ਕੇਂਦਰ ਦੇ ਖੇਤੀ ਆਰਡੀਨੈਂਸਾਂ ਤੋਂ 'ਭਖੇ' ਹਜਾਰਾਂ ਕਿਸਾਨਾਂ ਨੇ ਮੱਲਿਆ 'ਬਾਦਲ ਕਿਆਂ ਦਾ ਵਿਹੜਾ'

News18 Punjabi | News18 Punjab
Updated: September 15, 2020, 9:07 PM IST
share image
ਕੇਂਦਰ ਦੇ ਖੇਤੀ ਆਰਡੀਨੈਂਸਾਂ ਤੋਂ 'ਭਖੇ' ਹਜਾਰਾਂ ਕਿਸਾਨਾਂ ਨੇ ਮੱਲਿਆ 'ਬਾਦਲ ਕਿਆਂ ਦਾ ਵਿਹੜਾ'
ਖੇਤੀ ਆਰਡੀਨੈਂਸ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਕਿਸਾਨ

  • Share this:
  • Facebook share img
  • Twitter share img
  • Linkedin share img
ਅਸ਼ਫਾਕ ਢੁੱਡੀ

ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਤਿੰਨ ਖੇਤੀ ਆਰਡੀਨੈਂਸ ਜਿੱਥੇ ਵਿਰੋਧੀ ਧਿਰਾਂ ਲਈ ਕੇਂਦਰ ਸਰਕਾਰ ਖਿਲਾਫ਼ ਮੋਰਚੇ ਖੋਲਣ ਦਾ ਜ਼ਰੀਆ ਬਣਰਹੇ ਹਨ ਉੱਥੇ ਹੀ ਬਾਦਲਕਿਆਂ ਲਈ 'ਮੂੰਹ 'ਚ ਕੋਹੜ ਕਿਰਲੀ' ਸਾਬਤ ਹੋ ਰਹੇ ਹਨ। ਇੱਕ ਪਾਸੇ ਬਾਦਲ ਪਰਿਵਾਰ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਕਿਸਾਨਾਂ ਦੇ 'ਮਸੀਹੇ' ਸਾਬਤ ਕਰਨ ਲਈ ਇਨਾਂ ਆਰਡੀਨੈਂਸਾਂ ਨੂੰ ਲੈਕੇ ਹਾਸੋਹੀਣੇ ਬਿਆਨ ਦਾਗੇ ਜਾ ਰਹੇ ਹਨ ਉੱਥੇ ਹੀ ਕੇਂਦਰ ਸਰਕਾਰ 'ਚ ਆਪਣਾ 'ਮੰਤਰੀਪੁਣਾ' ਬਚਾਉਣ ਲਈ ਇਸ ਦੇ ਹੱਕ 'ਚ ਵੋਟ ਪਾਉਣੀ ਪੈ ਰਹੀ ਹੈ। ਅੱਜ ਹਾਲਾਤ ਇਹ ਬਣ ਗਏ ਹਨ ਕਿ ਇਨਾਂ ਵੱਲੋਂ ਦੂਹਰੀ ਨੀਤੀ ਅਪਣਾਏ ਜਾਣ ਤੋਂ ਭਖੇ ਕਿਸਾਨਾਂ ਨੇ ਪੱਕੇ ਤੋਰ 'ਤੇ ਪੰਜ ਦਿਨਾਂ ਲਈ ਬਾਦਲਕਿਆਂ ਦਾ 'ਵਿਹੜਾ' ਆ ਮੱਲਿਆ ਹੈ।

ਇਸ ਆਰਡੀਨੈਂਸ ਨੂੰ ਲੈਕੇ ਜਿੱਥੇ ਸੂਬੇ ਭਰ ਵਿੱਚ ਕਿਸਾਨਾਂ ਵੱਲੋਂ ਰੋਸ ਧਰਨੇ ਲਾਏ ਗਏ ਉੱਥੇ ਹੀ ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਉਨਾਂ ਦੀ ਰਿਹਾਇਸ਼ ਦਾ 'ਬੂਹਾ' ਮੱਲਣ ਲਈ 11 ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਹਜਾਰਾਂ ਦੀ ਗਿਣਤੀ 'ਚ ਤੁਰੇ ਰੋਹ ਭਰੇ ਕਿਸਾਨਾਂ ਦੇ ਕਾਫਲੇ ਨੇ ਸਰਕਾਰੀ ਤੰਤਰ ਨੂੰ ਗੋਡੇ ਟੇਕਣ ਲਈ ਅੱਜ ਉਸ ਵਕਤ ਮਜ਼ਬੂਰ ਕਰ ਦਿੱਤਾ ਜਦ ਪਿੰਡ ਕਾਲਝਰਾਣੀ ਵਿਖੇ ਪਿੰਡ ਬਾਦਲ ਨਾਲ ਲਗਦੀ ਹੱਦ 'ਤੇ ਪਹਿਲਾਂ ਤੋਂ ਮੌਜੂਦ ਵੱਡੀ ਗਿਣਤੀ ਪੁਲਿਸ ਅਮਲੇ ਨੇ ਉਨਾਂ ਨੂੰ ਰੋਕਣ ਦਾ ਹਰ ਹੀਲਾ ਵਰਤਿਆ। ਪਰ ਲਗਭਗ ਅੱਧੇ ਘੰਟੇ ਦੀ ਜੱਦੋ ਜਹਿਦ ਉਪਰੰਤ ਜਿੱਥੇ ਪੁਲਿਸ ਤੇ ਕਿਸਾਨਾਂ ਵਿਚਕਾਰ ਲਗਾਤਾਰ ਪੰਜ ਦਿਨ ਧਰਨਾ ਲਾਉਣ ਲਈ ਪਿੰਡ ਬਾਦਲ ਦੀ ਦਾਣਾ ਮੰਡੀ ਲਈ ਸਹਿਮਤੀ ਬਣੀ ਉੱਥੇ ਹੀ ਕਿਸਾਨਾਂ ਦੇ ਵਲਵਲਿਆਂ ਨੂੰ ਵੇਖਦਿਆਂ ਪੁਲਿਸ ਪ੍ਰਸ਼ਾਸ਼ਨ ਵੱਲੋਂ ਧਰਨਾਕਾਰੀਆਂ ਨੂੰ ਸ੍ਰ ਬਾਦਲ ਦੀ ਜੱਦੀ ਰਿਹਾਇਸ਼ ਅੱਗੇ ਵੀ ਦੋ ਘੰਟੇ ਲਈ ਰੋਸ ਮੁਜਾਹਰਾ ਕਰਨ ਦੇਣ ਲਈ ਝੁਕਣਾ ਪਿਆ।  ਪਿੰਡ ਬਾਦਲ ਵਿਖੇ ਲਗਾਤਾਰ ਲਾਇਆ ਜਾਣ ਵਾਲਾ ਇਹ ਧਰਨਾ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾਈ ਆਗੂ ਸ਼ਿੰਗਾਰਾ ਸਿੰਘ ਮਾਨ ਅਤੇ ਮਹਿਲਾ ਆਗੂ ਹਰਿੰਦਰ ਕੌਰ ਬਿੰਦੂ ਅਤੇ ਬਲਾਕ ਲੰਬੀ ਦੇ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਅਤੇ ਚੌਥਾ 2020 ਬਿਜ਼ਲੀ ਐਕਟ ਪਾਸ ਕੀਤਾ ਗਿਆ ਹੈ ਜੋਕਿ ਕਿਸਾਨ ਮਾਰੂ ਫੈਸਲੇ ਹਨ। ਇਸ ਤੋਂ ਇਲਾਵਾ ਹੋਰ ਵੀ ਹਮਲੇ ਹਨ ਜੋਕਿ ਸੂਬਾ ਹੀ ਨਹੀਂ ਦੇਸ਼ ਭਰ ਦੇ ਕਿਰਤੀ ਲੋਕਾਂ ਖਿਲਾਫ਼ ਵਿੱਢੇ ਗਏ ਹਨ। ਇਸ ਦੇ ਖਿਲਾਫ ਉਨਾਂ ਦੀ ਜਥੇਬੰਦੀ ਵੱਲੋਂ 2 ਥਾਈ ਮੋਰਚੇ ਲਾਉਣ ਦਾ ਫੈਸਲਾ ਲਿਆ ਗਿਆ ਸੀ, ਇੱਕ ਤਾਂ ਬਾਦਲਾਂ ਦੇ ਘਰ ਅੱਗੇ ਤੇ ਦੂਸਰਾ ਪੁੱਡਾ ਗਰਾਉਂਡ ਪਟਿਆਲਾ ਵਿਖੇ। ਦੋਨੋਂ ਮੌਰਚੇ ਅੱਜ ਤੋਂ ਆਰੰਭ ਦਿੱਤੇ ਗਏ ਹਨ। ਬਾਦਲ ਵਾਲੇ ਮੋਰਚੇ ਲਈ ਵੱਡੀ ਜੱਦੋ ਜਹਿਦ ਕਰਨੀ ਪਈ ਕਿਉਂਕਿ ਇਨਾਂ ਵੱਲੋਂ ਰੋਕਾਂ ਖੜੀਆਂ ਕੀਤੀਆਂ ਗਈਆਂ ਸਨ। ਪਰ ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਏ ਹਨ। ਦੋਹਾਂ ਮੌਰਚਿਆਂ 'ਤੇ ਕਰੀਬ ਪੰਜ ਪੰਜ ਜਿਲਿਆਂ ਤੋਂ ਕਿਸਾਨਾਂ ਨੇ ਹਜਾਰਾਂ ਦੀ ਗਿਣਤੀ 'ਚ ਸ਼ਮੂਲੀਅਤ ਕੀਤੀ ਹੈ। ਮਹਿਲਾ ਆਗੂ ਹਰਿੰਦਰ ਕੌਰ ਬਿੰਦੂ ਨੇ ਬੋਲਦਿਆਂ ਕਿਹਾ ਕਿ ਅੱਜ ਉਹ ਬਾਦਲ ਪਰਿਵਾਰ ਦੀ ਜੱਦੀ ਰਿਹਾਇਸ਼ ਅੱਗੇ ਛੇ ਦਿਨ ਲਈ ਮੋਰਚਾ ਆਰੰਭਣ ਲਈ ਆਏ ਹਨ। ਪਟਿਆਲਾ ਵਿਖੇ ਪੰਜਾਬ ਸਰਕਾਰ ਵੱਲੋਂ ਨਾ ਪੂਰੇ ਕੀਤੇ ਜਾਣ ਵਾਲੇ ਵਾਅਦਿਆਂ ਜਿਵੇਂ ਕਿਸਾਨਾਂ ਦੀ ਕਰਜ਼ਾ ਮੁਆਫੀ, ਕੁਰਕੀਆਂ ਖਤਮ, ਫਸਲਾਂ ਦੀ ਪੂਰੀ ਅਦਾਇਗੀ, ਨੋਜਵਾਨਾਂ ਨੂੰ ਰੁਜਗਾਰ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜਾ ਆਦਿ ਨੂੰ ਲੈਕੇ ਪੰਜਾਬ ਸਰਕਾਰ ਖਿਲਾਫ਼ ਮੌਰਚਾ ਵਿੱਢਿਆ ਗਿਆ ਹੈ। ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ 'ਚ ਬੋਲਣ ਅਤੇ ਅਕਾਲੀ ਦਲ ਵੱਲੋਂ ਕਿਸੇ ਵੀ ਕੁਰਬਾਨੀ ਲਈ ਤਿਆਰ ਰਹਿਣ ਦੇ ਐਲਾਨ ਸਬੰਧੀ ਕੀਤੇ ਸਵਾਲ 'ਤੇ ਬੋਲਦਿਆਂ ਉਨਾਂ ਬਾਦਲ ਪਰਿਵਾਰ ਅਤੇ ਕੈਪਟਨ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਪਰਿਵਾਰ ਦੇ ਤਿੰਨੋਂ ਜੀਅ ਹੁਣ ਤੱਕ ਤਾਂ ਇਹੀ ਕਹਿੰਦੇ ਆ ਰਹੇ ਹਨ ਕਿ ਇਹ ਤਿੰਲੋਂ ਆਰਡੀਨੈਂਸ ਕਿਸਾਨਾਂ ਦੇ ਹੱਕ ਵਿੱਚ ਹਨ ਤੇ ਕਿਸਾਨਾਂ ਨੂੰ ਫਾਇਦਾ ਪਹੁੰਚਾਉਣਗੇ। ਇਸ ਤਰਾਂ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਦਾ ਚਿਹਰਾ ਵੀ ਨੰਗਾ ਹੋ ਗਿਆ ਹੈ ਕਿਉਂਕਿ ਕਿਸਾਨ ਮਾਰੂ ਇੰਨਾਂ ਆਰਡੀਨੈਂਸਾਂ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਉੱਤਰੇ ਕਿਸਾਨਾਂ 'ਤੇ ਨਾ ਕੇਵਲ ਕੈਪਟਨ ਸਰਕਾਰ ਨੇ ਮਾਮਲੇ ਦਰਜ਼ ਕੀਤੇ ਬਲਕਿ ਕਈਂ ਥਾਈ 'ਡਾਗਾਂ' ਵੀ ਵਰਾਈਆਂ। ਉਨਾਂ ਕਿਹਾ ਕਿ ਬਾਦਲਕਿਆਂ ਨੇ ਜੋ 'ਯੂ ਟਰਨ' ਲਿਆ ਹੈ ਉਹ ਕੇਵਲ ਇਹ ਕਹਿ ਕੇ ਪੱਲਾ ਝਾੜ ਰਹੇ ਹਨ ਕਿ ਆਰਡੀਨੈਂਸ ਕਿਸਾਨਾਂ ਦੇ ਹੱਕ 'ਚ ਆਵੇ ਬਲਕਿ ਇਸ ਨੂੰ ਰੱਦ ਕਰਨ ਦੀ ਹਿਮਾਇਤ ਨਹੀਂ ਕਰ ਰਹੇ।

ਉਨਾਂ ਬਾਦਲ ਕੁਨਬੇ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਪਰਿਵਾਰ ਅਜੇ ਵੀ ਨਹੀਂ ਜਾਗਿਆ ਤੇ ਕਿਸਾਨਾਂ ਦੇ ਹੱਕ 'ਚ ਬੋਲਦਿਆਂ ਇਸ ਆਰਡੀਨੈਂਸ ਦਾ ਵਿਰੋਧ ਨਾ ਕੀਤਾ ਤਾਂ ਆਉਣ ਵਾਲੀਆਂ ਚੋਣਾਂ 'ਚ ਉਨਾਂ ਦਾ ਪੱਤਾ ਹੀ ਸਾਫ ਹੋ ਜਾਣਾ। ਪੰਜਾਬ ਦੇ ਲੋਕਾਂ ਨੇ ਉਨਾਂ ਨੂੰ ਕਦੇ ਮੁਆਫ ਨਹੀਂ ਕਰਨਾ। ਉਨਾਂ ਕਿਹਾ ਕੇਂਦਰ ਦੇ ਕਿਸਾਨ ਮਾਰੂ ਆਰਡੀਨੈਂਸਾਂ ਤੋਂ ਦੇਸ਼ ਭਰ ਦਾ ਕਿਸਾਨ ਜਿਸ ਤਰਾਂ 'ਉੱਬਲਿਆ' ਪਿਆ ਹੈ, ਉਸ ਵੱਜੋਂ ਆਉਣ ਵਾਲੇ ਨਤੀਜੇ ਇਨਾਂ ਦੇ ਹੱਕ ਵਿੱਚ ਨਹੀਂ ਜਾਣਗੇ। ਉਨਾਂ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ 'ਤੇ ਦੋਸ਼ ਮੜਦਿਆਂ ਕਿਹਾ ਕਿ ਇਹ ਸਭ ਸਾਮਰਾਜੀ ਨੀਤੀਆਂ ਲਾਗੂ ਕਰਦਿਆਂ ਕਿਸਾਨਾਂ, ਮਜ਼ਦੂਰਾਂ ਦੇ ਹਿੱਤਾਂ ਤੇ ਹੱਕਾਂ ਦਾ ਘਾਣ ਕਰਦੀਆਂ ਹਨ। ਉਨਾਂ ਕਿਹਾ ਕਿ ਆਉਂਦੀ 20 ਤਾਰੀਕ ਤੱਕ ਇੱਥੇ ਪੱਕਾ ਮੋਰਚਾ ਲਾਉਣਗੇ ਤੇ ਜੇਕਰ ਇਹ 'ਕੁਨਬਾ' ਫੇਰ ਵੀ ਨਾ ਜਾਗਿਆ ਤਾਂ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਏਗੀ।

ਉੱਧਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਵੀ ਪਿੰਡ ਬਾਦਲ ਦੇ ਆਲੇ ਦੁਆਲੇ ਅਤੇ ਬਾਦਲ ਪਰਿਵਾਰ ਦੀ ਰਿਹਾਇਸ਼ ਦੇ ਚਹੁੰ ਪਾਸੇ ਬੇਹੱਦ ਸਖਤ ਨਾਕੇਬੰਦੀ ਕੀਤੀ ਗਈ ਹੈ। ਮੌਕੇ 'ਤੇ ਪੁੱਜੇ ਮਲੋਟ ਦੇ ਉਪ ਪੁਲਿਸ ਕਪਤਾਨ ਭੁਪਿੰਦਰ ਸਿੰਘ ਨੈ ਕਿਹਾ ਕਿ ਕਿਸਾਨਾਂ ਨੂੰ ਦੋ ਘੰਟੇ ਤੱਕ ਬਾਦਲ ਪਰਿਵਾਰ ਦੀ ਰਿਹਾਇਸ਼ ਮੂਹਰੇ ਪ੍ਰਦਰਸ਼ਨ ਕਰਨ ਮਗਰੋਂ ਦਾਣਾ ਮੰਡੀ ਬਾਦਲ ਵਿਖੇ ਧਰਨਾ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ।
Published by: Ashish Sharma
First published: September 15, 2020, 9:02 PM IST
ਹੋਰ ਪੜ੍ਹੋ
ਅਗਲੀ ਖ਼ਬਰ