ਵਿਨੇ ਹਾਂਡਾ
ਫ਼ਿਰੋਜ਼ਪੁਰ: ਫਿਰੋਜ਼ਪੁਰ ਦੇ ਪਿੰਡ ਵਜੀਦਪੁਰ 'ਚ ਸ਼ਰੇਆਮ ਚਿੱਟੇ ਦੀ ਵਿਕਰੀ ਦੀਆਂ ਰਿਪੋਰਟਾਂ ਨੂੰ ਲੈ ਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਖਤ ਨੋਟਿਸ ਲਿਆ ਹੈ। ਉਪ ਮੁੱਖ ਮੰਤਰੀ ਨੇ ਐਸ.ਐਸ.ਪੀਜ ਨੂੰ ਇਸ ਮਾਮਲੇ ਵਿੱਚ ਨਿੱਜੀ ਦਖਲ ਦੇ ਕੇ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਹੁਕਮਾਂ ਵਿੱਚ ਨਸ਼ਾ ਵੇਚਣ ਵਾਲਿਆਂ ਦੀ ਜਾਇਦਾਦ ਅਟੈਚ ਕਰਨ ਲਈ ਕਾਨੂੰਨ ਅਨੁਸਾਰ ਕਾਰਵਾਈ ਆਰੰਭਣ ਲਈ ਵੀ ਕਿਹਾ ਹੈ।
ਰੰਧਾਵਾ ਨੇ ਐਸਐਸਪੀ ਨੂੰ ਬਾਕਾਇਦਾ ਪੱਤਰ ਜਾਰੀ ਕਰਕੇ ਨਸ਼ਿਆਂ ਦੇ ਮਾਮਲੇ ਵਿੱਚ ਠੋਸ ਕਾਰਵਾਈ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਅਨੁਸ਼ਾਸਨੀ ਕਾਰਵਾਈ ਆਰੰਭਣ ਲਈ ਵੀ ਕਿਹਾ ਹੈ। ਇਹ ਸਾਰੀ ਕਾਰਵਾਈ ਕਰ ਕੇ ਤਿੰਨ ਦਿਨਾਂ ਦੇ ਅੰਦਰ ਰਿਪੋਰਟ ਦੇਣ ਲਈ ਆਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਦੇ ਪਿੰਡ ਵਜੀਦਪੁਰ ਵਿਖੇ ਸ਼ਰੇਆਮ ਚਿੱਟੇ ਦਾ ਕਾਲਾ ਕਰੋਬਾਰ ਹੋ ਰਿਹਾ ਹੈ। ਸਮਾਜ ਵਿਰੋਧੀ ਅਨਸਰਾਂ ਦੀ ਬਦਮਾਸ਼ੀ ਇਸ ਹੱਦ ਤੱਕ ਵਧੀ ਹੋਈ ਹੈ ਕਿ ਲੋਕ ਡਰਦੇ ਮਾਰੇ ਮੂੰਹ ਨਹੀਂ ਖੋਲਦੇ। ਜਿਹੜਾ ਵੀ ਕੋਈ ਕਦੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਅਤੇ ਜਿਊਣਾ ਮੁਹਾਲ ਕਰ ਦਿੱਤਾ ਜਾਂਦਾ ਹੈ।
ਆਖ਼ਰ ਇੱਕ ਨੌਜਵਾਨ ਦੀ ਪੁਕਾਰ ਸੁਣ ਕੇ ਪੁਲਿਸ ਭਾਰੀ ਬਲ ਲੈ ਕੇ ਪਿੰਡ ‘ਚ ਦਬਿਸ਼ ਦੇਣ ਪੁੱਜੀ। ਘਰ-ਘਰ ਦੀ ਤਲਾਸ਼ੀ ਵੀ ਲਈ ਗਈ, ਪਰ ਹੱਥ ਕੁੱਝ ਨਹੀਂ ਲੱਗਿਆ। ਜਾਣਕਾਰੀ ਮੁਤਾਬਕ ਪਾਸਟਰ ਜੈਪਾਲ ਪਿਛਲੇ ਲੰਮੇ ਸਮੇਂ ਤੋਂ ਪਿੰਡ ਵਿੱਚ ਨਸ਼ਾ ਤਸਕਰੀ ਦੇ ਮੁੱਦੇ ਨੂੰ ਲੈ ਕੇ ਆਵਾਜ਼ ਉਠਾ ਰਿਹਾ ਹੈ। ਕਈ ਵਾਰ ਉਸ ਨੇ ਫ਼ੇਸਬੁੱਕ ‘ਤੇ ਲਾਈਵ ਹੋ ਕੇ ਪਿੰਡ ਦੇ ਹਾਲਾਤ ਬਾਰੇ ਇਲਾਕੇ ‘ਚ ਪੁਲਿਸ ਤੇ ਪ੍ਰਸ਼ਾਸਨ ਨੂੰ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਨਸ਼ਾ ਤਸਕਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਸਕੀ। ਵੇਖੋ ਇਸ ਰਿਪੋਰਟ ‘ਚ ਪਿੰਡ ‘ਚ ਨਸ਼ੇ ਕਾਰਨ ਕੀ ਹਾਲਾਤ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Drugs, Ferozpur, Police, Punjab government, Punjab Police, SSP