
ਬੈਂਕ ਕੈਸ਼ ਦੀ ਲੁੱਟ-ਖੋਹ ਮਾਮਲੇ 'ਚ ਸਹਾਇਕ ਮੈਨੇਜਰ ਸਮੇਤ ਦੋ ਕਾਬੂ, ਤਿੰਨ 'ਤੇ ਮਾਮਲਾ ਦਰਜ
Surinder Goyal
ਬੀਤੇ 12 ਮਈ ਨੂੰ ਮੁਕਤਸਰ ਜਲਾਲਾਬਾਦ ਰੋਡ ਉਤੇ ਦਿਨ ਦਿਹਾੜੇ ਕੋਟਕ ਮਹਿੰਦਰਾ ਬੈਂਕ ਦੇ ਮੁਲਾਜ਼ਮਾਂ ਤੋਂ 45 ਲੱਖ ਰੁਪਏ ਖੋਹਣ ਦੀ ਵਾਰਦਾਤ ਨੂੰ ਪੁਲੀਸ ਨੇ 72 ਘੰਟਿਆਂ ਵਿਚ ਹੱਲ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਅਮੀਰ ਖਾਸ ਪੁਲੀਸ ਨੇ ਇਸ ਸਬੰਧ ਵਿੱਚ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿਚੋਂ ਦੋ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਇਕ ਆਰੋਪੀ ਫਰਾਰ ਦੱਸਿਆ ਜਾ ਰਿਹਾ ਹੈ ।
ਅੱਜ ਸਥਾਨਕ ਨਗਰ ਕੌਂਸਲ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਡੀਆਈਜੀ ਹਰਦਿਆਲ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਿਚ ਬੈਂਕ ਦਾ ਡਿਪਟੀ ਮੈਨੇਜਰ ਗੁਰਪ੍ਰਤਾਪ ਸਿੰਘ, ਡਾ ਪਰਮਜੀਤ ਸਿੰਘ ਵਾਸੀ ਪ੍ਰਭਾਤ ਸਿੰਘ ਵਾਲਾ ਉਤਾਡ਼ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਹੱਸਤੇ ਕੇ ਥਾਣਾ ਸਦਰ ਫਿਰੋਜ਼ਪੁਰ ਸ਼ਾਮਲ ਹਨ। ਇਨ੍ਹਾਂ ਵਿਚੋਂ ਦੋ ਮੁਲਜ਼ਮਾਂ ਗੁਰਪ੍ਰਤਾਪ ਸਿੰਘ ਅਤੇ ਡਾ ਪਰਮਜੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਅਜੇ ਤੱਕ ਫ਼ਰਾਰ ਹੈ।
ਡੀ ਆਈ ਜੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਦੋਸ਼ੀਆਂ ਤੋਂ 45 ਲੱਖ ਰੁਪਏ ਦੀ ਸਾਰੀ ਦੀ ਸਾਰੀ ਨਕਦੀ, ਇਕ ਰਿਵਾਲਵਰ ਬੱਤੀ ਬੋਰ ਸਮੇਤ ਜ਼ਿੰਦਾ ਕਾਰਤੂਸ ਬਰਾਮਦ ਕਰ ਲਏ ਗਏ ਹਨ। ਐਸਐਸਪੀ ਫਾਜ਼ਿਲਕਾ ਦੀਪਕ ਹਿਲੌਰੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਪ੍ਰਤਾਪ ਸਿੰਘ ਡਿਪਟੀ ਮੈਨੇਜਰ ਕੋਟਕ ਮਹਿੰਦਰਾ ਬੈਂਕ ਅਤੇ ਦੋਸ਼ੀ ਡਾਕਟਰ ਪਰਮਜੀਤ ਸਿੰਘ ਆਪਸ ਵਿੱਚ ਕਲਾਸਮੇਟ ਹਨ ਅਤੇ ਪਿਛਲੇ ਵੀਹ ਸਾਲਾਂ ਦੇ ਇੱਕ ਦੂਜੇ ਨੂੰ ਜਾਣਦੇ ਹਨ । ਇਨ੍ਹਾਂ ਨੇ ਇੱਕ ਦੂਜੇ ਨਾਲ ਰਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਦੋਸ਼ੀ ਪਰਮਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਉੱਪਰ ਪਹਿਲਾਂ ਵੀ ਮਾਮਲੇ ਦਰਜ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।