ਘਟਨਾ ਦੇ ਰੋਸ ਵਜੋਂ ਸ਼ਹਿਰ ਵਿੱਚ ਇੱਕ ਜਾਗਰੂਕਤਾ ਮਾਰਚ ਕੱਢਣਗੇ ਤਾਂ ਜੋਂ ਲੋਕਾਂ ਨੂੰ ਔਰਤਾਂ ਪ੍ਰਤੀ ਸਹੀ ਨਜ਼ਰੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਵਿਦੇਸ਼ ਵਿੱਚ ਵਸਣ ਦੀ ਚਾਹਤ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਾਪਰਨ ਦਾ ਕਾਰਣ ਬਣਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Cabinet Minister Baljeet Kaur, Punjab government, Punjab Police