ਵਿਨੇ ਹਾਂਡਾ
ਫ਼ਿਰੋਜ਼ਪੁਰ: ਪੰਜਾਬ ਦੇ ਵੱਖ ਵੱਖ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਵਿਚ ਕੰਮ ਕਰਦੇ ਜੂਨੀਅਰ ਇੰਜ਼ੀਨੀਅਰ, ਸਹਾਇਕ ਇੰਜ਼ੀਨੀਅਰ, ਪਦ ਉੱਨਤ ਮੰਡਲ ਇੰਜ਼ੀਨੀਅਰਾਂ ਦੀ ਸਾਂਝੀ ਜਥੇਬੰਦੀ ਕੌਂਸਲ ਆਫ ਡਿਪਲੋਮਾ ਇੰਜ਼ੀਨੀਅਰਜ਼ ਪੰਜਾਬ ਵੱਲੋਂ 6ਵੇਂ ਪੇ ਕਮਿਸ਼ਨ ਵਿਚ ਇੰਜ਼ੀਨੀਅਰ ਵਰਗ ਨਾਲ ਧੱਕੇ ਦੇ ਸਬੰਧ ਵਿਚ ਫਿਰੋਜ਼ਪੁਰ ਵਿਖੇ ਸ਼ਾਂਤਮਈ ਰੋਸ ਧਰਨਾ ਦਿੱਤਾ।
ਜ਼ਿਕਰਯੋਗ ਹੈ ਕਿ ਕੌਂਸਲ ਵੱਲੋਂ 22 ਜੂਨ 2021 ਨੂੰ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਪੇ ਕਮਿਸ਼ਨ ਦੀ ਰਿਪੋਰਟ ਦੀਆਂ ਤਰੁੱਟੀਆਂ ਦੂਰ ਕਰਨ ਲਈ ਸੰਕੇਤਕ ਰੋਸ ਧਰਨੇ ਲਗਾਏ ਗਏ ਸਨ। 1 ਜੁਲਾਈ 2021 ਨੂੰ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਕੌਂਸਲ ਮੈਂਬਰਾਂ ਵੱਲੋਂ ਪੇ ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ। ਇਸੇ ਦੌਰਾਨ ਪੰਜਾਬ ਸਰਕਾਰ ਤੇ ਮੰਤਰੀ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਗਏ।
ਜਥੇਬੰਦੀ ਨੇ ਆਖਿਆ ਕਿ 18 ਤੋਂ 20 ਅਗਸਤ ਤੱਕ ਕਲਮ ਛੋੜ ਹੜਤਾਲ ਕਰਕੇ ਜ਼ਿਲ੍ਹਾ ਪੱਧਰ 'ਤੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਰੋਸ ਧਰਨੇ ਦੇਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੇ ਸਿੱਟੇ ਵਜੋਂ ਵੀਰਵਾਰ ਜ਼ਿਲ੍ਹਾ ਕੰਪਲੈਕਸ ਫਿਰੋਜ਼ਪੁਰ ਵਿਖੇ ਸਮੂਹ ਵਿਭਾਗਾਂ ਦੇ ਜੂਨੀਅਰ ਇੰਜ਼ੀਨੀਅਰ, ਸਹਾਇਕ ਇੰਜ਼ੀਨੀਅਰ, ਪਦ ਉੱਨਤ, ਉਪ ਮੰਡਲ ਇੰਜ਼ੀਨੀਅਰ ਅਤੇ ਪਤ ਉੱਨਤ ਕਾਰਜਕਾਰੀ ਇੰਜ਼ੀਨੀਅਰਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ।
ਧਰਨੇ ਵਿਚ ਕੌਂਸਲ ਆਫ ਡਿਪਲੋਮਾ ਇੰਜ਼ੀਨੀਅਰ ਐਸੋਸੀਏਸ਼ਨ ਦੇ ਕਨਵੀਨਰ ਅਵਤਾਰ ਸਿੰਘ ਅਤੇ ਕੋ-ਕਨਵੀਨਰ ਜਗਜੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਇੰਜ਼ੀਨੀਅਰ ਵਰਗ ਨਾਲ ਸਬੰਧਤ ਪੇ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਨਾ ਕੀਤਾ ਗਿਆ ਤਾਂ ਪੰਜਾਬ ਦੇ ਸਮੂਹ ਇੰਜ਼ੀਨੀਅਰ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਵਿਕਾਸ ਦੇ ਕੰਮ ਬੰਦ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੰਡਲ ਇੰਜ਼. ਜਸਵੰਤ ਸਿੰਘ, ਅਜੀਤ ਸਿੰਘ, ਨਿਰਮਲ ਸਿੰਘ, ਪਲਵਿੰਦਰ ਸਿੰਘ ਵੀ ਹਾਜ਼ਰ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Engineer, Ferozpur, Protest, Protest march, Punjab government