Home /News /punjab /

ਬਠਿੰਡਾ ਵਿਚ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਤੋਂ ਅੱਕੇ ਕਿਸਾਨਾਂ ਵੱਲੋਂ ਨਰਮਾ ਵਾਹੁਣਾ ਸ਼ੁਰੂ  

ਬਠਿੰਡਾ ਵਿਚ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਤੋਂ ਅੱਕੇ ਕਿਸਾਨਾਂ ਵੱਲੋਂ ਨਰਮਾ ਵਾਹੁਣਾ ਸ਼ੁਰੂ  

  • Share this:
    Suraj Bhan

    ਕਿਸੇ ਸ਼ਾਇਰ ਨੇ ਠੀਕ ਹੀ ਲਿਖਿਆ- 'ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰਜਾਣਾ', ਕੁਝ ਇਸ ਤਰ੍ਹਾਂ ਦੇ ਹਾਲਾਤ ਨੇ ਅੱਜਕੱਲ੍ਹ ਬਠਿੰਡਾ ਵਿਚ ਨਰਮਾ ਪੱਟੀ ਕਿਸਾਨਾਂ ਦੇ, ਜਿੱਥੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦਾ ਹਮਲਾ ਇਸ ਕਦਰ ਹੋਇਆ ਕਿ ਕਿਸਾਨਾਂ ਨੂੰ ਪੁੱਤਾਂ ਵਾਂਗ ਪਾਲੀ ਹੋਈ ਫਸਲ ਆਪਣੇ ਹੱਥੀਂ ਟਰੈਕਟਰ ਨਾਲ ਵਾਹੁਣੀ ਪਈ l

    ਕਾਂਗਰਸ ਸਰਕਾਰ ਸਮੇਂ ਨਰਮੇ ਨੂੰ ਪਈ ਗੁਲਾਬੀ ਸੁੰਡੀ ਹੁਣ ਆਪ ਸਰਕਾਰ ’ਚ ਵੀ ਕਿਸਾਨਾਂ ਦਾ ਪਿੱਛਾ ਨਹੀਂ ਛੱਡ ਰਹੀ। ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਵਾਰ ਨਕਲੀ ਬੀਜ ਬਣਾਉਣ ਵਾਲੀਆਂ ਕੰਪਨੀਆਂ ਵਿਰੁੱਧ ਕਾਰਵਾਈ ਕਰਨ ਦਾ ਵਾਅਦਾ ਕਰਦਿਆਂ ਖ਼ੇਤੀਬਾੜੀ ਵਿਭਾਗ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਪੂਰਾ ਚੌਕਸ ਕੀਤਾ ਸੀ, ਪ੍ਰੰਤੂ ਮੁੱਖ ਮੰਤਰੀ ਦੇ ਹੁਕਮ ਵੀ ਬੇਅਸਰ ਸਾਬਤ ਹੋਣ ਲੱਗੇ ਹਨ।

    ਪਿੰਡ ਗੁਰਥੜੀ ਵਿਖੇ ਕਿਸਾਨ ਮੇਵਾ ਸਿੰਘ ਵੱਲੋਂ ਨਰਮੇ ਉਤੇ ਹਜ਼ਾਰਾਂ ਦਾ ਖਰਚ ਕਰਨ ਦੇ ਬਾਵਜੂਦ ਉਸ ਨੂੰ ਢਾਈ ਕਿੱਲਿਆ ਉਤੇ ਟ੍ਰੈਕਟਰ ਚਲਾਉਣਾ ਪੈ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂਆਂ ਵੱਲੋਂ ਪੀੜਤ ਕਿਸਾਨ ਦੇ ਖ਼ੇਤ ਪਹੁੰਚ ਕੇ ਸੂਬਾ ਸਰਕਾਰ ਅਤੇ ਨਕਲੀ ਬੀਜ਼ ਬਣਾਉਣ ਵਾਲੀਆਂ ਕੰਪਨੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।

    ਜਿਕਰਯੋਗ ਹੈ ਕਿ ਕਾਂਗਰਸ ਦੇ ਰਾਜ ’ਚ ਨਰਮੇ ਨੂੰ ਪਈ ਗੁਲਾਬੀ ਸੁੰਡੀ ਨੇ ਇਸ ਵਾਰ ਕਿਸਾਨਾਂ ਦਾ ਮਨ ਨਰਮੇ ਤੋਂ ਫਿੱਕਾ ਪਾ ਦਿੱਤਾ ਸੀ, ਪਿਛਲੀ ਵਾਰ ਬਹੁਤੇ ਕਿਸਾਨਾਂ ਵੱਲੋਂ ਨਰਮੇਂ ਉਤੇ ਹਜ਼ਾਰਾਂ ਦਾ ਖ਼ਰਚ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੇ ਹੱਥ ਕੌਡੀ ਪੱਲੇ ਨਹੀਂ ਪਈ ਸੀ, ਬੇਸ਼ੱਕ ਚੰਨੀ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ੇ ਦਾ ਵੀ ਐਲਾਨ ਕੀਤਾ ਗਿਆ ਸੀ, ਉਹ ਮੁਆਵਜ਼ਾ ਵੀ ਹਾਲੇ ਤੱਕ ਬਹੁਤੇ ਕਿਸਾਨਾਂ ਦੀ ਪਹੁੰਚ ਤੋਂ ਦੂਰ ਹੈ।

    ਇਸ ਵਾਰ ਭਗਵੰਤ ਮਾਨ ਸਰਕਾਰ ਵੱਲੋਂ ਝੋਨੇ ਥੱਲੇ ਰਕਬਾ ਘਟਾ ਕੇ ਕਿਸਾਨਾਂ ਨੂੰ ਦੂਸਰੀਆਂ ਫਸਲਾਂ ਬੀਜਣ ਵੱਲ ਪ੍ਰੇਰਿਤ ਕੀਤਾ ਸੀ, ਬਹੁਤੇ ਕਿਸਾਨਾਂ ਵੱਲੋਂ ਮੁੱਖ ਮੰਤਰੀ ਦੀ ਗੱਲ ਨਾਲ ਸਹਿਮਤ ਹੁੰਦਿਆਂ  ਫਿਰ ਨਰਮੇ ਦੀ ਖ਼ੇਤੀ ਕੀਤੀ ਸੀ। ਖੇਤੀਬਾੜੀ ਵਿਭਾਗ ਵੱਲੋਂ ਵੀ ਨਰਮੇ ਉਤੇ ਗੁਲਾਬੀ ਸੁੰਡੀ ਨਾ ਪੈਣ ਦੀ ਰੋਕਥਾਮ ਲਈ ਸਿਰਤੌੜ ਯਤਨ ਕੀਤੇ ਸਨ, ਪ੍ਰੰਤੂ ਖੇਤੀਬਾੜੀ ਵਿਭਾਗ ਦੇ ਇਹ ਯਤਨ ਫੇਲ੍ਹ ਸਾਬਤ ਹੁੰਦੇ ਨਜਰ ਆ ਰਹੇ ਹਨ।

    ਕਿਸਾਨ ਮੇਵਾ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪ੍ਰਮਾਣਿਤ ਕੀਤੀ ਕੰਪਨੀ ਦਾ ਬੀਜ਼ ਲਿਆ ਕੇ ਖੇਤ ’ਚ ਬੀਜਿਆ ਸੀ, ਹੁਣ ਤੱਕ ਉਹ ਨਰਮੇ ਉਤੇ ਹਜ਼ਾਰਾ ਰੁਪਿਆ ਖ਼ਰਚ ਕਰ ਚੁੱਕਿਆ ਹੈ ਪ੍ਰੰਤੂ ਉਸ ਦੇ ਬਾਵਜੂਦ ਚਿੱਟਾ ਮੱਛਰ ਅਤੇ ਜਿਹੜੇ ਨਰਮੇ ਉਤੇ ਫੁੱਲ ਬਣਦਾ ਹੈ, ਉਸ ਉਤੇ ਗੁਲਾਬੀ ਸੁੰਡੀ ਦਾ ਹਮਲਾ ਰੁਕ ਹੀ ਨਹੀਂ ਰਿਹਾ ਸੀ, ਜਿਸ ਕਾਰਨ ਮਜ਼ਬੂਰੀ ਵੱਸ ਉਸ ਨੂੰ ਨਰਮਾ ਵਾਉਣਾ ਪੈ ਗਿਆ। ਪੀੜਤ ਕਿਸਾਨ ਵੱਲੋਂ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਜੋ ਉਸ ਨੂੰ ਥੋੜਾ ਆਰਥਿਕ ਹੁਲਾਰਾ ਮਿਲ ਸਕੇ।
    Published by:Gurwinder Singh
    First published:

    Tags: Punjab farmers

    ਅਗਲੀ ਖਬਰ