ਪੰਜਾਬ ਸਰਕਾਰ ਨਾਲ ਸਬੰਧਤ ਕਿਸਾਨੀ ਮੰਗਾਂ ਪੂਰੀਆਂ ਕਰਾਉਣ ਲਈ 20 ਦਸੰਬਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਿੰਨੀ ਸੈਕਟ੍ਰੀਏਟ ਬਠਿੰਡਾ ਅੱਗੇ ਚੱਲ ਰਹੇ ਕਿਸਾਨ ਮੋਰਚੇ ਦੇ ਅੱਜ ਤੀਜੇ ਦਿਨ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਲਾਬੀ ਸੁੰਡੀ ਕਾਰਨ ਤਬਾਹ ਹੋਈ ਨਰਮੇ ਦੀ ਫਸਲ ਦਾ ਮੁਆਵਜਾ ਕਾਸਤਕਾਰ ਕਿਸਾਨਾਂ ਨੂੰ 17000 ਰੁਪਏ / ਏਕੜ ਅਤੇ ਇਸ ਦਾ 10% ਖੇਤ ਮਜਦੂਰਾਂ ਨੂੰ ਦਿਵਾਉਣ ,ਗੰਨਾ ਕਾਸਤਕਾਰ ਕਿਸਾਨਾਂ ਨੂੰ ਗੰਨੇ ਦਾ ਸਰਕਾਰ ਦੁਆਰਾ ਮਿਥਿਆ ਭਾਅ 360 ਰੁਪਏ / ਕੁਇੰਟਲ ਦਿਵਾਉਣ , ਖੇਤੀ ਕਾਨੂੰਨਾਂ ਦੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ /ਮਜਦੂਰਾਂ ਦੇ ਪਰਿਵਾਰਾਂ ਰਹਿੰਦਾ 5 - 5 ਲੱਖ ਰੁਪਏ ਦਾ ਮੁਆਵਜਾ ਤੁਰੰਤ ਦਿਵਾਉਣ , ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਗਏ ਕਿਸਾਨਾਂ ਮਜ਼ਦੂਰਾਂ ਦੇ ਪੀੜਤ ਪਰਿਵਾਰਾਂ ਨੂੰ ਤਿੰਨ - ਤਿੰਨ ਲੱਖ ਰੁਪਏ ਦਾ ਮੁਆਵਜਾ ,ਇੱਕ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਸਾਰਾ ਕਰਜ਼ਾ ਖ਼ਤਮ ਕਰਵਾਉਣ ਲਈ ,5 ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਕਰਜ਼ੇ ਅਜਿਹੇ ਸਾਰੇ ਕਿਸਾਨਾਂ ਦੇ ਮਾਫ਼ ਕਰਵਾਉਣ ਸਮੇਤ ਕਿਸਾਨਾਂ ਦਾ ਸਮੁੱਚਾ ਕਰਜ਼ਾ ਖਤਮ ਕਰਵਾਉਣ ,ਅੰਦੋਲਨਕਾਰੀ ਕਿਸਾਨਾਂ ਸਿਰ ਮੜ੍ਹੇ ਸਾਰੇ ਪੁਲਿਸ ਕੇਸ ਤੁਰੰਤ ਰੱਦ ਕਰਵਾਉਣ ,ਸਮੈਕ ਚਿੱਟੇ ਵਰਗੇ ਨਸ਼ਿਆਂ ਦੇ ਵਧ ਰਹੇ ਪ੍ਰਕੋਪ ਨੂੰ ਠੱਲ੍ਹ ਪਾਉਣ ,ਬੇਰੁਜ਼ਗਾਰੀ ਦੇ ਹੱਲ,ਜ਼ਿਲ੍ਹਾ ਮਾਨਸਾ ਵਿੱਚ ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ ਕਰਨ ਵਾਲੇ ਡੀ ਐੱਸ ਪੀ ਨੂੰ ਤੁਰੰਤ ਬਰਖਾਸਤ ਕਰਵਾਉਣ ਅਤੇ ਉਸ ਖ਼ਿਲਾਫ਼ ਪਰਚਾ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਕੱਲ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੂਬਾ ਕਮੇਟੀ ਨਾਲ ਚੰਡੀਗਡ਼੍ਹ ਵਿਖੇ ਮੀਟਿੰਗ ਹੋਵੇਗੀ ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕੱਲ੍ਹ ਨੂੰ ਕਿਸਾਨਾਂ ਦੀਆਂ ਮੰਗਾਂ ਫੌਰੀ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ । ਉਨ੍ਹਾਂ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਨੂੰ ਅਪੀਲ ਕੀਤੀ ਕਿ ਕੱਲ੍ਹ ਨੂੰ ਵੱਡੀ ਗਿਣਤੀ ਵਿਚ ਮੋਰਚਿਆਂ ਚ ਸ਼ਾਮਲ ਹੋਣ ।
ਉਨ੍ਹਾਂ ਆਪਣੇ ਭਾਸ਼ਨ ਦੌਰਾਨ ਜ਼ੋਰਦਾਰ ਕਿਸਾਨਾਂ ਮਜ਼ਦੂਰਾਂ ਨੂੰ ਦਿੱਲੀ ਮੋਰਚੇ ਦੀ ਜਿੱਤ ਦੀ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਪਣੀ ਭਾਈਚਾਰਕ ਸਾਂਝ ਏਕਤਾ ਬਣਾਈ ਰੱਖਣ ਕਿਉਂਕਿ ਵੋਟਾਂ ਵੱਡੀ ਪੱਧਰ ਤੇ ਸਾਡੀ ਭਾਈਚਾਰਕ ਸਾਂਝ ਨੂੰ ਤੋੜਦੀਆਂ ਹਨ । ਸਾਡੀਆਂ ਮੰਗਾਂ ਮਸਲਿਆਂ ਦਾ ਹੱਲ ਇਨ੍ਹਾਂ ਵੋਟ ਪਾਰਟੀਆਂ ਤੋਂ ਝਾਕ ਛੱਡ ਕੇ ਵੱਡਾ ਏਕੇ ਅਤੇ ਸੰਘਰਸ਼ ਹੀ ਹਨ । ਅੱਜ ਦੀ ਸਟੇਜ ਤੋਂ ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ ਵੱਲੋਂ ਨੁੱਕੜ ਨਾਟਕ "ਹੱਕ ਕਿਸਾਨਾਂ ਦੇ" ਖੇਡਿਆ ਗਿਆ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।