• Home
  • »
  • News
  • »
  • punjab
  • »
  • DUE TO NON RECEIPT OF COMPENSATION THE FARMERS TORE DOWN THE CAMPAIGN BOARDS WITH PICTURES OF THE CHIEF MINISTER

ਮੁਆਵਜਾ ਨਾ ਮਿਲਣ ਤੋਂ ਅੱਕੇ ਕਿਸਾਨਾਂ ਨੇ ਮੁੱਖ ਮੰਤਰੀ ਦੀਆਂ ਤਸਵੀਰਾਂ ਵਾਲੇ ਪ੍ਰਚਾਰ ਬੋਰਡ ਪਾੜੇ

ਕਿਸਾਨਾਂ ਨੇ ਸਰਕਾਰੀ ਬੱਸਾਂ ਦੇ ਪਿੱਛੇ ਲੱਗੇ ਸਰਕਾਰ ਦੇ ਪ੍ਰਚਾਰ ਬੋਰਡਾਂ ਤੇ ਕਾਲਖ ਤੱਕ ਫੇਰਦਿਆਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

ਤਲਵੰਡੀ ਸਾਬੋ ਵਿਖੇ ਬੱਸਾਂ ਤੇ ਕਾਲਖ ਫੇਰਦੇ ਹੋਏ ਅਤੇ ਬੋਰਡ ਪਾੜਦੇ ਹੋਏ ਕਿਸਾਨ ਆਗੂ

  • Share this:
    Munish Garg

    ਮਾਲਵਾ ਖਿੱਤੇ ਵਿੱਚ ਗੁਲਾਬੀ ਸੁੰਡੀ ਕਾਰਣ ਨਰਮੇ ਦੇ ਖਰਾਬੇ ਦਾ ਮੁਆਵਜਾ ਦੇਣ ਦੇ ਦਾਅਵੇ ਕਰਨ ਵਾਲੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਲੱਗੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਤਸਵੀਰਾਂ ਵਾਲੇ ਪ੍ਰਚਾਰ ਬੋਰਡ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ [ਉਗਰਾਹਾਂ] ਦੇ ਕਾਰਕੁੰਨਾਂ ਵੱਲੋਂ ਪਾੜ ਸੁੱਟੇ ਗਏ।ਕਿਸਾਨਾਂ ਨੇ ਸਰਕਾਰੀ ਬੱਸਾਂ ਦੇ ਪਿੱਛੇ ਲੱਗੇ ਸਰਕਾਰ ਦੇ ਪ੍ਰਚਾਰ ਬੋਰਡਾਂ ਤੇ ਕਾਲਖ ਤੱਕ ਫੇਰਦਿਆਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

    ਭਾਕਿਯੂ (ਉਗਰਾਹਾਂ) ਦੇ ਜਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਇਲਾਕੇ ਵਿੱਚ ਥਾਂ ਥਾਂ ਝੂਠੇ ਪ੍ਰਚਾਰ ਬੋਰਡ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਗੁਲਾਬੀ ਸੁੰਡੀ ਕਾਰਣ ਨਰਮੇ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾ ਰਿਹੈ ਜਦੋਂਕਿ ਅਜੇ ਤੱਕ ਸਰਕਾਰ ਵੱਲੋਂ ਗੁਲਾਬੀ ਸੁੰਡੀ ਕਰਕੇ ਖਰਾਬ ਹੋਈ ਨਰਮੇ ਦੀ ਫਸਲ ਦਾ ਕੋਈ ਮੁਆਵਜਾ ਐਲਾਨਿਆ ਤੱਕ ਨਹੀ ਗਿਆ।ਉਨਾਂ ਕਿਹਾ ਕਿ ਕਿਸਾਨਾਂ ਨੇ ਮੁਆਵਜਾ ਲੈਣ ਲਈ ਪਹਿਲਾਂ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਹੁਣ ਬਠਿੰਡਾ ਮਿੰਨੀ ਸਕੱਤਰੇਤ ਅੱਗੇ ਲਗਾਤਾਰ ਸੰਘਰਸ਼ ਕਰ ਰਹੇ ਹਨ।ਉਨਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਦਿੱਲੀ ਕਿਸਾਨ ਸੰਘਰਸ਼ ਵਿੱਚ ਲਗਪੱਗ 600 ਕਿਸਾਨ ਸ਼ਹੀਦ ਹੋ ਚੁੱਕੇ ਹਨ ਅਤੇ ਪੰਜਾਬ ਸਰਕਾਰ ਗਿਣਤੀ ਦੇ ਕਿਸਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਨੌਕਰੀ ਦੀਆਂ ਚਿੱਠੀਆਂ ਦੇ ਕੇ ਬੱਸਾਂ ਦੇ ਪਿੱਛੇ ਪ੍ਰਚਾਰ ਬੋਰਡ ਲਗਾ ਰਹੀ ਹੈ ਕਿ ਸ਼ਹੀਦ ਕਿਸਾਨਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਜੋ ਸਰਾਸਰ ਝੂਠ ਹੈ।

    ਕਿਸਾਨ ਆਗੂ ਅਨੁਸਾਰ ਅਜਿਹੇ ਝੂਠ ਤੋਂ ਦੁਖੀ ਹੋ ਕੇ ਹੀ ਅੱਜ ਕਿਸਾਨਾਂ ਨੇ ਸਰਕਾਰ ਦੇ ਇਸ ਝੂਠੇ ਪ੍ਰਚਾਰ ਵਾਲੇ ਬੋਰਡਾਂ ਨੂੰ ਪਾੜ ਦਿੱਤਾ ਹੈ।ਉਨਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਨਰਮੇ ਦੇ ਖਰਾਬੇ ਦਾ ਮੁਆਵਜਾ ਨਹੀ ਐਲਾਨਦੀ ਅਤੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਲਈ ਨੌਕਰੀਆਂ ਦਾ ਇੰਤਜਾਮ ਨਹੀ ਕਰਦੀ ਉਦੋਂ ਤੱਕ ਅਜਿਹੇ ਗੁੰਮਰਾਹਕੁੰਨ ਬੋਰਡ ਨਹੀ ਲੱਗਣ ਦਿੱਤੇ ਜਾਣਗੇ।
    Published by:Ashish Sharma
    First published:
    Advertisement
    Advertisement