• Home
  • »
  • News
  • »
  • punjab
  • »
  • FARMERS ORGANIZATIONS REJECTED THE ANNOUNCEMENT OF LOW COMPENSATION FOR THE AFFECTED FARMERS

ਗੁਲਾਬੀ ਸੁੰਡੀ ਪੀੜਤ ਕਿਸਾਨਾਂ ਲਈ ਐਲਾਨਿਆ ਨਿਗੂਣਾ ਮੁਆਵਜ਼ਾ ਮਤਾ ਪਾ ਕੇ ਰੱਦ ਕੀਤਾ

ਗੁਲਾਬੀ ਸੁੰਡੀ ਪੀੜਤ ਕਿਸਾਨਾਂ ਲਈ ਐਲਾਨਿਆ ਨਿਗੂਣਾ ਮੁਆਵਜ਼ਾ ਮਤਾ ਪਾ ਕੇ ਰੱਦ ਕੀਤਾ

ਗੁਲਾਬੀ ਸੁੰਡੀ ਪੀੜਤ ਕਿਸਾਨਾਂ ਲਈ ਐਲਾਨਿਆ ਨਿਗੂਣਾ ਮੁਆਵਜ਼ਾ ਮਤਾ ਪਾ ਕੇ ਰੱਦ ਕੀਤਾ

  • Share this:
    ਆਸ਼ੀਸ਼ ਸ਼ਰਮਾ

    ਬਰਨਾਲਾ: ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 396ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।

    ਬੁਲਾਰਿਆਂ ਨੇ ਅੱਜ ਪੰਜਾਬ ਸਰਕਾਰ ਵੱਲੋਂ ਗੁਲਾਬੀ ਸੁੰਡੀ ਪੀੜਤ ਕਿਸਾਨਾਂ ਲਈ ਐਲਾਨੇ ਮੁਆਵਜ਼ੇ ਵਿਰੁੱਧ ਮਤਾ ਪਾਸ ਕਰਕੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਆਗੂਆਂ ਨੇ ਕਿਹਾ ਕਿ 32% ਤੱਕ ਨੁਕਸਾਨ,33-75% ਅਤੇ ਉਸ ਤੋਂ ਵੱਧ ਨੁਕਸਾਨ ਲਈ ਕਰਮਵਾਰ ਸਿਰਫ 2000 ਰੁਪਏ, 5400 ਅਤੇ 12000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਅਪਮਾਨਜਨਕ ਐਲਾਨ ਕੀਤਾ ਹੈ।

    ਕਿਸਾਨਾਂ ਦਾ ਪ੍ਰਤੀ ਏਕੜ 60000 ਰੁਪਏ ਤੋਂ ਵਧੇਰੇ ਖਰਚਾ ਹੋਇਆ ਹੈ। ਐਲਾਨੀ ਗਈ ਰਕਮ ਨਾਲ ਤਾਂ ਇਕੱਲੇ ਕੀਟ- ਨਾਸ਼ਕਾਂ ਦੇ ਖਰਚੇ ਦੀ ਵੀ ਪੂਰਤੀ ਨਹੀਂ ਹੁੰਦੀ। ਅਸੀਂ ਇਸ ਮੁਆਵਜ਼ੇ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ ਅਤੇ 60000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰਦੇ ਹਾਂ।

    ਅੱਜ ਬੁਲਾਰਿਆਂ ਨੇ ਟਿਕਰੀ ਬਾਰਡਰ ਦੇ ਰਸਤੇ ਖੋਲ੍ਹਣ ਦੇ ਘਟਨਾਕਰਮ ਬਾਰੇ ਵਿਸਥਾਰ ਵਿੱਚ ਦੱਸਿਆ। ਆਗੂਆਂ ਨੇ ਕਿਹਾ ਕਿ ਆਮ ਕੰਮਕਾਜੀ ਲੋਕਾਂ ਦੀ ਸਹੂਲਤ ਲਈ ਪੰਜ ਫੁੱਟ ਚੌੜਾ ਰਸਤਾ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲਿਆ ਕਰੇਗਾ। ਅਸੀਂ ਕਿਸੇ ਕਿਸਮ ਦੇ ਜਬਰ ਤੋਂ ਡਰ ਕੇ ਦਿੱਲੀ ਮੋਰਚੇ ਖਾਲੀ ਨਹੀਂ ਕਰਨ ਲੱਗੇ। ਸਰਕਾਰ ਜਿੰਨਾ ਚਿਰ ਮਰਜੀ ਸਾਡਾ ਸਿਰੜ, ਸਿਦਕ ਤੇ ਸਬਰ ਪਰਖ ਲਵੇ। ਅਸੀਂ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਮੋਰਚਿਆਂ 'ਤੇ ਡਟੇ ਰਹਾਂਗੇ।

    ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਮੇਲਾ ਸਿੰਘ ਕੱਟੂ, ਬਲਵੀਰ ਕੌਰ, ਗੁਰਜੰਟ ਸਿੰਘ ਹਮੀਦੀ, ਨਛੱਤਰ ਸਿੰਘ ਸਹੌਰ, ਬਲਵੰਤ ਸਿੰਘ ਠੀਕਰੀਵਾਲਾ,ਉਜਾਗਰ ਸਿੰਘ ਬੀਹਲਾ,ਬਲਜੀਤ ਸਿੰਘ ਚੁਹਾਨਕੇ, ਜਸਪਾਲ ਸਿੰਘ ਚੀਮਾ, ਹਰਚਰਨ ਸਿੰਘ ਚੰਨਾ,ਰਣਧੀਰ ਸਿੰਘ ਰਾਜਗੜ੍ਹ, ਸੁਖਜੰਟ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅੱਜ ਕਾਂਗਰਸੀ ਐਮ.ਪੀ. ਰਵਨੀਤ ਬਿੱਟੂ ਵੱਲੋਂ  ਕਿਸਾਨਾਂ ਨੂੰ ਦਿੱਤੀ ਨਸੀਹਤ ਦੀ ਨਿਖੇਧੀ ਕੀਤੀ।

    ਬਿੱਟੂ ਨੇ ਕਿਹਾ ਸੀ ਕਿ ਰਸਤੇ ਖੁੱਲਣ ਤੋਂ ਬਾਅਦ ਹੁਣ ਕਿਸਾਨ ਦਿੱਲੀ ਵੱਲ ਕੂਚ ਕਰਨ। ਆਗੂਆਂ ਨੇ ਕਿਹਾ ਗਿਆਰਾਂ ਮਹੀਨੇ ਤੋਂ ਵੀ ਵਧੇਰੇ ਸਮੇਂ ਤੋਂ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਖੁਦ ਫੈਸਲਾ ਕਰੇਗੀ ਕਿ ਕਦੋਂ ਕਿਵੇਂ ਦਿੱਲੀ ਵੱਲ ਮਾਰਚ ਕਰਨਾ ਹੈ। ਅਸੀਂ ਆਪਣੇ ਫੈਸਲੇ ਅੰਦੋਲਨ ਵਿੱਚ ਸ਼ਾਮਲ ਜਥੇਬੰਦੀਆਂ ਦੀ ਸਲਾਹ ਅਨੁਸਾਰ ਕਰਦੇ ਹਾਂ, ਕਿਸੇ ਸਿਆਸੀ ਨੇਤਾ ਦੇ ਕਹਿਣ 'ਤੇ ਨਹੀਂ।

    ਸਿਆਸੀ ਪਾਰਟੀਆਂ ਕਿਸਾਨ ਅੰਦੋਲਨ ਦੀ ਹਮਾਇਤ ਦਾ ਸਿਰਫ ਪਾਖੰਡ ਕਰਦੀਆਂ ਹਨ ਅਤੇ ਚੋਣਾਂ ਦੀਆਂ ਗਿਣਤੀਆਂ ਮਿਣਤੀਆਂ ਅਨੁਸਾਰ ਬਿਆਨ ਦਿੰਦੀਆਂ ਹਨ। ਕਿਸਾਨ ਇਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ। ਅੱਜ ਜਗਦੇਵ ਭੁਟਾਲ ਅਤੇ ਨਰਿੰਦਰ ਪਾਲ ਸਿੰਗਲਾ ਨੇ ਗੀਤ ਤੇ ਕਵਿਤਾ ਸੁਣਾਈ।
    Published by:Gurwinder Singh
    First published: