Home /News /punjab /

ਬਾਕੀ ਮੰਗਾਂ ਪ੍ਰਤੀ ਕੇਂਦਰ ਦੀ ਟਾਲ-ਮਟੋਲ ਕਾਰਨ ਧਰਨਾਕਾਰੀ ਲੰਬੇ ਸੰਘਰਸ਼ ਲਈ ਤਿਆਰ ਹੋਏ: ਕਿਸਾਨ ਆਗੂ

ਬਾਕੀ ਮੰਗਾਂ ਪ੍ਰਤੀ ਕੇਂਦਰ ਦੀ ਟਾਲ-ਮਟੋਲ ਕਾਰਨ ਧਰਨਾਕਾਰੀ ਲੰਬੇ ਸੰਘਰਸ਼ ਲਈ ਤਿਆਰ ਹੋਏ: ਕਿਸਾਨ ਆਗੂ

'ਮੰਗਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨਾਂ ਵਿਚਾਲੇ ਹੋਇਆ ਸਮਝੌਤਾ'-ਸੂਤਰ

'ਮੰਗਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨਾਂ ਵਿਚਾਲੇ ਹੋਇਆ ਸਮਝੌਤਾ'-ਸੂਤਰ

  • Share this:

ਆਸ਼ੀਸ਼ ਸ਼ਰਮਾ

ਬਰਨਾਲਾ: ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ, ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦਿਵਾਉਣ, ਕਿਸਾਨਾਂ 'ਤੇ ਦਰਜ ਕੇਸ ਰੱਦ ਕਰਵਾਉਣ ਅਤੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚਲੀਆਂ ਬਾਕੀ ਮੰਨਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 432ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।

ਅੱਜ ਬੁਲਾਰਿਆਂ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਬਾਕੀ ਮੰਗਾਂ ਪ੍ਰਤੀ ਕੇਂਦਰ ਸਰਕਾਰ ਦੀ ਟਾਲ-ਮਟੋਲ  ਦੀ ਨੀਤੀ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਕਿਸਾਨ ਮੋਰਚਾ ਕੋਈ ਨਵੀਆਂ ਮੰਗਾਂ ਨਹੀਂ ਉਠਾ ਰਿਹਾ। ਇਨ੍ਹਾਂ ਵਿਚੋਂ ਵਧੇਰੇ ਮੰਗਾਂ ਪਹਿਲੇ ਦਿਨ ਤੋਂ ਹੀ ਸਾਡੇ ਮੰਗ-ਚਾਰਟਰ ਦਾ ਹਿੱਸਾ ਸਨ ਅਤੇ ਬਾਕੀ ਦੀਆਂ ਕਿਸਾਨ ਅੰਦੋਲਨ ਕਾਰਨ ਉਭਰੀਆਂ ਹਨ। ਅਸੀਂ ਬਾਕੀ ਦੀਆਂ ਇਹ ਸਾਰੀਆਂ ਮੰਗਾਂ ਮਨਵਾਏ ਬਗੈਰ ਅੰਦੋਲਨ ਖਤਮ ਨਹੀਂ ਕਰਾਂਗੇ।

ਸਰਕਾਰ ਨੇ ਇਨ੍ਹਾਂ ਮੰਗਾਂ ਬਾਰੇ ਟਾਲ-ਮਟੋਲ ਦੀ ਨੀਤੀ ਅਪਣਾ ਰੱਖੀ ਹੈ। ਇਸ ਲਈ ਅਸੀਂ ਲੰਬੇ ਸੰਘਰਸ਼ ਲਈ ਤਿਆਰ ਹਾਂ। ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਵਜੋਂ ਜਾਣੇ ਜਾਂਦੇ ਡਾਕਟਰ ਭੀਮ ਰਾਉ ਦਾ ਮਹਾ-ਨਿਰਵਾਣ ਦਿਵਸ ਹੈ। ਸੰਨ 1956 ਵਿੱਚ ਅੱਜ ਦੇ ਦਿਨ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਭਾਰਤ ਦੇ ਆਮ ਲੋਕਾਂ, ਖਾਸਕਰ ਅਨੁਸੂਚਿਤ ਜਾਤੀਆਂ ਤੇ ਦਲਿਤਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਵਿਚ ਡਾਕਟਰ  ਅੰਬੇਡਕਰ ਦਾ ਬਹੁਤ ਵੱਡਾ ਯੋਗਦਾਨ ਹੈ। ਅੱਜ ਜਦੋਂ ਫਾਸ਼ੀਵਾਦੀ ਤਾਕਤਾਂ ਸਾਡੇ ਸੰਵਿਧਾਨ 'ਤੇ ਚੌਤਰਫਾ ਹਮਲੇ ਕਰ ਰਹੀਆਂ ਹਨ, ਸਾਨੂੰ ਡਾਕਟਰ ਅੰਬੇਡਕਰ ਦੇ ਫਲਸਫੇ ਤੋਂ ਸੇਧ ਲੈਣੀ ਚਾਹੀਦੀ ਹੈ।'

ਅੱਜ ਧਰਨੇ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਡਾਕਟਰ ਅੰਬੇਡਕਰ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।  ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਬਲਵੰਤ ਸਿੰਘ ਠੀਕਰੀਵਾਲਾ, ਸਾਹਿਬ ਸਿੰਘ ਬਡਬਰ, ਚਰਨਜੀਤ ਕੌਰ, ਕਮਲਜੀਤ ਕੌਰ ਪੱਤੀ,ਨਛੱਤਰ ਸਿੰਘ ਸਾਹੌਰ, ਬਾਬੂ ਸਿੰਘ ਖੁੱਡੀ ਕਲਾਂ,ਰਾਜਿੰਦਰ ਕੌਰ ਫਰਵਾਹੀ, ਬਾਰਾ ਸਿੰਘ ਬਦਰਾ, ਗੁਰਦੇਵ ਸਿੰਘ ਮਾਂਗੇਵਾਲ, ਬਾਵਾ ਸਿੰਘ ਬਰਨਾਲਾ ਸਰਪੰਚ ਗੁਰਚਰਨ ਸਿੰਘ ਨੇ ਸੰਬੋਧਨ ਕੀਤਾ। ਅੱਜ ਬੁਲਾਰਿਆਂ ਨੇ ਦੱਸਿਆ ਕਿਹਾ ਕਿ ਕਿਸਾਨ ਅੰਦੋਲਨ ਦਾ ਹਾਂ-ਪੱਖੀ ਅਸਰ ਦਿਸਣ ਲੱਗਾ ਹੈ, ਜਿਨ੍ਹਾਂ ਸੂਬਿਆਂ 'ਚ ਪਹਿਲਾਂ ਐਮਐਸਪੀ ਨਹੀਂ ਮਿਲਦੀ ਸੀ,ਉਥੋਂ ਦੇ ਕਿਸਾਨ ਵੀ ਐਮਐਸਪੀ ਲਈ ਜਾਗਰੂਕ ਹੋ ਰਹੇ ਹਨ।

ਪਿਛਲੀ ਦਿਨੀਂ ਛਤੀਸਗੜ੍ਹ ਦੇ ਕਿਸਾਨਾਂ ਨੇ ਐਮਐਸਪੀ ਤੋਂ ਘੱਟ ਰੇਟ 'ਤੇ ਝੋਨਾ ਵੇਚਣ ਤੋਂ ਇਨਕਾਰ ਕਰ ਦਿੱਤਾ। ਜਦੋਂ 1950 ਰੁਪਏ ਐਮਐਸਪੀ ਦੇ ਮੁਕਾਬਲੇ ਸਿਰਫ 1370 ਰੁਪਏ ਦੀ ਬੋਲੀ ਲੱਗੀ ਤਾਂ ਕਿਸਾਨਾਂ ਨੇ ਆਪਣਾ ਝੋਨਾ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਸਾਡੇ ਸੰਘਰਸ਼ ਲਈ ਸ਼ੁਭ ਸੰਕੇਤ ਹੈ। ਅੱਜ ਠੇਕੇਦਾਰੀ ਪਰਬੰਧ ਤਹਿਤ ਸਿਹਤ ਵਿਭਾਗ ਅਤੇ ਪੀਆਰਟੀਸੀ ਦੇ ਸੰਘਰਸ਼ਸ਼ੀਲ ਕਾਮੇ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।

ਕਿਸਾਨ ਮੋਰਚਾ ਵੱਲੋਂ ਇਨ੍ਹਾਂ ਸੰਘਰਸ਼ਸ਼ੀਲ ਕਾਮਿਆਂ ਦੇ ਹੱਕੀ ਸੰਘਰਸ਼ ਦੀ ਹਮਾਇਤ ਕਰਦਿਆਂ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਅੱਜ ਸੰਧੂ ਪੱਤੀ ਬਰਨਾਲਾ ਦੀ ਸੰਗਤ ਨੇ ਲੰਗਰ ਦੀ ਸੇਵਾ ਨਿਭਾਈ। ਅੱਜ ਗੁਰਪ੍ਰੀਤ ਸੰਘੇੜਾ ਨੇ ਧਾਰਮਿਕ ਗੀਤ ਸੁਣਾ ਕੇ ਪੰਡਾਲ ਨੂੰ ਸਿੱਖ ਵਿਰਸੇ ਨਾਲ ਜੋੜਿਆ। ਬਹਾਦਰ ਸਿੰਘ ਕਾਲਾ ਧਨੌਲਾ ਨੇ ਗੀਤ ਅਤੇ ਨਰਿੰਦਰਪਾਲ ਸਿੰਗਲਾ ਨੇ ਕਵਿਤਾ ਸੁਣਾਈ।

Published by:Gurwinder Singh
First published:

Tags: Bharti Kisan Union, Farmers Protest, Kisan andolan, Punjab farmers