ਬੇਮੌਸਮ ਮੀਂਹ ਪੈਣ ਦੇ ਕਾਰਨ ਪਂਜਾਬ ਦੇ ਕਿਸਾਨਾਂ ਦੀਆਂ ਫਸਲਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ ਇਸ ਨੂੰ ਲੈ ਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਮੀਡੀਆ ਨੂੰ ਸੰਬੋਧਨ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਮੀਂਹ ਕਾਰਨ ਕਿਸਾਨਾਂ ਦਾ ਹੋਇਆ ਜੋ ਨੁਕਸਾਨ ਹੋਇਆ ਹੈ ਉਹ ਸਿਰਫ ਕਣਕ ਦਾ ਹੀ ਨਹੀਂ ਸਗੋਂ ਪਸ਼ੂਆਂ ਦਾ ਚਾਰਾ ਤੂੜੀ ਵੀ ਨਹੀਂ ਬਣੇਗੀ। ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਵੀ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪਵੇਗਾ।
ਇਸ ਦੇ ਨਾਲ ਹੀ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇਸ਼ ਦਾ ਵੱਡਾ ਅੰਨ ਭੰਡਾਰ ਹੈ। ਬੇਮੌਸਮੇ ਮੀਂਹ ਕਾਰਨ ਜੋ ਨੁਕਸਾਨ ਹੋਇਆ ਹੈ ਜੇਕਰ ਸਰਕਾਰ ਵਲੋਂ ਸਮੇਂ ਸਿਰ ਮਦਦ ਨਾ ਦਿਤੀ ਗਈ ਤਾਂ ਵੱਡੇ ਪੱਧਰ 'ਤੇ ਖੁਦਕੁਸ਼ੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਅਨਾਜ ਦੀ ਕਿੱਲਤ ਆ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੱਡੇ ਅਨਾਜ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਫਸਲਾਂ ਦੇ ਖਰਾਬੇ ਲਈ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਘੱਟ ਹੈ। ਨੁਕਸਾਨੀਆਂ ਗਈਆਂ ਫਸਲਾਂ ਲਈ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਐਸ.ਐਸ.ਐਮ ਦਾ ਕਿਹੜਾ ਆਗੂ ਹੈ ਜੋ ਸਿਆਸਤ ਵਿੱਚ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮੈਂ ਸੰਯੁਕਤ ਸਮਾਜ ਮੋਰਚਾ ਨਹੀਂ ਬਣਾਇਆ।ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਥੇ ਹੀ ਉਹ ਬੇਈਮਾਨ ਹਨ ਕਿਉਂਕਿ ਮੈਂ ਚੋਣ ਲੜਨ ਤੋਂ ਜਵਾਬ ਦੇ ਦਿੱਤਾ ਸੀ। ਮੇਰੇ ਤੋਂ ਧੱਕੇ ਨਾਲ ਚੋਣ ਲੜਵਾਈ ਗਈ। ਉਨ੍ਹਾਂ ਕਿਹਾ ਕਿ ਉਸ ਵਕਤ ਸਾਰੇ ਇਕੱਠੇ ਹੋ ਗਏ ਸਨ ਅਤੇ ਮੈਨੂੰ ਕਿਹਾ ਕਿ ਤੁਹਾਨੂੰ ਚੋਣ ਲੜਨੀ ਪਵੇਗੀ, ਤੁਸੀਂ ਸਾਨੂੰ ਜਵਾਬ ਨਹੀਂ ਦੇ ਸਕਦੇ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਿਸ ਦਿਨ ਸੰਯੁਕਤ ਸਮਾਜ ਮੋਰਚਾ ਬਣਾਇਆ ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਪ੍ਰੈਸ ਮਿਲਣੀ ਦੌਰਾਨ ਅਚਾਨਕ ਮੇਰੇ ਪਿੱਛੇ ਲਿਆ ਕੇ ਇੱਕ ਬੋਰਡ ਖੜ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਬਣਾਉਣ ਬਾਰੇ ਮੇਰੇ ਤੋਂ ਪੁੱਛਿਆ ਵੀ ਨਹੀਂ ਗਿਆ। ਉਸ ਪ੍ਰੈਸ ਵਾਰਤਾ ਦੌਰਾਨ ਮੈਂ ਇੱਕ ਵੀ ਸ਼ਬਦ ਨਹੀਂ ਬੋਲਿਆ, ਜੋ ਕੁਝ ਕਿਹਾ ਉਨ੍ਹਾਂ ਨੇ ਹੀ ਕਿਹਾ।
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਨਾ ਮੈਂ ਟਿਕਟਾਂ ਵੰਡੀਆਂ ਤੇ ਨਾ ਹੀ ਉਮੀਦਵਾਰ ਖੜ੍ਹੇ ਕੀਤੇ। ਇਹ ਸਭ ਕੁਝ ਉਨ੍ਹਾਂ ਨੇ ਕੀਤਾ ਅਤੇ ਫਿਰ ਅੱਧ ਵਿਚਾਲੇ ਮੈਨੂੰ ਪਿੱਛੇ ਹਟਣ ਲਈ ਕਿਹਾ ਗਿਆ ਪਰ ਮੈਂ ਇਨਕਾਰ ਕੀਤਾ ਅਤੇ ਕਿਹਾ ਕਿ ਤੁਸੀਂ ਬੇਈਮਾਨ ਹੋ। ਜਿਸ 'ਤੇ ਉਨ੍ਹਾਂ ਕਿਹਾ ਕਿ ਉਹ ਵਿਰੋਧ ਕਰਨਗੇ। ਰਾਜੇਵਾਲ ਮੁਤਾਬਕ ਉਨ੍ਹਾਂ ਕਿਹਾ ਕਿ ਮੇਰੇ ਨਾਮ 'ਤੇ ਜੋ 102 ਬੰਦੇ ਚੋਣਾਂ ਵਿਚ ਖੜ੍ਹੇ ਕੀਤੇ ਹਨ ਉਨ੍ਹਾਂ ਨੂੰ ਧੋਖਾ ਨਹੀਂ ਦੇਣਾ ਅਤੇ ਬੇਜ਼ੁਬਾਨਾਂ ਨਹੀਂ ਕਹਾਉਣਾ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਿਨ੍ਹਾਂ ਨੇ SSM ਬਣਾਇਆ, ਜਿਨ੍ਹਾਂ ਨੇ ਮੈਨੂੰ ਚੋਣ ਲੜਵਾਈ ਉਹ ਸਾਰੇ ਭਗੌੜੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Balbir Singh rajewal, Farmer Leader, Punjab politics, SSM