
ਖਰਾਬ ਫਸਲ ਦੇ ਮੁਆਵਜ਼ੇ ਲਈ ਕਿਸਾਨਾਂ ਵੱਲੋਂ ਧਰਨਾ, ਰੋੜ ਜਾਮ ਕਰਕੇ ਕੀਤੀ ਨਾਅਰੇਬਾਜ਼ੀ
Munish Garg
ਤਲਵੰਡੀ ਸਾਬੋ: ਗੁਲਾਬੀ ਸੁੰਡੀ ਕਰਕੇ ਖਰਾਬ ਹੋਈ ਨਰਮੇ ਦੀ ਫਸਲ ਦੇ ਮੁਆਵਜੇ ਲਈ ਅੱਜ ਸੈਂਕੜੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਤਲਵੰਡੀ ਸਾਬੋ ਦੇ ਗੁਰੂ ਰਵੀਦਾਸ ਚੌਕ ਵਿੱਚ ਧਰਨਾ ਲਗਾ ਕੇ ਬਠਿੰਡਾ ਦਿੱਲੀ ਹਾਈਵੇ ਜਾਮ ਕਰ ਦਿੱਤਾ।
ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ, ਜਿਥੇ ਕਿਸਾਨਾਂ ਨੇ ਮੁਆਵਜਾ ਨਾ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ, ਉਥੇ ਹੀ ਚੌਕ ਨੂੰ ਟਿਕਰੀ ਬਾਰਡਰ ਬਣਾਉਣ ਲਈ ਪਿੰਡਾਂ ਵਿੱਚ ਸੁਨੇਹੇ ਭੇਜਣੇ ਸ਼ਰੂ ਕਰ ਦਿੱਤੇ।
ਦੱਸਣਾ ਬਣਦਾ ਹੈ ਕਿ ਮਾਲਵੇ ਅੰਦਰ ਗੁਲਾਬੀ ਸੁੰਡੀ ਕਰਕੇ ਕਿਸਾਨਾਂ ਦੀ ਨਰਮੇ ਦੀ ਫਸਲ ਬਿਲਕੁਲ ਤਬਾਹ ਹੋ ਗਈ ਸੀ ਤੇ ਕਿਸਾਨਾਂ ਦੇ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 17 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਦਾ ਐਲਾਨ ਕਰ ਦਿੱਤਾ ਸੀ, ਪਰ ਕਿਸਾਨਾਂ ਨੂੰ ਮੁਆਵਜਾ ਨਹੀਂ ਦਿੱਤਾ ਗਿਆਂ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਮੁਆਵਜੇ ਦੀ ਮੰਗ ਨੂੰ ਲੈ ਕੇ ਬੀਤੀ 20 ਜਨਵਰੀ ਤੋਂ ਐਸਡੀਐਮ ਦਫਤਰ ਅੱਗੇ ਧਰਨਾ ਲਗਾਇਆਂ ਹੋਇਆ ਸੀ, ਪਰ ਕੋਈ ਹੱਲ ਨਾ ਹੁੰਦਾ ਦੇਖ ਕਿਸਾਨਾਂ ਨੇ ਦੁਪਿਹਰ ਤੋਂ ਬਾਅਦ ਤਲਵੰਡੀ ਸਾਬੋ ਦੇ ਗੁਰੂ ਰਵੀਦਾਸ ਚੌਕ ਵਿੱਚ ਧਰਨਾ ਲਗਾ ਕੇ ਬਠਿੰਡਾ ਦਿੱਲੀ ਹਾਈਵੇ ਜਾਮ ਕਰ ਦਿੱਤਾ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਦੇਵ ਸਿੰਘ ਜੋਗੇਵਾਲਾ ਅਤੇ ਮੋਹਨ ਸਿੰਘ ਚੱਠੇਵਾਲਾ ਨੇ ਕਿਹਾ ਕਿ ਪਹਿਲਾਂ ਆਪਣੀ ਮੰਗ ਮਨਵਾੳਣ ਲਈ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਘਿਰਾਉ ਕੀਤਾ ਸੀ, ਤੇ ਫਿਰ ਜਦੋਂ ਪਿੰਡਾਂ ਵਿੱਚ ਕਾਂਗਰਸ ਦੇ ਲੀਡਰਾਂ ਨੂੰ ਘੇਰ ਕੇ ਸਵਾਲ ਕੀਤੇ ਤਾਂ ਫਿਰ ਚੰਨੀ ਸਰਕਾਰ ਨੇ ਮੁਆਵਜੇ ਵਿੱਚ ਵਾਧਾ ਕੀਤਾ।
ਉਹਨਾਂ ਦੱਸਿਆ ਕਿ ਪਹਿਲਾਂ ਸਰਕਾਰ ਨੇ ਧਰਨੇ ਲਗਾਉਣ ਤੋਂ ਬਾਅਦ ਡੀਸੀ ਦੇ ਖਾਤੇ ਵਿੱਚ ਮੁਆਵਜੇ ਦੀ ਰਾਸ਼ੀ ਪਾਈ ਤੇ ਹੁਣ ਐਸਡੀਐਮ ਦੇ ਖਾਤੇ ਵਿੱਚ ਵਿੱਚ ਪਾਈ ਮੁਆਵਜੇ ਦੀ ਰਾਸ਼ੀ ਕਿਸਾਨਾਂ ਨੂੰ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਸੰਘਰਸ਼ ਕੀਤਾ ਜਾ ਰਿਹਾ ਹੈ।
ਕਿਸਾਨਾਂ ਨੇ ਕਿਹਾ ਕਿ ਜਿੰਨਾ ਸਮਾਂ ਉਹਨਾਂ ਨੂੰ ਮੁਆਵਜਾ ਵੰਡਣਾ ਸ਼ੁੁਰੂ ਨਹੀ ਕੀਤਾ ਜਾਂਦਾ, ਸੰਘਰਸ਼ ਜਾਰੀ ਰਹੇਗਾ। ਕਿਸਾਨ ਆਗੂਆਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਇੱਕ ਵਾਰ ਕਿਸਾਨਾਂ ਨੇ ਧਰਨਾ ਚੁੱਕ ਕੇ ਮੁੜ ਐਸਡੀਐਮ ਦਫਤਰ ਅੱਗੇ ਧਰਨਾ ਲਗਾ ਦਿੱਤਾ ਹੈ। ਬਲਾਕ ਪ੍ਰਧਾਨ ਬਿੰਦਰ ਸਿੰਘ ਜੋਗੇਵਾਲਾ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਜਲਦੀ ਮੁਆਵਜਾ ਵੰਡਣ ਦਾ ਪੱਤਰ ਦੇਣ ਦਾ ਭਰੋਸਾ ਦੇ ਰਹੇ ਹਨ ਜੇ ਉਹਨਾਂ ਨੂੰ ਪੱਤਰ ਨਾ ਦਿੱਤਾ ਤਾਂ ਸਵੇਰ ਸਮੇਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।