ਚੰਡੀਗੜ੍ਹ : ਸੁੰਯੁਕਤ ਮੋਰਚਾ ਦੇ ਮੈਂਬਰ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਢਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ਼ ਨੇ ਕਿਹਾ ਕਿ ਜਦੋਂ ਤੱਕ ਸੰਯੁਕਤ ਮੋਰਚੇ ਨਾਲ ਮੀਟਿੰਗ ਕਰਕੇ ਕੇਂਦਰ ਸਰਕਾਰ ਐਲਾਨ ਨਹੀਂ ਕਰਦੀ, ਉਦੋਂ ਤੱਕ ਪੀਐੱਮ ਮੋਦੀ ਦੀ ਕਾਨੂੰਨਾਂ ਰੱਦ ਕਰਨ ਬਾਰੇ ਦਿੱਤੇ ਬਿਆਨ ਦਾ ਕੋਈ ਮਤਲਬ ਨਹੀਂ। ਉਨ੍ਹਾਂ ਕਿਹਾ ਕਿ ਅੰਦੋਲਨ ਦੀ ਵਰ੍ਹੇਗੰਢ ਮਨਾਉਣ ਲਈ 26 ਨਵੰਬਰ ਦੇ ਇਕੱਠ ਨਾ ਹੋਣ ਦੇ ਮੱਦੇਨਜ਼ਰ ਅਜਿਹੇ ਬਿਆਨ ਸਾਹਮਣੇ ਆ ਰਹੇ ਹਨ। ਇਸ ਲਈ ਸਾਰੇ ਭਾਰਤ ਦੇ ਕਿਸਾਨਾਂ ਨੂੰ ਸੱਦਾ ਹੈ ਕਿ 25 ਨਵੰਬਰ ਨੂੰ ਟਰੈਕਟਰ ਟਰਾਲੀਆਂ ਲੈ ਕੇ ਪੂਰੇ ਜੁਸ਼ੋ-ਖਰੋਸ਼ ਨਾਲ ਦਿੱਲੀ ਦੇ ਬਾਰਡਰ ਉੱਤੇ ਪਹੁੰਚਿਆ ਜਾਵੇ। ਜਦੋਂ ਤੱਕ ਤਿੰਨ ਕਾਨੂੰਨ ਰੱਦ ਤੇ ਐਮਐਸਪੀ ਬਾਰੇ ਨਵਾਂ ਕਾਨੂੰਨ ਨਹੀਂ ਬਣ ਜਾਂਦਾ, ਉਦੋਂ ਤੱਕ ਦਿਲੀ ਦੇ ਬਾਰਡਰ ਖਾਲੀ ਨਹੀਂ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ 25 ਤਰੀਕ ਨੂੰ ਵਹੀਰਾਂ ਘੱਤ ਕੇ ਦਿੱਲੀ ਦੇ ਬਾਰਡਰ ਉੱਤੇ ਕਿਸਾਨ ਪਹੁੰਚਣ। ਜਦੋਂ ਤੱਕ ਸੰਯੁਕਤ ਮੋਰਚੇ ਨਾਲ ਮੀਟਿੰਗ ਵਿੱਚ ਬੈਠ ਕੇ ਐਲਾਨ ਨਹੀਂ ਹੁੰਦਾ, ਉਦੋਂ ਤੱਕ ਕਿਸੇ ਵੀ ਅਜਿਹੇ ਐਲਾਨ ਨੂੰ ਅਸੀਂ ਨਹੀਂ ਮੰਨਾਂਗੇ।
ਸੰਯੁਕਤ ਮੋਰਚੇ ਦਾ ਬਿਆਨ
ਸੰਯੁਕਤ ਕਿਸਾਨ ਮੋਰਚਾ ਇਸ ਫੈਸਲੇ ਦਾ ਸੁਆਗਤ ਕਰਦਾ ਹੈ ਅਤੇ ਉਚਿਤ ਸੰਸਦੀ ਪ੍ਰਕਿਰਿਆਵਾਂ ਰਾਹੀਂ ਇਸ ਐਲਾਨ ਦੇ ਲਾਗੂ ਹੋਣ ਦੀ ਉਡੀਕ ਕਰੇਗਾ। ਮੋਰਚੇ ਨੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਸਿਰਫ਼ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਨਹੀਂ ਹੈ, ਸਗੋਂ ਸਾਰੀਆਂ ਖੇਤੀ ਉਪਜਾਂ ਅਤੇ ਸਾਰੇ ਕਿਸਾਨਾਂ ਲਈ ਲਾਹੇਵੰਦ ਕੀਮਤਾਂ ਦੀ ਕਾਨੂੰਨੀ ਗਾਰੰਟੀ ਲਈ ਵੀ ਹੈ। ਕਿਸਾਨਾਂ ਦੀ ਇਹ ਅਹਿਮ ਮੰਗ ਅਜੇ ਲਟਕ ਰਹੀ ਹੈ। ਇਵੇਂ ਹੀ ਬਿਜਲੀ ਸੋਧ ਬਿੱਲ ਨੂੰ ਵਾਪਸ ਲੈਣਾ ਵੀ ਹੈ। SKM ਸਾਰੀਆਂ ਗਤੀਵਿਧੀਆਂ ਨੂੰ ਨੋਟ ਕਰੇਗਾ, ਜਲਦੀ ਹੀ ਆਪਣੀ ਮੀਟਿੰਗ ਰੱਖੇਗਾ ਅਤੇ ਅਗਲੇ ਫੈਸਲਿਆਂ ਦਾ ਐਲਾਨ ਕਰੇਗਾ।
ਜ਼ਿਕਰਯੋਗ ਹੈ ਕਿ ਗੁਰਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਤਿੰਨੋਂ ਖੇਤੀ ਕਾਨੂੰਨ ਬਿੱਲ ਵਾਪਸ ਲੈ ਲਵੇਗੀ ਅਤੇ ਆਉਣ ਵਾਲੇ ਸੰਸਦ ਸੈਸ਼ਨ ਵਿੱਚ ਇਸ ਸਬੰਧੀ ਲੋੜੀਂਦੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਕੇਂਦਰ ਸਰਕਾਰ ਇਸ ਲਈ ਇੱਕ ਕਮੇਟੀ ਬਣਾਏਗੀ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਕਿਸਾਨਾਂ ਦੇ ਵਰਗ ਨੂੰ ਨਹੀਂ ਸਮਝ ਸਕੀ ਅਤੇ ਮੈਂ ਦੇਸ਼ ਵਾਸੀਆਂ ਤੋਂ ਮੁਆਫੀ ਮੰਗਦਾ ਹਾਂ ਕਿ ਸਾਡੇ ਆਪਣੇ ਯਤਨਾਂ ਵਿੱਚ ਜ਼ਰੂਰ ਕੋਈ ਕਮੀ ਰਹਿ ਗਈ ਹੈ। ਪੀਐਮ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕਿਹਾ ਕਿ ਗੁਰਪੁਰਬ ਦੇ ਮੌਕੇ 'ਤੇ ਤੁਸੀਂ ਆਪਣੇ ਘਰ ਅਤੇ ਖੇਤ ਪਰਤ ਜਾਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural law, Farmers Protest, Minimum support price (MSP)