Home /News /punjab /

ਬਠਿੰਡਾ ਵਿਚ ਵੱਖ-ਵੱਖ ਟੋਲ ਪਲਾਜ਼ਿਆਂ 'ਤੇ ਕਿਸਾਨਾਂ ਨੇ 'ਜੇਤੂ ਜਸ਼ਨ ਤੇ ਸਵਾਗਤੀ ਰੈਲੀ' ਕੀਤੀ  

ਬਠਿੰਡਾ ਵਿਚ ਵੱਖ-ਵੱਖ ਟੋਲ ਪਲਾਜ਼ਿਆਂ 'ਤੇ ਕਿਸਾਨਾਂ ਨੇ 'ਜੇਤੂ ਜਸ਼ਨ ਤੇ ਸਵਾਗਤੀ ਰੈਲੀ' ਕੀਤੀ  

(ਫਾਇਲ ਫੋਟੋ)

(ਫਾਇਲ ਫੋਟੋ)

  • Share this:

Suraj Bhan

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਅੱਜ ਟੋਲ ਪਲਾਜ਼ਾ ਲਹਿਰਾ ਬੇਗਾ ਅਤੇ ਜੀਦਾ ਵਿਖੇ "ਜੇਤੂ ਜਸ਼ਨ ਅਤੇ ਸਵਾਗਤੀ ਰੈਲੀ" ਕੀਤੀ ਗਈ ਜਿਸ ਵਿਚ ਹਜ਼ਾਰਾਂ  ਕਿਸਾਨਾਂ ,ਮਜ਼ਦੂਰਾਂ , ਔਰਤਾਂ ਅਤੇ ਸਭ ਕਿਰਤੀ ਵਰਗ ਦੇ ਲੋਕਾਂ ਨੇ ਪਹੁੰਚ ਕੇ ਜਸ਼ਨ ਮਨਾਏ ।

ਅੱਜ ਇਤਿਹਾਸਕ ਘੋਲ ਦੀ ਜਿੱਤ ਨਾਲ ਬੁਲੰਦ ਹੋਏ ਹੌਸਲਿਆਂ ਨਾਲ ਕਿਸਾਨਾਂ ਮਜ਼ਦੂਰਾਂ ਵਿਚ ਆਪਣੀਆਂ ਬੁਨਿਆਦੀ ਮੰਗਾਂ ਦੀ ਪੂਰਨ ਪ੍ਰਾਪਤੀ ਲਈ ਜੋਸ਼ ਡੁੱਲ੍ਹ ਡੁੱਲ੍ਹ ਪੈਂਦਾ ਸੀ। ਸਟੇਜ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦੇਣ ਤੋਂ ਬਾਅਦ ਪੰਡਾਲ ਵਿਚ ਹਾਜਰ ਲੋਕਾਂ ਉਤੇ ਫੁੱਲਾਂ ਦੀ ਵਰਖਾ ਕੀਤੀ ਗਈ।

ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ  ਪੰਡਾਲ ਵਿੱਚ ਸ਼ਾਮਲ ਕਿਰਤੀ ਲੋਕਾਂ ਨੂੰ ਜਿੱਤ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਹਿਲਾਂ ਪੰਜਾਬ ਤੇ ਫਿਰ  ਦਿੱਲੀ ਮੋਰਚਾ ਲਾਉਣ ਲਈ ਹਰਿਆਣਾ ਸਰਕਾਰ ਵੱਲੋਂ ਕੀਤੀਆਂ ਗਈਆਂ ਵੱਡੀਆਂ ਰੋਕਾਂ ਨੂੰ ਤੋੜਦੇ ਹੋਏ ਇਕ ਸਾਲ ਪੰਦਰਾਂ ਦਿਨ ਸਰਕਾਰ ਦੀਆਂ ਮੋਰਚੇ ਵਿਰੋਧੀ ਚਾਲਾਂ , ਕੁਦਰਤ ਵੱਲੋਂ ਮੀਂਹ, ਤੂਫਾਨ, ਠੰਢ, ਗਰਮੀ ਦਾ ਸਾਹਮਣਾ ਕਰਦੇ ਹੋਏ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ।

ਉਨ੍ਹਾਂ ਇਸ ਘੋਲ ਦੇ ਸਬਕਾਂ ਤੋਂ ਪ੍ਰੇਰਨਾ ਲੈਂਦੇ ਹੋਏ ਇਸ ਨੂੰ ਹੋਰ ਮਘਦਾ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਘੋਲ ਕਿਸਾਨ ਮੋਰਚੇ ਨੂੰ ਵੋਟ ਪਾਰਟੀਆਂ ਤੋਂ ਦੂਰ ਰੱਖਣਾ ਅਤੇ ਧਾਰਮਿਕ ਮੋਰਚਾ ਨਾ ਬਣਨ ਦੇਣਾ ਜਿੱਤ ਦਾ ਇੱਕ ਮੁੱਖ ਕਾਰਨ ਹੈ। ਉਨ੍ਹਾਂ ਸਮੂਹ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੰਗਾਂ ਮਸਲਿਆਂ ਨੂੰ ਵੋਟ ਪਾਰਟੀਆਂ ਤੋਂ ਝਾਕ ਛੱਡ ਕੇ ਆਪਣੇ ਏਕੇ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹੋਏ  ਸੰਘਰਸ਼ ਉਤੇ ਟੇਕ ਰੱਖਣ।

ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਅਤੇ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਭਾਵੇਂ ਖੇਤੀ ਕਾਨੂੰਨ ਵਾਪਸ ਲੈ ਲਏ ਹਨ ਪਰ ਹਾਲੇ ਵੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ- ਪੁਲਿਸ ਕੇਸਾਂ ਦੀ ਵਾਪਸੀ, ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ , ਬਿਜਲੀ ਸੋਧ ਕਾਨੂੰਨ ਪਹਿਲਾਂ ਰੱਦ ਕਰਵਾਉਣਾ, ਸਾਰੀਆਂ ਫ਼ਸਲਾਂ  ਦਾ ਐਮਐਸਪੀ ਤੇ ਸਰਕਾਰੀ ਖਰੀਦ ਦੀ ਗਰੰਟੀ ਕਰਨਾ ਅਤੇ ਜਨਤਕ ਵੰਡ ਪ੍ਰਣਾਲੀ ਰਾਹੀਂ  ਸਾਰੇ ਦੇਸ਼ ਦੇ ਗ਼ਰੀਬ ਲੋਕਾਂ ਨੂੰ ਅਨਾਜ ਤੇ ਲੋੜੀਂਦੀਆਂ ਵਸਤਾਂ ਦੇਣ ਦੀ ਗਰੰਟੀ ਕਰਨਾ ਆਦਿ ਪੂਰੀਆਂ ਕਰਵਾਉਣੀਆਂ ਬਾਕੀ ਹਨ।

ਔਰਤ ਜੱਥੇਬੰਦੀ ਦੇ ਆਗੂ ਪਰਮਜੀਤ ਕੌਰ ਪਿੱਥੋ ਨੇ ਔਰਤਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਇਤਿਹਾਸਕ ਘੋਲ ਦੀ ਜਿੱਤ ਵਿੱਚ ਔਰਤਾਂ ਦਾ ਅਹਿਮ ਯੋਗਦਾਨ ਰਿਹਾ ਹੈ। ਜ਼ਿਲ੍ਹਾ ਜਨਰਲ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਅੱਜ ਜ਼ਿਲ੍ਹੇ ਵਿੱਚੋਂ ਬੈਸਟ ਪ੍ਰਾਈਜ਼ ਭੁਚੋਮੰਡੀ, ਰਿਲਾਇੰਸ ਮਾਲ ਬਠਿੰਡਾ ਅਤੇ ਰਿਲਾਇੰਸ ਪੰਪ ਰਾਮਪੁਰਾ ਤੋਂ ਮੋਰਚੇ ਸਮਾਪਤ ਕਰ ਦਿੱਤੇ ਹਨ, ਜਿੰਨਾ ਚਿਰ ਟੋਲ ਪਲਾਜ਼ਿਆਂ ਵੱਲੋਂ ਪੁਰਾਣੇ ਰੇਟ ਤੇ ਟੋਲ ਬਹਾਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਮੋਰਚੇ  ਜਾਰੀ ਰਹਿਣਗੇ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਵੇਲੇ ਕੀਤੇ ਕਰਜ਼ੇ ਮੁਆਫੀ ਦੇ ਵਾਅਦੇ, ਕਿਸਾਨਾਂ ਮਜ਼ਦੂਰਾਂ ਨੂੰ ਨਰਮੇ ਦੇ ਮੁਆਵਜ਼ੇ, ਬੇਰੁਜ਼ਗਾਰਾਂ ਨੂੰ ਰੁਜ਼ਗਾਰ, ਗੰਨਾ ਕਾਸ਼ਤਕਾਰਾਂ ਨੂੰ ਸਰਕਾਰ ਵੱਲੋਂ ਐਲਾਨਿਆ ਪੂਰਾ ਭਾਅ ਦਿਵਾਉਣਾ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਤਿੰਨ ਤਿੰਨ ਲੱਖ ਰੁਪਏ ਦਾ ਮੁਆਵਜ਼ਾ  ,ਸਰਕਾਰ ਵੱਲੋਂ ਪੰਜ ਏਕੜ ਤੱਕ ਦੇ ਮਾਲਕ ਕਿਸਾਨਾਂ ਨੂੰ ਦੋ ਦੋ ਲੱਖ ਰੁਪਏ ਦਾ ਕਰਜ਼ਾ ਮੁਆਫ ਕਰਨਾ ਆਦਿ ਦੇ ਮਸਲੇ ਤੇ 17  ਦਸੰਬਰ ਨੂੰ ਸੂਬਾ ਕਮੇਟੀ ਵੱਲੋਂ ਮੀਟਿੰਗ ਕਰਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।

Published by:Gurwinder Singh
First published:

Tags: Bathinda, Bharti Kisan Union, Farmers Protest, Kisan andolan, Punjab farmers