ਫ਼ਾਜ਼ਿਲਕਾ: ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਪਰੇਸ਼ਾਨ ਕਿਸਾਨਾਂ ਨੇ ਰੋਸ ਜ਼ਾਹਿਰ ਕਰਨ ਲਈ ਆਵਾਰਾ ਪਸ਼ੂਆਂ ਦੀਆਂ ਟਰਾਲੀਆਂ ਭਰ ਕੇ DC ਦਫ਼ਤਰ ਮੂਹਰੇ ਜਾ ਖੜੀਆਂ ਕਰ ਦਿੱਤੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਤੋਂ ਆਵਾਰਾ ਪਸ਼ੂਆਂ ਦੀ ਵੱਡੀ ਸਮੱਸਿਆ ਕਿਸਾਨਾਂ ਅਤੇ ਆਮ ਲੋਕਾਂ ਨੂੰ ਬਣੀ ਹੋਈ ਹੈ। ਇਹ ਆਵਾਰਾ ਪਸ਼ੂ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਦਿੰਦੇ ਹਨ।
ਇਸ ਲਈ ਕਿਸਾਨਾਂ ਨੂੰ ਠੰਢ ਦੇ ਮੌਸਮ ਵਿੱਚ ਰਾਖੀ ਵਾਸਤੇ ਆਪੋ-ਆਪਣੇ ਖੇਤਾਂ 'ਚ ਰਾਤਾਂ ਗੁਜ਼ਾਰਨੀਆਂ ਪੈਂਦੀਆਂ ਹਨ ਅਤੇ ਕਈ ਵਾਰੀ ਕਿਸਾਨਾਂ ਦਾ ਆਪਸੀ ਟਕਰਾਅ ਹੋਣ ਕਰ ਕੇ ਲੜਾਈਆਂ ਤੱਕ ਦੀ ਨੌਬਤ ਵੀ ਆ ਜਾਂਦੀ ਹੈ।
ਇਨ੍ਹਾਂ ਆਵਾਰਾ ਪਸ਼ੂਆਂ ਦੇ ਵੱਡੇ-ਵੱਡੇ ਝੁੰਡ ਸੜਕਾਂ 'ਤੇ ਘੁੰਮਦੇ ਹਨ ਜਿਸ ਕਰ ਕੇ ਐਕਸੀਡੈਂਟ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਲੋੜੀਂਦੇ ਕਦਮ ਨਾ ਚੁੱਕੇ ਤਾਂ ਆਉਣ ਵਾਲੇ ਦਿਨਾਂ 'ਚ ਪਸ਼ੂਆਂ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਛੱਡਣ ਲਈ ਮਜਬੂਰ ਹੋਣਾ ਪਵੇਗਾ। ਕਿਸਾਨਾਂ ਦਾ ਕਹਿਣਾ ਸੀ ਕਿ ਇਸ ਲਈ ਇਨ੍ਹਾਂ ਪਸ਼ੂਆਂ ਦੀ ਸਰਕਾਰੀ ਤੌਰ 'ਤੇ ਸਾਂਭ-ਸੰਭਾਲ ਲਈ ਪੰਜਾਬ ਸਰਕਾਰ ਨੂੰ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਕਿਸਾਨਾਂ ਅਤੇ ਸੂਬੇ ਦੇ ਹੋਰ ਵਰਗਾਂ ਨੂੰ ਪਸ਼ੂਆਂ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।