
ਅਕਾਲੀ ਦਲ ਤੋਂ ਵੱਖ ਹੋਏ ਧੜਿਆਂ ਤੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਵਾਂਗੇ: ਕੈਪਟਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਕਾਲੀ ਦਲ ਤੋਂ ਵੱਖ ਹੋਏ ਧੜਿਆਂ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਮਿਲ ਕੇ ਸੂਬੇ ਵਿੱਚ ਅਗਲੀ ਸਰਕਾਰ ਬਣਾਏਗੀ।
ਕੈਪਟਨ ਨੇ ਅੱਜ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ। ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸ਼ਿਸ਼ਟਾਚਾਰ ਵਾਲੀ ਮੁਲਾਕਾਤ ਸੀ। ਉਨ੍ਹਾਂ ਕਿਹਾ ਕਿ ਕੋਈ ਸਿਆਸੀ ਗੱਲਬਾਤ ਨਹੀਂ ਹੋਈ ਹੈ। ਮੁੱਖ ਮੰਤਰੀ ਨਾਲ ਇਕ ਵਧੀਆ ਕੌਫੀ ਪੀਤੀ। ਕੈਪਟਨ ਨੇ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਸਿਆਸੀ ਖਿੱਚੋਤਾਣ ਤੋਂ ਬਾਅਦ ਸਤੰਬਰ 'ਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਇਹ ਪੁੱਛੇ ਜਾਣ 'ਤੇ ਕਿ ਕੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਚਿਹਰੇ ਉਨ੍ਹਾਂ ਦੀ ਪਾਰਟੀ 'ਪੰਜਾਬ ਲੋਕ ਕਾਂਗਰਸ' 'ਚ ਸ਼ਾਮਲ ਹੋਣਗੇ, ਅਮਰਿੰਦਰ ਸਿੰਘ ਨੇ ਕਿਹਾ, ''ਉਸ ਲਈ ਇੰਤਜ਼ਾਰ ਕਰੋ। ਸਭ ਕੁਝ ਠੀਕ ਚੱਲ ਰਿਹਾ ਹੈ। ਲੋਕ ਬਹੁਤ ਉਤਸ਼ਾਹਿਤ ਹਨ ਅਤੇ ਸਾਡੀ ਮੈਂਬਰਸ਼ਿਪ ਚੰਗੀ ਚੱਲ ਰਹੀ ਹੈ।''
ਉਨ੍ਹਾਂ ਕਿਹਾ ਕਿ ਜੇਕਰ ਪ੍ਰਮਾਤਮਾ ਨੇ ਚਾਹਿਆ ਤਾਂ ਅਸੀਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ (ਸੁਖਦੇਵ ਸਿੰਘ ਢੀਂਡਸਾ) ਦੀ ਪਾਰਟੀ ਨਾਲ ਸੀਟਾਂ ਵੰਡ ਕੇ ਸਰਕਾਰ ਬਣਾਵਾਂਗੇ। ਖੱਟਰ ਨਾਲ ਉਨ੍ਹਾਂ ਦੀ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਅੱਜ ਸੰਸਦ ਦੇ ਦੋਵਾਂ ਸਦਨਾਂ ਵੱਲੋਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਬਿੱਲ ਪਾਸ ਕੀਤਾ ਗਿਆ।
ਭਾਜਪਾ ਨਾਲ ਗਠਜੋੜ ਦੀ ਗੱਲਬਾਤ 'ਤੇ ਸਵਾਲ ਦੇ ਜਵਾਬ 'ਚ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਮੈਂ ਮੁੱਖ ਮੰਤਰੀ ਨੂੰ ਮਿਲਿਆ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ ਤਾਂ ਇਹ ਸਿਆਸੀ ਹੈ। ਇਹ ਸਿਰਫ਼ ਇੱਕ ਸ਼ਿਸ਼ਟਾਚਾਰ ਮੁਲਾਕਾਤ ਸੀ।
ਹਰਿਆਣਾ ਸਰਕਾਰ ਵੱਲੋਂ ਜਾਰੀ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਖੱਟਰ, ਅਮਰਿੰਦਰ ਸਿੰਘ ਦਾ ਨਿੱਘਾ ਸਵਾਗਤ ਕਰ ਰਹੇ ਹਨ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਪੰਜਾਬ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਨੇਤਾਵਾਂ ਨੂੰ ਮਿਲਣਗੇ, ਸਿੰਘ ਨੇ ਕਿਹਾ ਕਿ ਉਹ ਦਿੱਲੀ ਜਾ ਕੇ ਉਨ੍ਹਾਂ ਨੂੰ ਜ਼ਰੂਰ ਮਿਲਣਗੇ।
ਖੇਤੀਬਾੜੀ ਕਾਨੂੰਨਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਹੁਣ ਸਭ ਕੁਝ ਖਤਮ ਹੋ ਗਿਆ ਹੈ। ਸੰਸਦ ਦੁਆਰਾ ਤਿੰਨ ਖੇਤੀਬਾੜੀ ਕਾਨੂੰਨ ਵਾਪਸ ਲੈ ਲਏ ਗਏ ਹਨ। ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਛੇ ਤੋਂ ਸੱਤ ਮੰਗਾਂ ਮੰਨ ਲਈਆਂ ਹਨ, ਇਸ ਲਈ ਹੁਣ ਕੋਈ ਮੁੱਦਾ ਨਹੀਂ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।