ਸਰਕਾਰਾਂ ਦੀਆਂ ਵਾਅਦਾ-ਖ਼ਿਲਾਫ਼ੀਆਂ ਵਿਰੁੱਧ ਗਰਜੇ ਕਿਸਾਨ, ਤਿੱਖੇ ਸੰਘਰਸ਼ ਦੀ ਚਿਤਾਵਨੀ

News18 Punjab
Updated: May 14, 2019, 10:02 PM IST
ਸਰਕਾਰਾਂ ਦੀਆਂ ਵਾਅਦਾ-ਖ਼ਿਲਾਫ਼ੀਆਂ ਵਿਰੁੱਧ ਗਰਜੇ ਕਿਸਾਨ, ਤਿੱਖੇ ਸੰਘਰਸ਼ ਦੀ ਚਿਤਾਵਨੀ
News18 Punjab
Updated: May 14, 2019, 10:02 PM IST
ਕੇਂਦਰ ਦੀ ਮੋਦੀ ਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਨਾਲ ਕੀਤੀਆਂ ਵਾਅਦਾ-ਖ਼ਿਲਾਫ਼ੀਆਂ ਵਿਰੁੱਧ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਅੱਜ ਦਾਣਾ ਮੰਡੀ ਪਟਿਆਲਾ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਗਈ। ਇਸ ਵਿਸ਼ਾਲ ਰੈਲੀ ਵਿੱਚ ਸਮੁੱਚੇ ਪੰਜਾਬ ਖਾਸ ਕਰ ਮਾਲਵਾ ਬੈਲਟ ਵਿੱਚੋਂ ਹਜ਼ਾਰਾਂ ਦੀ ਤਾਦਾਦ ਵਿਚ ਕਿਸਾਨ ਪੂਰੇ ਜੋਸ਼-ਖਰੋਸ਼ ਨਾਲ ਮੋਦੀ ਅਤੇ ਕੈਪਟਨ ਨੂੰ ਲਲਕਾਰਦੇ ਅਕਾਸ਼ ਗੁੰਜਾਊ ਨਾਹਰੇ ਮਾਰਦੇ ਸ਼ਾਮਲ ਹੋਏ।

ਇਸ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ, ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਕਿਹਾ ਕਿ ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਨਰਿੰਦਰ ਮੋਦੀ ਨੇ ਦੇਸ਼ ਭਰ ਵਿੱਚ ਘੁੰਮ ਘੁੰਮ ਕੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਪ੍ਰਧਾਨ ਮੰਤਰੀ ਬਣਨ ਸਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਵਾਏਗਾ, ਕਿਸਾਨਾਂ ਨੂੰ ਫ਼ਸਲਾਂ ਦੇ ਭਾਅ 50% ਮੁਨਾਫ਼ੇ ਨਾਲ ਦੇਵੇਗਾ ਅਤੇ ਸਾਰੇ ਦੇਸ਼ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰੇਗਾ, ਹਰ ਸਾਲ ਦੋ ਕਰੋੜ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ।

ਇਸੇ ਤਰ੍ਹਾਂ 2017 ਦੀਆਂ ਵਿਧਾਨ ਸਭਾਈ ਚੋਣਾਂ ਮੌਕੇ ਕੈਪਟਨ ਦੇ ਵਾਅਦਾ ਕੀਤਾ ਸੀ ਕਿ ਉਹ ਮੁੱਖ ਮੰਤਰੀ ਬਣਨ ਸਾਰ ਪੰਜਾਬ ਦੇ ਕਿਸਾਨਾਂ ਦੇ ਸਮੁੱਚੇ ਕਰਜ਼ਿਆਂ 'ਤੇ ਲੀਕ ਮਰਵਾ ਦੇਵੇਗਾ ਤੇ ਕਿਸੇ ਕਿਸਾਨ ਦੀ ਕਰਜ਼ੇ ਕਾਰਨ ਜ਼ਮੀਨ ਦੀ ਕੋਈ ਕੁਰਕੀ-ਨਿਲਾਮੀ ਨਹੀਂ ਹੋਵੇਗੀ। ਪਰ ਮੋਦੀ ਤੇ ਕੈਪਟਨ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਵਾਅਦਿਆਂ ਤੋਂ ਮੁੱਕਰ ਗਏ ਹਨ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਉਹ ਕੀਤੇ ਵਾਅਦਿਆਂ ਮੁਤਾਬਿਕ ਭਾਰਤ ਭਰ ਦੇ ਕਿਸਾਨਾਂ ਦੇ 17 ਲੱਖ ਕਰੋੜ ਦੇ ਸਮੁੱਚੇ ਕਰਜ਼ੇ ਉੱਤੇ ਲੀਕ ਮਾਰਨ, ਕਰਜ਼ਦਾਰਾਂ ਦੇ ਘਰ, ਜ਼ਮੀਨਾਂ ਆਦਿ ਦੀਆਂ ਕੁਰਕੀਆਂ-ਨਿਲਾਮੀਆਂ ਤੁਰੰਤ ਬੰਦ ਕੀਤੀਆਂ ਜਾਣ, ਕਿਸਾਨ ਤੋਂ ਲਏ ਚੈੱਕ ਵਾਪਸ ਕੀਤੇ ਜਾਣ, 60 ਸਾਲ ਦੀ ਉਮਰ ਤੋਂ ਬਾਅਦ ਹਰ ਕਿਸਾਨ ਨੂੰ ਚੌਥਾ ਦਰਜਾ ਕਰਮਚਾਰੀ ਦੇ ਬਰਾਬਰ ਬੁਢਾਪਾ ਪੈਨਸ਼ਨ ਦਿੱਤੀ ਜਾਵੇ ਅਤੇ ਸਵਾਮੀਨਾਥਨ ਕਮਿਸ਼ਨ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਨੂੰ ਲਾਗੂ ਕੀਤਾ ਜਾਵੇ।ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਝੋਨੇ ਦੀ ਲਵਾਈ 20 ਜੂਨ ਤੋਂ ਪਿੱਛੇ ਹਟਕੇ 13 ਜੂਨ ਤੋਂ ਕਰਨ ਦਾ ਦਿੱਤਾ ਬਿਆਨ, ਕਿਸਾਨ ਸੰਘਰਸ਼ ਦੀ ਅੰਸ਼ਿਕ ਜਿੱਤ ਹੈ ਪਰ ਇਸ ਨੂੰ ਹੋਰ ਹਫ਼ਤਾ ਪਿੱਛੇ ਕਰਕੇ 6 ਜੂਨ ਤੋਂ ਝੋਨਾ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਕਿਸਾਨ ਆਗੂਆਂ ਨੇ ਚੋਣਾਂ ਸਮੇਂ ਮਹਿਲਾਂ ਵਾਲਿਆਂ ਨੂੰ ਪਟਿਆਲਾ ਆ ਕੇ ਇਸ ਕਰਕੇ ਲਲਕਾਰਿਆ ਹੈ ਕਿ 72ਸਾਲ ਵੋਟਾਂ ਪਾਉਂਦਿਆਂ ਨੂੰ ਬੀਤ ਗਏ ਹਨ,ਪਰ ਕਿਸਾਨਾਂ ਸਿਰ ਕਰਜ਼ੇ ਕਰਜ਼ੇ ਦੀ ਪੰਡ ਦਿਨੋ-ਦਿਨ ਭਾਰੀ ਹੁੰਦੀ ਜਾ ਰਹੀ ਹੈ, ਇਕੱਲੇ ਪੰਜਾਬ ਦੇ ਕਿਸਾਨਾਂ ਸਿਰ ਹੀ ਕਰਜੇ ਦੀ ਪੰਡ ਦਾ ਅਕੜਾ 90 ਹਜ਼ਾਰ ਕਰੋੜ ਨੂੰ ਪਾਰ ਕਰ ਗਿਆ ਹੈ। ਆਗੂਆਂ ਕਿਹਾ ਕਿ ਖੇਤੀ ਸੰਕਟ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖਾ ਹੋਵੇਗਾ।

 
First published: May 14, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...