ਮੁਹਾਲੀ ਪੁਲਿਸ ਵੱਲੋਂ ਕੀਤੀ ਬੈਰੀਕੇਡਿੰਗ ਨੂੰ ਤੋੜਦੇ ਹੋਏ ਕਿਸਾਨ ਵਾਈ.ਪੀ.ਐੱਸ. ਚੌਕ ਚੰਡੀਗੜ੍ਹ ਉਤੇ ਪਹੁੰਚ ਗਏ ਹਨ। ਜਿਥੇ ਚੰਗੀਗੜ੍ਹ ਪੁਲਿਸ ਦੀ ਬੈਰੀਕੇਡਿੰਗ ਨੇੜੇ ਧਰਨਾ ਲਾ ਦਿੱਤਾ ਹੈ। ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਿਸਾਨੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੇ ਮਟਕਾ ਚੌਂਕ ਵਿਚ ਧਰਨਾ ਲਾਉਣ ਵਾਲੇ ਬਾਬਾ ਲਾਭ ਸਿੰਘ ਵੀ ਬੈਰੀਕੇਡਿੰਗ ਅੱਗੇ ਪਹੁੰਚ ਗਏ ਹਨ। ਉਨ੍ਹਾਂ ਨੇ ਜ਼ਮੀਨ ਉਤੇ ਲੇਟ ਕੇ ਆਪਣਾ ਰੋਸ ਜ਼ਾਹਿਰ ਕੀਤਾ। ਅਤਿ ਦੀ ਗਰਮੀ ਵਿਚ ਉਨ੍ਹਾਂ ਨੇ ਕੱਪੜੇ ਉਤਾਰ ਕੇ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨ ਦੀ ਅਪੀਲ ਕੀਤੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦੀ ਕੋਸ਼ਿਸ਼ ਹੋਈ ਸੀ ਪਰ ਬੇਸਿੱਟਾ ਰਹੀ। ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ। ਇਸ ਦੌਰਾਨ ਕਿਸਾਨਾਂ ਨੇ ਚੰਡੀਗੜ੍ਹ ਵੱਲ ਮਾਰਚ ਸ਼ੁਰੂ ਕਰ ਦਿੱਤਾ ਹੈ।
ਪੁਲਿਸ ਨੇ ਰਾਹ ਰੋਕਣ ਲਈ ਵਾਈਪੀਐੱਸ ਚੌਕ ’ਤੇ ਜਬਰਦਸਤ ਬੈਰੀਕੇਡਿੰਗ ਕੀਤੀ ਹੋਈ ਹੈ। ਪੱਕਾ ਮੋਰਚਾ ਲਾਉਣ ਲਈ ਕਿਸਾਨ ਆਪਣੇ ਨਾਲ ਟਰਾਲੀਆਂ ਵਿੱਚ ਰਾਸ਼ਨ ਲਿਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਜਿੱਥੇ ਰਾਹ ਰੋਕੇਗੀ, ਉੱਥੇ ਹੀ ਪੱਕਾ ਮੋਰਚਾ ਲਗਾ ਕੇ ਧਰਨੇ 'ਤੇ ਬੈਠ ਜਾਣਗੇ।
ਇਸ ਤੋਂ ਪਹਿਲਾਂ ਅੱਜ ਪੰਜਾਬ ਭਰ ਤੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਬੈਨਰ ਹੇਠ ਕਿਸਾਨ ਇੱਥੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਪਹੁੰਚੇ। ਕਿਸਾਨ ਜੈਕਾਰੇ ਛੱਡਦੇ ਹੋਏ ਵੱਡੇ ਕਾਫਲਿਆਂ ਵਿੱਚ ਪੁੱਜੇ। ਕਿਸਾਨਾਂ ਦਾ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਵੱਲ ਕੂਚ ਕਰਨ ਦਾ ਪ੍ਰੋਗਰਾਮ ਸੀ।
ਗੁਰਦੁਆਰਾ ਅੰਬ ਸਾਹਿਬ ਦੇ ਬਾਹਰ, ਲਾਲ ਬੱਤੀ ਚੌਕ ਫੇਜ-7 ਅਤੇ ਵਾਈਪੀਐਸ ਚੌਕ ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਚੰਡੀਗੜ੍ਹ ’ਚ ਦਾਖਲੇ ਨੂੰ ਰੋਕਣ ਲਈ ਯੂਟੀ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bharti Kisan Union, Kisan andolan