ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਜੀਲੈਂਸ ਬਿਊਰੋ ਦੇ ਰਡਾਰ 'ਤੇ ਆ ਗਏ ਹਨ। ਬਿਊਰੋ ਚੰਨੀ ਵਿਰੁੱਧ ਰਾਜ ਸਰਕਾਰ ਦੇ ਦਾਸਤਾਨ-ਏ-ਸ਼ਹਾਦਤ ਸਮਾਰੋਹ ਤੋਂ ਲੈ ਕੇ ਉਨ੍ਹਾਂ ਦੇ ਪਰਿਵਾਰ ਦੇ ਸਮਾਗਮ ਲਈ ਫੰਡਾਂ ਦੀ ਕਥਿਤ ਦੁਰਵਰਤੋਂ ਦੇ ਸਬੰਧ ਵਿੱਚ ਭ੍ਰਿਸ਼ਟਾਚਾਰ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਬਿਊਰੋ ਦੀ ਜਾਂਚ ਸ਼ਿਕਾਇਤ ਦੀ ਤਸਦੀਕ ਨਾਲ ਸਬੰਧਤ ਹੈ ਅਤੇ ਤੱਥਾਂ ਦਾ ਪਤਾ ਲਗਾਉਣ ਲਈ ਸਾਬਕਾ ਮੁੱਖ ਮੰਤਰੀ ਨੂੰ ਵੀ ਸੰਮਨ ਕਰ ਸਕਦਾ ਹੈ। ਦੂਜੇ ਪਾਸੇ ਚੰਨੀ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ। ਉਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਬਿਊਰੋ ਉਸ ਨੂੰ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕਰ ਸਕਦਾ ਹੈ।
ਕੀ ਕਿਹਾ ਸਾਬਕਾ CM ਚੰਨੀ ਨੇ?
ਚੰਨੀ ਨੇ ਕਿਹਾ ਕਿ 'ਪਹਿਲਾਂ ਜਦੋਂ ਮੈਂ ਸਿੱਧੂ ਮੂਸੇਵਾਲਾ ਦੇ ਘਰ ਗਿਆ ਤਾਂ ਉਨ੍ਹਾਂ ਮੈਨੂੰ ਮਾਨਸਾ 'ਚ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਹੋਰ ਵੀ ਕਈ ਸ਼ਿਕਾਇਤਾਂ ਕੀਤੀਆਂ ਹਨ, ਇਹ ਸ਼ਿਕਾਇਤ ਹਾਸੋਹੀਣੀ ਹੈ, ਕਿਉਂਕਿ ਉਕਤ ਸਰਕਾਰੀ ਰਸਮ ਮੇਰੇ ਲੜਕੇ ਦੇ ਵਿਆਹ ਤੋਂ ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ ਹੋਈ ਸੀ।
ਚੰਨੀ ਨੇ ਕਿਹਾ ਕਿ 'ਵਿਆਹ ਇਕ ਗੁਰਦੁਆਰੇ ਵਿਚ ਸਾਦੇ ਢੰਗ ਨਾਲ ਕੀਤਾ ਗਿਆ ਸੀ, ਮੈਰਿਜ ਪੈਲੇਸ ਜਿੱਥੇ ਰਿਸੈਪਸ਼ਨ ਰੱਖਿਆ ਗਿਆ ਸੀ, ਉਹ ਮੇਰੇ ਪਰਿਵਾਰਕ ਦੋਸਤ ਦਾ ਸੀ, ਜਿਸ ਨੇ ਮੇਰੇ ਤੋਂ ਕੋਈ ਪੈਸਾ ਨਹੀਂ ਲਿਆ ਸੀ।'
ਬੇਟੇ ਦੇ ਵਿਆਹ 'ਤੇ ਸਰਕਾਰੀ ਪੈਸਾ ਖਰਚ ਕਰਨ ਦਾ ਦੋਸ਼
ਬਠਿੰਡਾ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਚੰਨੀ ਨੇ ਬਤੌਰ ਮੁੱਖ ਮੰਤਰੀ 19 ਨਵੰਬਰ 2021 ਨੂੰ ਆਪਣੇ ਹਲਕੇ ਚਮਕੌਰ ਸਾਹਿਬ ਵਿੱਚ ਦਾਸਤਾਨ-ਏ-ਸ਼ਹਾਦਤ ਸਮਾਗਮ ਕਰਵਾਇਆ ਸੀ। ਸਮਾਗਮ ਦੀ ਲਾਗਤ 1.47 ਕਰੋੜ ਰੁਪਏ ਸੀ। ਦੋਸ਼ ਹੈ ਕਿ ਸਮਾਗਮ ਲਈ ਮਹਿੰਗੇ ਬਿੱਲ ਪੇਸ਼ ਕੀਤੇ ਗਏ ਅਤੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ। ਇਹ ਰਕਮ ਕਥਿਤ ਤੌਰ 'ਤੇ ਚੰਨੀ ਵੱਲੋਂ ਆਪਣੇ ਪੁੱਤਰ ਦੇ ਵਿਆਹ 'ਤੇ ਖਰਚੇ ਗਏ ਬਿੱਲਾਂ ਦੀ ਅਦਾਇਗੀ ਲਈ ਵਰਤੀ ਗਈ ਸੀ। ਇਸ ਮਾਮਲੇ ਵਿੱਚ ਅਧਿਕਾਰੀ ਸਾਬਕਾ ਸੀਐਮ ਚੰਨੀ ਦੇ ਬੈਂਕ ਖਾਤਿਆਂ ਅਤੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Charanjit Singh Channi, Punjab Congress, Punjab government